ਪੈਨਸ਼ਨਰਾਂ ਨੇ ਪਾਵਰਕੌਮ ਦੇ ਦਫ਼ਤਰ ਅੱਗੇ ਲਾਇਆ ਧਰਨਾ

0
42

ਪਾਵਰਕੌਮ ਦੇ ਮੁੱਖ ਦਫ਼ਤਰ ਅੱਗੇ ਧਰਨਾ ਦਿੰਦੇ ਹੋਏ ਬਿਜਲੀ ਪੈਨਸ਼ਨਰਜ਼।

ਪਟਿਆਲਾ, 10 ਦਸੰਬਰ
ਇਥੇ ਪਾਵਰਕੌਮ ਦੇ ਮੁੱਖ ਦਫ਼ਤਰ ਅੱਗੇ ਅੱਜ ਪੰਜਾਬ ਭਰ ’ਚੋਂ ਪੁੱਜੇ ਪਾਵਰਕੌਮ ਤੇ ਟਰਾਂਸਕੋ ਦੇ ਬਿਜਲੀ ਪੈਨਸ਼ਨਰਜ਼ ਨੇ ਧਰਨਾ ਦੇਣ ਮਗਰੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ‘ਨਿਊ ਮੋਤੀ ਮਹਿਲ’ ਵੱਲ ਚਾਲੇ ਪਾ ਦਿੱਤੇ। ਇਸ ਦੌਰਾਨ ਫੁਹਾਰਾ ਚੌਕ ਕੋਲ ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਰੋਕ ਲਿਆ, ਜਿਸ ਦੇ ਵਿਰੋਧ ਵਿਚ ਕਾਰਕੁਨਾਂ ਨੇ ਉੱਥੇ ਹੀ ਧਰਨਾ ਲਾ ਦਿੱਤਾ। ਇਸ ਦੌਰਾਨ ਦੋਵੇਂ ਧਿਰਾਂ ਆਪਸ ਵਿਚ ਖਹਿਬੜ ਵੀ ਪਈਆਂ। ਆਖਰ ਪਾਵਰਕੌਮ ਦੇ ਡਾਇਰੈਕਟਰ (ਪ੍ਰਬੰਧਕੀ) ਆਰ.ਪੀ. ਪਾਂਡਵ ਨੇ ਧਰਨੇ ’ਚ ਪਹੁੰਚ ਕੇ ਮੰਗ ਪੱਤਰ ਲੈਂਦਿਆਂ ਪੈਨਸ਼ਨਰਜ਼ ਦਾ ਮਸਲਾ ਹੱਲ ਕਰਨ ਦਾ ਭਰੋਸਾ ਦਿਵਾ ਕੇ ਕਾਰਕੁਨਾਂ ਨੂੰ ਸ਼ਾਂਤ ਕਰਵਾਇਆ।
ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਸਟੇਟ ਪਾਵਰ ਅਤੇ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਦੇ ਸੱਦੇ ’ਤੇ ਪੰਜਾਬ ਦੇ ਕੋਨੇ-ਕੋਨੇ ਤੋਂ ਬਿਜਲੀ ਪੈਨਸ਼ਨਰਜ਼ ਜਥੇਬੰਦੀ ਦੇ ਸੂਬਾ ਪ੍ਰਧਾਨ ਅਵਿਨਾਸ਼ ਚੰਦਰ ਸ਼ਰਮਾ ਦੀ ਅਗਵਾਈ ਹੇਠ ਵਹੀਰਾਂ ਘੱਤ ਕੇ ਪਾਵਰਕੌਮ ਅਤੇ ਟਰਾਂਸਮਿਸ਼ਨ ਕਾਰਪੋਰੇਸ਼ਨ ਦੇ ਮੁੱਖ ਦਫਤਰ ਅੱਗੇ ਇਕੱਠੇ ਹੋਏ। ਇਥੇ ਲਗਾਏ ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਧਨਵੰਤ ਸਿੰਘ ਭੱਠਲ ਨੇ ਆਖਿਆ ਕਿ ਪੰਜਾਬ ਸਰਕਾਰ ਅਤੇ ਪਾਵਰਕੌਮ ਬਿਜਲੀ ਪੈਨਸ਼ਨਰਜ਼ ਦੀਆਂ ਮੰਗਾਂ ਮੰਨਣ ਤੋਂ ਇਨਕਾਰੀ ਹਨ। ਉਨ੍ਹਾਂ ਦੱਸਿਆ ਕਿ ਛੇਵਾਂ ਤਨਖਾਹ ਕਮਿਸ਼ਨ ਲਾਗੂ ਕਰਨਾ, ਬਿਜਲੀ ਕਨਸੈਸ਼ਨ ਦੇਣਾ, ਕੈਸ਼ਲੈੱਸ ਟਰੀਟਮੈਂਟ ਸਕੀਮ ਮੁੜ ਲਾਗੂ ਕਰਨਾ, ਡੀਏ ਦੀਆਂ ਕਿਸ਼ਤਾਂ ਦਾ 22 ਮਹੀਨਿਆਂ ਦਾ ਬਕਾਇਆ ਨਾ ਦੇਣਾ ਆਦਿ ਉਨ੍ਹਾਂ ਦੀਆਂ ਮੁੱਖ ਮੰਗਾਂ ਹਨ। ਉਨ੍ਹਾਂ ਕਿਹਾ ਕਿ ਮੰਗਾਂ ਨਾ ਮੰਨੇ ਜਾਣ ਕਾਰਨ ਪੈਨਸ਼ਨਰਜ਼ ਵਿਚ ਆਏ ਦਿਨ ਰੋਸ ਦੀ ਲਹਿਰ ਵਧ ਰਹੀ ਹੈ। ਸੂਬਾ ਪ੍ਰਧਾਨ ਅਵਿਨਾਸ਼ ਸ਼ਰਮਾ ਅਤੇ ਹੋਰ ਆਗੂਆਂ ਨੇ ਕਿਹਾ ਕਿ ਮੰਗਾਂ ਤੇ ਮਸਲੇ ਲੰਮੇ ਸਮੇਂ ਤੋਂ ਜਿਉਂ ਦੇ ਤਿਉਂ ਪਏ ਹੋਣ ਕਾਰਨ ਆਖ਼ਰ ਪੈਨਸ਼ਨਰਜ਼ ਨੂੰ ਮਜਬੂਰ ਹੋ ਕੇ ਸੰਘਰਸ਼ ਦਾ ਰਾਹ ਅਖਤਿਆਰ ਕਰਨਾ ਪਿਆ ਹੈ। ਉਨ੍ਹਾਂ ਪੰਜਾਬ ਸਰਕਾਰ ਅਤੇ ਪਾਵਰਕੌਮ ਦੀ ਮੈਨੇਜਮੈਂਟ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।
ਧਰਨੇ ਦੌਰਾਨ ਪ੍ਰਦਸ਼ਨਕਾਰੀਆਂ ਨੇ ਪਾਵਕਰੌਮ ਦੇ ਡਾਇਰੈਕਟਰ ਪ੍ਰਬੰਧਕੀ ਆਰ.ਪੀ. ਪਾਂਡਵ ਨੂੰ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਸੌਂਪਿਆ। ਇਸ ਦੌਰਾਨ ਡਾਇਰੈਕਟਰ ਨੇ ਚੋਣ ਜ਼ਾਬਤਾ ਹਟਣ ਮਗਰੋਂ ਬਿਜਲੀ ਮੰਤਰੀ ਨਾਲ ਦੁਵੱਲੀ ਗੱਲਬਾਤ ਕਰਵਾਉਣ ਦਾ ਭਰੋਸਾ ਦਿੱਤਾ। ਰੋਸ ਧਰਨੇ ਵਿਚ ਹੋਰਨਾਂ ਤੋਂ ਇਲਾਵਾ ਗੁਰਨਾਮ ਸਿੰਘ ਗਿੱਲ ਲੁਧਿਆਣਾ, ਰਾਧੇ ਸ਼ਿਆਮ ਰੋਪੜ, ਪ੍ਰਕਾਸ਼ ਚੰਦਰ ਮੁਕਤਸਰ, ਪ੍ਰੇਮ ਸੁੱਖ ਹੁਸ਼ਿਆਰਪੁਰ ਤੋਂ ਇਲਾਵਾ ਹੋਰ ਕਾਰਕੁਨ ਹਾਜ਼ਰ ਸਨ।

LEAVE A REPLY