ਕਰਤਾਰਪੁਰ ਲਾਂਘਾ: ਪਾਕਿ ਵੱਲੋਂ ਸਿੱਧੂ ਨੂੰ ਨੀਂਹ ਪੱਥਰ ਸਮਾਗਮ ਲਈ ਸੱਦਾ

0
19

ਚੰਡੀਗੜ੍ਹ, 23 ਨਵੰਬਰ
ਪਾਕਿਸਤਾਨ ਸਰਕਾਰ ਨੇ ਪੰਜਾਬ ਦੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਸਮਾਗਮ ਲਈ ਸੱਦਾ ਭੇਜਿਆ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ 28 ਨਵੰਬਰ ਨੂੰ ਪਾਕਿਸਤਾਨ ਵਾਲੇ ਪਾਸੇ ਨੀਂਹ ਪੱਥਰ ਰੱਖ ਕੇ ਲਾਂਘੇ ਦੇ ਨਿਰਮਾਣ ਦਾ ਕੰਮ ਸ਼ੁਰੂ ਕਰਾਉਣ ਦਾ ਐਲਾਨ ਕੀਤਾ ਹੈ। ਇਸੇ ਤਰ੍ਹਾਂ ਭਾਰਤ ਸਰਕਾਰ ਵੱਲੋਂ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 26 ਨਵੰਬਰ ਨੂੰ ਇਸ ਲਾਂਘੇ ਦਾ ਨੀਂਹ ਪੱਥਰ ਰੱਖਣਗੇ।
ਨਵਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ 28 ਨਵੰਬਰ ਨੂੰ ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਨੀਂਹ ਪੱਥਰ ਰੱਖਣ ਮੌਕੇ ਪ੍ਰੋਗਰਾਮ ਲਈ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗੁਆਂਢੀ ਮੁਲਕ ਦੇ ਵਿਦੇਸ਼ ਮੰਤਾਰਲੇ ਨੇ ਰਸਮੀ ਸੱਦਾ ਭੇਜਣ ਦੀ ਗੱਲ ਵੀ ਕਹੀ ਹੈ। ਸ੍ਰੀ ਸਿੱਧੂ ਨੇ ਕਿਹਾ ਕਿ ਜੇਕਰ ਭਾਰਤ ਸਰਕਾਰ ਨੇ ਪਾਕਿਸਤਾਨ ਜਾਣ ਦੀ ਇਜਾਜ਼ਤ ਦਿੱਤੀ ਤਾਂ 28 ਨਵੰਬਰ ਨੂੰ ਨੀਂਹ ਪੱਥਰ ਰੱਖਣ ਦੀ ਰਸਮ ਮੌਕੇ ਜ਼ਰੂਰ ਹਾਜ਼ਰ ਹੋਣਗੇ। ਦੱਸਣਯੋਗ ਹੈ ਕਿ ਨਵਜੋਤ ਸਿੱਧੂ 18 ਅਗਸਤ ਨੂੰ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਹੋਣ ਲਈ ਗਏ ਸਨ। ਉਸ ਮੌਕੇ ਮੰਤਰੀ ਵੱਲੋਂ ਕਰਤਾਰਪੁਰ ਲਾਂਘਾ ਖੁੱਲ੍ਹਵਾਉਣ ਲਈ ਸ਼ੁਰੂ ਕੀਤੀ ਗੱਲਬਾਤ ਦੀ ਕਾਫ਼ੀ ਸ਼ਲਾਘਾ ਹੋਈ। ਪਾਕਿਸਤਾਨ ਸਰਕਾਰ ਨੇ ਕਰਤਾਰਪੁਰ ਲਾਂਘਾ ਖੋਲ੍ਹਣ ਦਾ ਐਲਾਨ ਅਗਸਤ ਵਿਚ ਹੀ ਕਰ ਦਿੱਤਾ ਸੀ।
ਇਸੇ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਭੇਜੇ ਪੱਤਰ ਰਾਹੀਂ ਕਿਹਾ ਹੈ ਕਿ ਕਰਤਾਰਪੁਰ ਲਾਂਘੇ ਦੀ ਦਿਸ਼ਾ ਵਿਚ ਪਹਿਲਕਦਮੀ ਸਦਕਾ ਸਿੱਖ ਸੰਗਤ ਵਿਚ ਆਸ ਦੀ ਕਿਰਨ ਜਾਗੀ ਹੈ। ਸ੍ਰੀ ਸਿੱਧੂ ਨੇ ਕਿਹਾ, ‘‘ਮੇਰੀ ਪਾਕਿਸਤਾਨ ਫੇਰੀ ਦੌਰਾਨ ਮੈਨੂੰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਸਬੰਧੀ ਪਾਕਿਸਤਾਨ ਦੇ ਇਰਾਦੇ ਤੋਂ ਜਾਣੂ ਕਰਵਾਇਆ ਗਿਆ ਸੀ ਅਤੇ ਪਾਕਿਸਤਾਨ ਦੇ ਮੰਤਰੀ ਫਵਾਦ ਚੌਧਰੀ ਵੱਲੋਂ ਦਿੱਤੀ ਜਾਣਕਾਰੀ ਤੋਂ ਪਾਕਿਸਤਾਨ ਦਾ ਪੱਖ ਹੋਰ ਵੀ ਸਪੱਸ਼ਟ ਹੋ ਗਿਆ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਵੱਲੋਂ 28 ਨਵੰਬਰ ਨੂੰ ਇਮਰਾਨ ਖ਼ਾਨ ਵੱਲੋਂ ਲਾਂਘੇ ਦਾ ਨੀਂਹ ਪੱਥਰ ਰੱਖਣ ਦੀ ਗੱਲ ਕਹਿਣਾ ਇਸ ਦੀ ਹੋਰ ਵੀ ਪੁਸ਼ਟੀ ਕਰਦਾ ਹੈ।’’ ਸ੍ਰੀ ਸਿੱਧੂ ਨੇ ਕਿਹਾ ਕਿ ਉਹ ਅਰਦਾਸ ਕਰਦੇ ਹਨ ਕਿ ਸਾਡੀਆਂ ਕੋਸ਼ਿਸ਼ਾਂ ਨੂੰ ਬੂਰ ਪਵੇ ਤੇ ਦੁਵੱਲੇ ਰਿਸ਼ਤਿਆਂ ਵਿਚ ਵੀ ਸੁਧਾਰ ਆਵੇ।

LEAVE A REPLY