ਕਲੋਨੀਆਂ ’ਚ ਬਿਜਲੀ ਦੇ 800 ਨਵੇਂ ਕੁਨੈਕਸ਼ਨ ਦਿੱਤੇ

0
55

ਮਨਜ਼ੂਰੀ ਪੱਤਰ ਵੰਡਦੇ ਹੋਏ ਪਸ਼ੂ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਬਲਬੀਰ ਸਿੰਘ ਸਿੱਧੂ।

ਐਸ.ਏ.ਐਸ. ਨਗਰ (ਮੁਹਾਲੀ), 29 ਅਕਤੂਬਰ
ਪੰਜਾਬ ਵਿੱਚ ਕੈਪਟਨ ਸਰਕਾਰ ਬਿਜਲੀ ਦੀ ਪੈਦਾਵਾਰ ਵਧਾਉਣ ਦੇ ਨਾਲ ਨਾਲ ਆਮ ਲੋਕਾਂ ਨੂੰ ਲੋੜ ਅਨੁਸਾਰ ਘਰੇਲੂ ਬਿਜਲੀ, ਕਿਸਾਨਾਂ ਨੂੰ ਸਿੰਚਾਈ ਲਈ ਪਾਵਰ ਸਪਲਾਈ ਦੇਣ ਲਈ ਯਤਨਸ਼ੀਲ ਹੈ। ਇਹ ਗੱਲ ਪਸ਼ੂ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਲੋੜਵੰਦ ਲੋਕਾਂ ਨੂੰ ਘਰੇਲੂ ਬਿਜਲੀ ਸਪਲਾਈ ਦੇਣ ਲਈ ਨਵੇਂ ਮੀਟਰ ਅਤੇ ਮਨਜ਼ੂਰੀ ਪੱਤਰ ਵੰਡਣ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਆਖੀ। ਉਨ੍ਹਾਂ ਬੜਮਾਜਰਾ ਕਲੋਨੀ ਲਈ 500 ਤੇ ਵਾਲਮੀਕ ਕਲੋਨੀ ਵਿੱਚ 300 ਨਵੇਂ ਕੁਨੈਕਸ਼ਨ ਅਤੇ ਮਨਜ਼ੂਰੀ ਪੱਤਰ ਵੰਡੇ।
ਸ੍ਰੀ ਸਿੱਧੂ ਨੇ ਦੱਸਿਆ ਕਿ ਪਹਿਲਾਂ ਇਨ੍ਹਾਂ ਕਲੋਨੀਆਂ ਵਿੱਚ ਰਹਿੰਦੇ ਗਰੀਬ ਲੋਕਾਂ ਦੇ ਘਰਾਂ ਨੂੰ ਪ੍ਰਾਈਵੇਟ ਠੇਕੇਦਾਰ ਵੱਲੋਂ ਬਿਜਲੀ ਦੀ ਸਪਲਾਈ ਕਾਫੀ ਮਹਿੰਗੇ ਭਾਅ ’ਤੇ ਕੀਤੀ ਜਾਂਦੀ ਸੀ ਪ੍ਰੰਤੂ ਹੁਣ ਸਰਕਾਰ ਵਲੋਂ ਪਹਿਲਕਦਮੀ ਕਰਦਿਆਂ ਗਰੀਬ ਲੋਕਾਂ ਦੇ ਘਰਾਂ ਵਿੱਚ ਸਰਕਾਰੀ ਮੀਟਰ ਲਗਾਏ ਜਾ ਰਹੇ ਹਨ।
ਇਸ ਮੌਕੇ ਪਾਵਰਕੌਮ ਦੇ ਵਧੀਕ ਐਸਸੀ ਹਰਪ੍ਰੀਤ ਸਿੰਘ ਓਬਰਾਏ ਨੇ ਦੱਸਿਆ ਕਿ ਬੜਮਾਜਰਾ ਕਲੋਨੀ ਅਤੇ ਵਾਲਮੀਕੀ ਕਲੋਨੀ ਵਿੱਚ 15 ਲੱਖ ਰੁਪਏ ਦੀ ਲਾਗਤ ਨਾਲ ਹਰੇਕ ਘਰ ਲਈ ਵੱਖੋ-ਵੱਖਰਾ ਬਿਜਲੀ ਮੀਟਰ ਲਗਾਇਆ ਗਿਆ ਹੈ। ਇਸ ਮੌਕੇ ਸੀਨੀਅਰ ਕਾਂਗਰਸ ਆਗੂ ਜੀ.ਐਸ. ਰਿਆੜ, ਮਨਦੀਪ ਸਿੰਘ ਗਿੱਲ, ਬਲਾਕ ਸਮਿਤੀ ਦੀ ਮੈਂਬਰ ਕਮਲਜੀਤ ਕੌਰ, ਗੁਰਪ੍ਰੀਤ ਸਿੰਘ ਗਿੰਨੀ, ਸੁਖਵਿੰਦਰ ਸਿੰਘ, ਸਾਬਕਾ ਸਰਪੰਚ ਗੁਰਦੇਵ ਸਿੰਘ ਮੌਜੂਦ ਸਨ।

LEAVE A REPLY