ਐੱਸਡੀਐੱਮ ਵੱਲੋਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀ ਹੌਸਲਾ-ਅਫ਼ਜ਼ਾਈ

0
76

ਐੱਸਡੀਐੱਮ ਮਨਕੰਵਲ ਸਿੰਘ ਚਾਹਲ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨਾਲ।

ਚਮਕੌਰ ਸਾਹਿਬ, 29 ਅਕਤੂਬਰ
ਸਿੱਖਿਆ ਵਿਭਾਗ ਦੇ ਬਲਾਕ ਪ੍ਰਾਇਮਰੀ ਦਫ਼ਤਰ ਵਿੱਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਸੈਂਟਰ ਵਿੱਚ ਐੱਸਡੀਐੱਮ ਮਨਕੰਵਲ ਸਿੰਘ ਚਾਹਲ ਵਿਸ਼ੇਸ਼ ਤੌਰ ’ਤੇ ਪੁੱਜੇ। ਸ੍ਰੀ ਚਾਹਲ ਨੇ ਬੱਚਿਆਂ ਦੀ ਹੌਸਲਾ-ਅਫ਼ਜਾਈ ਕਰਦਿਆਂ ਉਨ੍ਹਾਂ ਨੂੰ ਚੰਗੀ ਸਿੱਖਿਆ ਲੈ ਕੇ ਅੱਗੇ ਵਧਣ ਲਈ ਪ੍ਰੇਰਿਆ। ਇਸ 50 ਬੱਚਿਆਂ ਵਾਲੇ ਰਿਸੋਰਸ ਸੈਂਟਰ ਵਿੱਚ ਉਨ੍ਹਾਂ ਸੁਖਦੀਪ ਸਿੰਘ, ਬਲਵਿੰਦਰ ਸਿੰਘ, ਸੁਖਪ੍ਰੀਤ ਸਿੰਘ, ਕੰਚਨ, ਦਿਲਪ੍ਰੀਤ ਕੌਰ ਤੇ ਰਫ਼ੀਕ ਕੋਲੋਂ ਗੀਤ-ਕਵਿਤਾਵਾਂ ਸੁਣੀਆਂ ਅਤੇ ਬੱਚਿਆਂ ਨਾਲ ਘਰ ਅਤੇ ਸਕੂਲ ਸਬੰਧੀ ਗੱਲਬਾਤ ਕੀਤੀ। ਉਨ੍ਹਾਂ ਬੱਚਿਆਂ ਨੂੰ ਕਿਹਾ ਕਿ ਇਨ੍ਹਾਂ ਬੱਚਿਆਂ ਨੂੰ ਕੁਦਰਤ ਵੱਲੋਂ ਵੱਖਰੀ ਸ਼ਕਤੀ ਦਿੱਤੀ ਹੁੰਦੀ ਹੈ, ਜਿਸ ਦੀ ਪਛਾਣ ਕਰਨ ਦੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਬੱਚਿਆਂ ਲਈ ਕੁਝ ਖਾਸ ਉਪਰਾਲੇ ਕਰਨੇ ਪੈਂਦੇ ਹਨ, ਜੋ ਕਿ ਇਨ੍ਹਾਂ ਨੂੰ ਸਿੱਖਿਆ ਦੇਣ ਵਾਲੇ ਅਧਿਆਪਕ ਬਾਖੂਬੀ ਕਰ ਰਹੇ ਹਨ। ਉਨ੍ਹਾਂ ਬੱਚਿਆਂ ਅਤੇ ਰਿਸੋਰਸ ਸਟਾਫ਼ ਨੂੰ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਸਮੱਸਿਆਂ ਨੂੰ ਉਹ ਉਨ੍ਹਾਂ ਦੇ ਦਫ਼ਤਰ ਆ ਕੇ ਹੱਲ ਕਰਾ ਸਕਦੇ ਹਨ ਤੇ ਉਨ੍ਹਾਂ ਵੱਲੋਂ ਇਨ੍ਹਾਂ ਬੱਚਿਆਂ ਦੀ ਸਿੱਖਿਆ ਤੇ ਹੋਰ ਲੋੜਾਂ ਸਬੰਧੀ ਸਰਕਾਰ ਵੱਲੋਂ ਮਿਲਣ ਵਾਲੀਆਂ ਸਹੂਲਤਾਂ ਨੂੰ ਜਲਦ ਪੂਰਾ ਕਰਾਇਆ ਜਾਵੇਗਾ। ਉਨ੍ਹਾਂ ਸੈਂਟਰ ਸਟਾਫ਼ ਨੂੰ ਇਨ੍ਹਾਂ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਲਈ ਪ੍ਰੇਰਿਤ ਕੀਤਾ। ਇਸ ਤੋਂ ਪਹਿਲਾਂ ਸਾਬਕਾ ਡੀਈਓ ਭਾਗ ਸਿੰਘ ਮਕੜੌਨਾ ਨੇ ਬੱਚਿਆਂ ਨੂੰ ਸਟੇਸ਼ਨਰੀ ਤੇ ਖਾਣ ਦੀਆਂ ਵਸਤਾਂ ਵੰਡੀਆਂ। ਉਨ੍ਹਾਂ ਕਿਹਾ ਕਿ ਸਮਾਜਸੇਵੀ ਸੰਸਥਾਵਾਂ ਨੂੰ ਅਜਿਹੇ ਸੈਂਟਰਾਂ ਵਿੱਚ ਪੜ੍ਹਦੇ ਬੱਚਿਆਂ ਦੀ ਮੱਦਦ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਬੀਪੀਈਓ ਅਮਰ ਊਸ਼ਾ, ਬੀਐੱਮਟੀ ਬਲਵਿੰਦਰ ਸਿੰਘ ਮਕੜੌਨਾ, ਰਿਸੋਰਸ ਇੰਚਾਰਜ਼ ਸੋਨਿਕਾ, ਗੁਰਦੀਪ ਸਿੰਘ, ਨਿਰਮਲਾ ਰਾਣੀ, ਅਕਵਿੰਦਰ ਕੌਰ ਅਤੇ ਰਬਜੀਤ ਸਿੰਘ ਹਾਜ਼ਰ ਸਨ।

LEAVE A REPLY