ਸੜਕ ’ਤੇ ਖੜ੍ਹੇ ਗੰਦੇ ਪਾਣੀ ਕਾਰਨ ਰਾਹਗੀਰਾਂ ਨੂੰ ਦਿੱਕਤਾਂ

0
45

ਪਾਣੀ ਵਿੱਚ ਫਸੇ ਟਰਾਈਸਾਈਕਲ ਨੂੰ ਬਾਹਰ ਕੱਢਦੇ ਹੋਏ ਰਾਹਗੀਰ।

ਨੂਰਪੁਰ ਬੇਦੀ, 28 ਅਕਤੂਬਰ
ਨੂਰਪੁਰ ਬੇਦੀ ਤੋਂ ਮਵਾ ਮੁਕਾਰੀ ਬਰਾਸਤਾ ਲਸਾੜੀ ਸੜਕ ’ਤੇ ਲੰਮੇ ਸਮੇਂ ਤੋਂ ਪਿੰਡ ਦੇ ਵੱਖ-ਵੱਖ ਘਰਾਂ ਤੋਂ ਨਿਕਲਣ ਵਾਲੇ ਗੰਦੇ ਪਾਣੀ ਦੇ ਇਕੱਠਾ ਹੋਣ ਨਾਲ ਛੱਪੜ ਬਣ ਗਿਆ ਹੈ, ਜਿਸ ਕਾਰਨ ਇਸ ਸੜਕ ’ਤੇ ਆਉਣ ਜਾਣ ਵਾਲਿਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਗੰਦਾ ਪਾਣੀ ਗੋਪਲਾਪੁਰ ਵਾਸੀਆਂ ਦੇ ਘਰਾਂ ਦਾ ਹੈ, ਜਿਸ ਦੀ ਨਿਕਾਸੀ ਨਾ ਹੋਣ ਕਾਰਨ ਪਾਣੀ ਮੁੱਖ ਸੜਕ ’ਤੇ ਜਮ੍ਹਾਂ ਹੋ ਰਿਹਾ ਹੈ। ਕਈ ਵਾਰ ਸਾਈਕਲ ਸਵਾਰ ਵਿਦਿਆਰਥੀ ਪਾਣੀ ਵਿੱਚ ਡਿੱਗ ਜਾਂਦੇ ਹਨ। ਇਸ ਦੇ ਨਾਲ ਹੀ ਇਸ ਗੰਦੇ ਪਾਣੀ ਕਾਰਨ ਮੱਛਰਾਂ ਦੀ ਭਰਮਾਰ ਹੋ ਚੁੱਕੀ ਹੈ, ਜਿਸ ਕਾਰਨ ਹਰ ਸਮੇਂ ਕੋਈ ਨਾ ਕੋਈ ਭਿਆਨਕ ਬਿਮਾਰੀ ਫੈਲਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਬੇਸ਼ਕ ਹੁਣ ਪੰਚਾਇਤਾਂ ਦਾ ਕਾਰਜਕਾਲ ਪੂਰਾ ਹੋ ਚੁੱਕਿਆ ਹੈ, ਪਰ ਲੋਕਾਂ ਦਾ ਕਹਿਣਾ ਹੈ ਕਿ ਗੋਪਾਲਪੁਰ ਦੀ ਪੰਚਾਇਤ ਵੱਲੋਂ ਇਸ ਸਮੱਸਿਆ ਨੂੰ ਨਜ਼ਰ ਅੰਦਾਜ਼ ਕਰਨ ਕਰਕੇ ਹੀ ਅੱਜ ਇਹ ਸਮੱਸਿਆ ਜਿਉਂ ਦੀ ਤਿਉਂ ਹੋਣ ਕਾਰਨ ਵਿਸ਼ਾਲ ਰੂਪ ਧਾਰਨ ਕਰ ਰਹੀ ਹੈ। ਲੋਕਾਂ ਨੇ ਦੱਸਿਆ ਕਿ ਇਸ ਸਮੱਸਿਆ ਸਬੰਧੀ ਉਹ ਕਈ ਵਾਰੀ ਉੱਚ ਅਧਿਕਾਰੀਆਂ ਨੂੰ ਵੀ ਮਿਲ ਚੁੱਕੇ ਹਨ, ਪਰ ਕੋਈ ਹੱਲ ਨਹੀਂ ਕੀਤਾ ਗਿਆ। ਸੜਕ ’ਤੇ ਕਈ ਵੱਡੇ ਟੋਏ ਬਣ ਗਏ ਹਨ। ਵਾਹਨਾਂ ਦੇ ਲੰਘਣ ਕਾਰਨ ਗੰਦਾ ਪਾਣੀ ਨਾਲ ਲੱਗਦੇ ਖੇਤਾਂ ਵਿੱਚ ਵੀ ਦਾਖਲ ਹੋ ਜਾਂਦਾ ਹੈ। ਪਿੰਡਾ ਮੁਕਾਰੀ, ਮਵਾ, ਭੈਣੀ, ਮਵਾ ਖੁਰਦ, ਗੋਬਿੰਦਪੁਰ ਬੇਲਾ, ਅਮਰਪੁਰ ਬੇਲਾ ਆਦਿ ਦੇ ਵਸਨੀਕਾਂ ਨੇ ਮੰਗ ਕੀਤੀ ਹੈ ਕਿ ਛੇਤੀ ਤੋਂ ਛੇਤੀ ਇੱਸ ਸਮੱਸਿਆ ਦਾ ਹੱਲ ਕੀਤਾ ਜਾਵੇ।

LEAVE A REPLY