ਆਨੰਦਪੁਰ ਸਾਹਿਬ-ਕਾਹਪੁਰ ਖੂਹੀ ਮਾਰਗ ਦੀ ਹਾਲਤ ਮਾੜੀ; ਧੂੜ ਵਿੱਚ ਉੱਡੇ 85 ਲੱਖ

0
57

ਸੜਕ ਦੀ ਖ਼ਸਤਾ ਹਾਲਤ ਨੂੰ ਬਿਆਨਦੀ ਤਸਵੀਰ।

ਸ੍ਰੀ ਆਨੰਦਪੁਰ ਸਾਹਿਬ, 25 ਅਕਤੂਬਰ
ਮਾਝੇ ਜਾਂ ਦੁਆਬੇ ਹੀ ਨਹੀਂ ਬਲਕਿ 60 ਤੋਂ 70 ਫ਼ੀਸਦੀ ਪੰਜਾਬ ਦੇ ਲੋਕਾਂ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਆਉਣ ਦੇ ਲਈ ਵਰਤੇ ਜਾਣ ਵਾਲੇ ਗੜਸ਼ੰਕਰ-ਸ੍ਰੀ ਆਨੰਦਪੁਰ ਸਾਹਿਬ ਮਾਰਗ ਦੀ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਤੋਂ ਚੱਲਦੀ ਆ ਰਹੀ ਅੰਤਾਂ ਦੀ ਖਸਤਾ ਹਾਲਤ ’ਚ ਸੁਧਾਰ ਲਈ ਖ਼ਰਚ ਕੀਤੀ ਗਈ ਇੱਕ ਕਰੋੜ ਰੁਪਏ ਦੇ ਕਰੀਬ ਰਕਮ ਇਸ ਮਾਰਗ ’ਤੇ ਬਣ ਚੁੱਕੇ ਵੱਡੇ-ਵੱਡੇ ਟੋਇਆਂ ਦੀ ਧੂੜ ਵਿੱਚ ਪਹਿਲੇ ਤਿੰਨ ਮਹੀਨਿਆਂ ’ਚ ਹੀ ਉਡ ਗਈ ਹੈ।
ਜ਼ਿਕਰਯੋਗ ਹੈ ਕਿ ਹਲਕਾ ਵਿਧਾਇਕ ਤੇ ਸਪੀਕਰ ਪੰਜਾਬ ਰਾਣਾ ਕੇਪੀ ਸਿੰਘ ਦੇ ਯਤਨਾਂ ਸਦਕਾ ਕਾਂਗਰਸ ਸਰਕਾਰ ਦੇ ਪਹਿਲੇ ਸਾਲ ’ਚ ਹੀ ਇੱਕ ਕਰੋੜ ਦੇ ਕਰੀਬ ਫੰਡ ਮੁਹੱਈਆ ਕਰਵਾ ਕੇ 16 ਕਿਲੋਮੀਟਰ ਦੇ ਕਰੀਬ ਟੋਟੇ ਦੀ ਮੁਰੰਮਤ ਦਾ ਕੰਮ ਕਰਵਾਇਆ ਗਿਆ। ਇਸ ਕਾਰਨ ਲੋਕ ਸਰਕਾਰ ਦੇ ਸੋਹਲੇ ਗਾਉਂਦੇ ਨਹੀਂ ਥੱਕ ਰਹੇ ਸਨ, ਪਰ ਦੁੱਖ ਇਸ ਗੱਲ ਦਾ ਹੈ ਕਿ ਹੋਲੇ ਮਹੱਲੇ ਤੋਂ ਬਾਅਦ ਜੂਨ-ਜੁਲਾਈ ’ਚ ਮੁਕੰਮਲ ਕੀਤੇ ਗਏ ਇਸ ਮੁਰੰਮਤ ਦੇ ਕੰਮ ਨੇ ਤਿੰਨ ਮਹੀਨੇ ਵੀ ਨਹੀਂ ਕੱਢੇ। ਬੀਤੇ ਕਈ ਹਫ਼ਤਿਆਂ ਤੋਂ ਇਹ 16-17 ਕਿਲੋਮੀਟਰ ਦਾ ਸੜਕ ਦਾ ਹਿੱਸਾ ਆਪਣੇ ਸਭ ਤੋਂ ਬੁਰੇ ਦੌਰ ’ਚੋਂ ਗੁਜ਼ਰ ਰਿਹਾ ਹੈ। ਮੌਜੂਦਾ ਸਰਕਾਰ ਵੱਲੋਂ ਵਿਸ਼ੇਸ਼ ਪਹਿਲਕਦਮੀ ਵਰਤਦੇ ਹੋਏ ਭੇਜੇ ਪੈਸੇ ਨੂੰ ਦੋਵੇਂ ਹੱਥੀਂ ਲਾਂਬੂ ਲਗਾਇਆ ਗਿਆ ਹੈ, ਸਮੱਸਿਆ ਪਹਿਲਾਂ ਨਾਲੋਂ ਵੀ ਵੱਡੀ ਹੋ ਗਈ ਹੈ। ਇਹ ਆਮ ਧਾਰਨਾ ਹੈ ਕਿ ਇਸ ਸੜਕ ਦੀ ਖਸਤਾ ਹਾਲਤ ਡਾ. ਦਲਜੀਤ ਸਿੰਘ ਚੀਮਾ ਨੂੰ ਮਿਲੀ ਹਾਰ ਹੀ ਨਹੀਂ ਬਲਕਿ ਉਨ੍ਹਾਂ ਦੀ ਚੰਡੀਗੜ੍ਹ ਤੱਕ ਦੀ ਸੜਕ ਵਿੱਚ ਅੜਿੱਕਾ ਬਣੀ ਸੀ। ਇਸ ਕਰਕੇ ਰਾਣਾ ਕੇਪੀ ਸਿੰਘ ਨੇ ਲੋਕਾਂ ਨਾਲ ਕੀਤੇ ਵਾਅਦੇ ਤਹਿਤ ਸੜਕ ਦੀ ਤੁਰੰਤ ਮੁਰੰਮਤ ਕਰਵਾਈ ਸੀ। ਇਸ ਕੰਮ ਵਿੱਚ ਵਰਤੀ ਗਈ ਕਥਿਤ ਲਾਪ੍ਰਵਾਹੀ ਸਮਝ ਲਿਆ ਜਾਵੇ ਜਾਂ ਫਿਰ ਤਕਨੀਕੀ ਗ਼ਲਤੀ ਪਰ ਮੌਜੂਦਾ ਹਾਲਾਤ ਪੈਸੇ ਦੀ ਬਰਬਾਦੀ ਵੱਲ ਉਂਗਲ ਕਰ ਰਹੇ ਹਨ।

ਕੀ ਕਹਿੰਦੇ ਨੇ ਅਧਿਕਾਰੀ

ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਵਿਸ਼ਾਲ ਗੁਪਤਾ ਨੇ ਕਿਹਾ ਕਿ ਉਨ੍ਹਾਂ ਨੇ ਸਿਰਫ਼ ਮੁਰੰਮਤ ਹੀ ਕੀਤੀ ਸੀ ਅਤੇ ਹੁਣ ਬਾਕੀ ਦੀ ਸੜਕ ਟੁੱਟਣੀ ਸ਼ੁਰੂ ਹੋ ਗਈ ਹੈ। ਪਹਿਲਾਂ ਇਹ ਸੜਕ ਨੈਸ਼ਨਲ ਹਾਈਵੇਅ ਵਿੱਚ ਆਉਣੀ ਸੀ ਪਰ ਉਹ ਫ਼ਿਲਹਾਲ ਟਲ ਜਾਣ ਕਰਕੇ ਇਸ ਸੜਕ ਨੂੰ ਨਵਿਆਉਣ ਲਈ ਉਨ੍ਹਾਂ ਨੇ ਸਰਕਾਰ ਤੋਂ ਸਾਢੇ ਦਸ ਕਰੋੜ ਰੁਪਏ ਦੀ ਮੰਗ ਕੀਤੀ ਹੈ।

LEAVE A REPLY