ਲਗਾਤਾਰ ਪੈ ਰਹੀ ਭਾਰੀ ਬਰਸਾਤ ਕਾਰਨ ਥਾਂ ਥਾਂ ਪਾਣੀ ਭਰਿਆ; ਲੋਕ ਪ੍ਰੇਸ਼ਾਨ

0
37

ਮੀਂਹ ਕਾਰਨ ਬਰਬਾਦ ਹੋਈ ਫ਼ਸਲ ਦਿਖਾਉਂਦੇ ਹੋਏ ਕਿਸਾਨ।

ਫਤਹਿਗੜ੍ਹ ਸਾਹਿਬ, 24 ਸਤੰਬਰ
ਪਿਛਲੇ ਕੁੱਝ ਦਿਨਾ ਤੋਂ ਇਕਸਾਰ ਟਿੱਕ ਕੇ ਪੈ ਰਹੀ ਬਰਸਾਤ ਕਾਰਨ ਫਤਹਿਗੜ੍ਹ ਸਾਹਿਬ ਵਿੱਚ ਜਲ ਥਲ ਇੱਕ ਹੋ ਗਿਆ। ਸੜਕਾਂ, ਗਲੀਆਂ, ਬਾਜ਼ਾਰਾਂ ਵਿੱਚ ਘੁੰਮ ਰਿਹਾ ਪਾਣੀ ਹੜ੍ਹ ਵਰਗੀ ਸਥਿਤੀ ਦਾ ਭੁਲੇਖਾ ਪਾ ਰਿਹਾ ਹੈ। ਸ਼ਹਿਰ ਅੰਦਰ ਸਰਹਿੰਦ ਮੰਡੀ, ਮੇਨ ਬਾਜ਼ਾਰ, ਹਲਦੀ-ਮਿਰਚਾ ਵਾਲੀ ਗਲੀ, ਨੀਸ਼ੂ ਬੂਟ ਹਾਊਸ ਵਾਲੀ ਗਲੀ, ਸਰਹਿੰਦ ਸ਼ਹਿਰ ਵਾਲੀ ਸੜਕ, ਸਿੰਗਲਾ ਟਾਈਪ ਸੈਂਟਰ ਵਾਲੀ ਗਲੀ, ਇਸਤਰੀ ਸਭਾ ਮੰਦਰ ਵਾਲੀ ਗਲੀ, ਬ੍ਰਾਹਮਣ ਮਾਜਰਾ ਵਿੱਚ ਖੜ੍ਹੇ ਪਾਣੀ ਕਾਰਨ ਲੋਕ ਪ੍ਰੇਸ਼ਾਨ ਹਨ। ਨਗਰ ਕੌਂਸਲ ਦਫ਼ਤਰ ਵੀ ਪਾਣੀ ਵਿੱਚ ਘਿਰ ਗਿਆ। ਚਾਰੇ ਪਾਸੇ ਖੜ੍ਹਾ ਪਾਣੀ ਬੱਚਿਆਂ ਅਤੇ ਕੰਮਾਂ ਕਾਰਾਂ ’ਤੇ ਜਾਣ ਵਾਲਿਆਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਿਆ ਹੋਇਆ ਹੈ। ਕੌਂਸਲ ਪ੍ਰਧਾਨ ਸ਼ੇਰ ਸਿੰਘ ਅਤੇ ਪਰਵਿੰਦਰ ਸਿੰਘ ਦਿਉਲ ਜ਼ਿਲ੍ਹਾ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਪਿਛਲੇ ਢਾਈ ਸਾਲਾਂ ਤੋਂ ਸ਼ਹਿਰ ਵਿੱਚ ਸੀਵਰੇਜ ਪਾਉਣ ਦਾ ਕੰਮ ਚੱਲ ਰਿਹਾ ਹੈ, ਪਰ ਹਾਲੇ ਤੱਕ ਅੱਧੇ ਸ਼ਹਿਰ ਵਿੱਚ ਵੀ ਸੀਵਰੇਜ ਨਹੀਂ ਪਿਆ, ਜਿਸ ਕਾਰਨ ਇਹ ਸਥਿਤੀ ਪੈਦਾ ਹੋਈ ਹੈ। ਕੌਂਸਲ ਸਰਹਿੰਦ ਦੇ ਪ੍ਰਧਾਨ ਸ਼ੇਰ ਸਿੰਘ ਨਾਲ ਗੱਲ ਕਰਨ ਤੇ ਉਨ੍ਹਾਂ ਕਿਹਾ ਕਿ ਇਹ ਕੁਦਰਤੀ ਆਫ਼ਤ ਹੈ, ਜਿਸ ਨਾਲ ਦੇਸ਼ਾ-ਵਿਦੇਸ਼ਾ ਦੇ ਲੋਕ ਬਹੁਤ ਵੱਡੀ ਪੱਧਰ ਤੇ ਪ੍ਰਭਾਵਿਤ ਹੋਏ ਹਨ, ਫਿਰ ਵੀ ਸਰਹਿੰਦ ਦੀ ਸਥਿਤੀ ਬਹੁਤ ਬਿਹਤਰ ਹੈ।
ਰੂਪਨਗਰ : ਮੀਂਹ ਨਾਲ ਰੂਪਨਗਰ ਸ਼ਹਿਰ ਅਤੇ ਆਲੇ-ਦੁਆਲੇ ਦਾ ਇਲਾਕਾ ਜਲਥਲ ਹੋ ਗਿਆ ਹੈ। ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਸੜਕਾਂ ਭਰ ਚੁੱਕੀਆਂ ਹਨ ਤੇ ਕਿਸਾਨ ਵੀ ਚਿੰਤਤ ਹਨ। ਝੋਨੇ ਦੀ ਫ਼ਸਲ ਨੂੰ ਵੱਡਾ ਨੁਕਸਾਨ ਹੋਣ ਦਾ ਖਤਰਾ ਪੈਦਾ ਹੋ ਗਿਆ ਹੈ। ਕਈ ਪਿੰਡਾਂ ਵਿੱਚ ਝੋਨੇ ਤੇ ਮੱਕੀ ਦੀ ਫ਼ਸਲ ਨੂੰ ਨੁਕਸਾਨ ਹੋਇਆ ਹੈ। ਰੂਪਨਗਰ ਤੋਂ ਨੂਰਪੁਰ ਬੇਦੀ ਨੂੰ ਜਾਂਦੇ ਹੋਏ ਪਿੰਡ ਗੜਬਾਗਾ ਕੋਲ ਪੈਂਦਾ ਚੋਅ ਭਰਨ ਨਾਲ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ। ਥਾਂ ਥਾਂ ਦਰੱਖ਼ਤ ਡਿੱਗ ਗਏ ਹਨ। ਰੂਪਨਗਰ ਸ਼ਹਿਰ ਵਿੱਚ ਹੇਠਲੇ ਇਲਾਕਿਆਂ ਵਿੱਚ ਪਾਣੀ ਭਰ ਗਿਆ ਹੈ, ਜਿਸ ਕਾਰਨ ਟੁੱਟੀਆਂ ਸੜਕਾਂ ਵਿੱਚ ਪਾਣੀ ਭਰਨ ਕਾਰਨ ਹਾਦਸੇ ਵਾਪਰਨ ਦਾ ਖਦਸ਼ਾ ਹੈ।
ਬਸੀ ਪਠਾਣਾਂ : ਭਾਰੀ ਬਾਰਸ਼ ਦੇ ਚਲਦੇ ਅੱਜ ਦੇਰ ਸ਼ਾਮ ਸਥਾਨਕ ਥਾਣਾ ਰੋਡ ’ਤੇ ਭਾਰੀ ਟਾਹਲੀ ਦਾ ਦਰ਼ੱਖਤ ਬਿਜਲੀ ਦੀਆਂ ਤਾਰਾਂ ’ਤੇ ਡਿੱਗ ਗਿਆ, ਪਰ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਸਥਾਨਕ ਐੱਸਡੀਐੱਮ ਦਫ਼ਤਰ ਤੋਂ ਮਹਿਜ ਪੰਜ ਸੌ ਗਜ ਦੀ ਦੂਰੀ ਤੇ ਐੱਸਬੀਆਈ ਦੀ ਮੁੱਖ ਬਰਾਂਚ ਦੇ ਏਟੀਐੱਮ ਕੋਲ ਖੜ੍ਹਿਆ ਇਹ ਦਰੱਖ਼ਤ ਡਿੱਗਣ ਨਾਲ ਸਬੰਧਿਤ ਇਲਾਕੇ ਦੀ ਬਿਜਲੀ ਬੰਦ ਰਹੀ। ਅਜਿਹਾ ਹੀ ਇੱਕ ਸੁੱਕਿਆ ਹੋਇਆ ਨਿੰਮ ਦਾ ਦਰੱਖ਼ਤ ਪਟਵਾਰ ਖਾਨੇ ਦੇ ਵੇਹੜੇ ਵਿੱਚ ਖੜ੍ਹਾ ਹੈ, ਜਿਸ ਨੂੰ ਸਿਓਂਕ ਲੱਗ ਚੁੱਕੀ ਹੈ। ਇਸ ਦਰੱਖ਼ਤ ਨੂੰ ਹਟਾਉਣ ਬਾਰੇ ਮੁੱਹਲਾ ਨਿਵਾਸੀਆਂ ਨੇ ਡੀਸੀ ਫਤਹਿਗੜ੍ਹ ਸਾਹਿਬ ਨੂੰ ਲਿਖਤੀ ਅਪੀਲ ਵੀ ਕੀਤੀ ਸੀ। ਡੀਸੀ ਨੇ ਕਾਰਵਾਈ ਲਈ ਪ੍ਰਸ਼ਾਸਨ ਨੂੰ ਵੀ ਲਿਖਿਆ ਸੀ, ਪਰ ਹੁਣ ਤੱਕ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ। ਲਗਾਤਾਰ ਪੈ ਰਹੇ ਮੀਂਹ ਅਤੇ ਤੇਜ਼ ਹਨੇਰੀ ਕਾਰਨ ਝੋਨਾ, ਮੱਕੀ ਅਤੇ ਆਲੂਆਂ ਦੀ ਫ਼ਸਲ ਬਰਬਾਦ ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੈਪਟਨ ਦੇਵ ਰਾਜ ਅਬਿਆਣਾ, ਸਾਬਕਾ ਸਰਪੰਚ ਕਮਲ ਸਿੰਘ, ਜਗਤਾਰ ਸਿੰਘ, ਸੁਖਵਿੰਦਰ ਸਿੰਘ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਮਹਿੰਗੇ ਭਾਅ ਬੀਜ਼, ਖਾਦ, ਦਵਾਈਆਂ ਅਤੇ ਤੇਲ ਖਰਚ ਕੇ ਤਿਆਰ ਕੀਤੀ ਫ਼ਸਲ ਕੁਦਰਤੀ ਆਫਤ ਕਾਰਨ ਬਰਬਾਰ ਹੋ ਗਈ। ਪਹਿਲਾਂ ਹੀ ਘਾਟੇ ’ਚ ਜਾ ਰਹੇ ਕਿਸਾਨ ਹੋ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋ ਗਏ ਹਨ।
ਨੂਰਪੁਰ ਬੇਦੀ : ਪਿਛਲੇ ਦਿਨਾਂ ਤੋਂ ਲਗਾਤਾਰ ਪੈ ਰਹੀ ਬਾਰਿਸ਼ ਕਾਰਨ ਨੂਰਪੁਰ ਬੇਦੀ-ਰੂਪਨਗਰ ਮਾਰਗ ’ਤੇ ਸਥਿਤ ਪਿੰਡ ਭੱਟੋਂ ਵਿੱਚ ਸੜਕ ਵਿਭਾਗ ਵੱਲੋਂ ਪਾਣੀ ਦੀ ਨਿਕਾਸੀ ਲਈ ਕੋਈ ਵੀ ਡਰੇਨ ਨਾ ਬਣਾਉਣ ਕਾਰਨ ਅੱਜ ਪਿੰਡ ਦੇ ਬੱਸ ਅੱਡੇ ਵਾਲੀ ਸੜਕ ’ਤੇ ਵਰਖਾ ਦਾ ਪਾਣੀ ਜਮ੍ਹਾਂ ਹੋ ਗਿਆ, ਜਿਸ ਕਰਕੇ ਕਈ ਪਿੰਡਾਂ ਦੇ ਲੋਕਾਂ ਨੂੰ ਸੜਕ ਪਾਰ ਕਰਨ ’ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਸੜਕ ਵਿਭਾਗ ਵੱਲੋਂ ਨਵੀਂ ਬਣੀ ਮੁੱਖ ਸੜਕ ਨਾਲ ਕੋਈ ਵੀ ਨਿਕਾਸੀ ਨਾਲਾ ਨਹੀਂ ਬਣਾਇਆ ਗਿਆ, ਜਿਸ ਕਰਕੇ ਵਰਖਾ ਦਾ ਸਾਰਾ ਪਾਣੀ ਸੜਕ ਦੇ ਨਾਲ ਨੀਵੀਂ ਥਾਂ ’ਤੇ ਜਮ੍ਹਾਂ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਸੜਕ ਦੇ ਨਾਲ ਪਾਣੀ ਦੀ ਨਿਕਾਸੀ ਲਈ ਨਾਲਾ ਬਣਾਇਆ ਜਾਣਾ ਸੀ, ਪਰ ਵਿਭਾਗ ਨੇ ਅਜਿਹਾ ਨਾ ਕਰਕੇ ਪਾਣੀ ਦੀ ਸਮੱਸਿਆ ਪੈਦਾ ਕਰ ਦਿੱਤੀ ਹੈ।
ਚਮਕੌਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਚਮਕੌਰ ਸਾਹਿਬ ਇਲਾਕੇ ਅੰਦਰ ਮੀਂਹ ਕਾਰਨ ਜਿੱਥੇ ਸਮੁੱਚਾ ਜਨ ਜੀਵਨ ਠੱਪ ਪਿਆ ਹੈ, ਉੱਥੇ ਹੀ ਫ਼ਸਲਾਂ ਵਿੱਚ 2 ਤੋਂ 3 ਫੁੱਟ ਤੱਕ ਪਾਣੀ ਘੁੰਮ ਰਿਹਾ ਹੈ। ਮੀਂਹ ਦੇ ਪਾਣੀ ਤੋਂ ਕਿਸਾਨਾਂ ਵੱਲੋਂ ਆਪਣੀਆਂ ਫ਼ਸਲਾਂ ਨੂੰ ਬਚਾਉਣ ਲਈ ਖੇਤਾਂ ਵਿੱਚੋਂ ਪਾਣੀ ਕੱਢਿਆ ਜਾ ਰਿਹਾ ਹੈ, ਜਿਸ ਕਾਰਨ ਕਈ ਥਾਵਾਂ ’ਤੇ ਸੜਕਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਚਮਕੌਰ ਸਾਹਿਬ ਨੇੜਲੇ ਸਾਰੇ ਬਰਸਾਤੀ ਨਾਲੇ ਪਾਣੀ ਨਾਲ ਭਰੇ ਹੋਏ ਹਨ, ਇਸ ਦੇ ਨਾਲ ਹੀ ਪਿੰਡ ਮਾਣੇਮਾਜਰਾ ਦੀ ਕਿਸ਼ਤੀ ਤੋਂ ਸੰਧੂਆਂ ਸੜਕ ਜੋ ਕੁਝ ਸਮੇਂ ਪਹਿਲਾਂ ਬਣੀ ਸੀ, ਵਿੱਚ ਵੀ ਪਾੜ ਪੈਣਾ ਸ਼ੁਰੂ ਗਿਆ ਹੈ। ਚਮਕੌਰ ਸਾਹਿਬ ਤੋਂ ਸੰਧੂਆਂ ਸੜਕ ਅਤੇ ਗੁਰੂ ਗੋਬਿੰਦ ਸਿੰਘ ਮਾਰਗ ਦੀ ਹਾਲਤ ਬਹੁਤ ਹੀ ਤਰਸਯੋਗ ਬਣ ਗਈ ਹੈ। ਇਨ੍ਹਾਂ ਸੜਕਾਂ ’ਤੇ ਵੀ ਕਈ ਥਾਈਂ ਇੱਕ ਤੋਂ ਦੋ ਫੁੱਟ ਪਾਣੀ ਚੱਲ ਰਿਹਾ ਹੈ। ਚਮਕੌਰ ਸਾਹਿਬ ਤੋਂ ਮੋਰਿੰਡਾ ਬਣੀ ਸੜਕ ਦੀ ਵੀ ਹਾਲਤ ਵਿਗੜਨੀ ਸ਼ੁਰੂ ਹੋ ਚੁੱਕੀ ਹੈ। ਇੱਥੇ ਹੀ ਬਸ ਨਹੀਂ ਬੇਟ ਇਲਾਕੇ ਦੇ ਕਈ ਪਿੰਡਾਂ ਵਿੱਚ ਪਏ ਭਾਰੇ ਮੀਂਹ ਕਾਰਨ ਖੇਤਾਂ ਵਿੱਚ ਪਾਣੀ ਖੜਨ ਨਾਲ ਫ਼ਸਲ ਦਾ ਨੁਕਸਾਨ ਹੋਣ ਦਾ ਡਰ ਬਣਿਆ ਹੋਇਆ ਹੈ।

ਪਹਾੜੀ ਖਿਸਕਣ ਕਾਰਨ ਮਕਾਨ ਡਿੱਗਣ ਦਾ ਡਰ
ਘਨੌਲੀ : ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੀ ਸਰਹੱਦ ’ਤੇ ਵਸੇ ਪਿੰਡ ਮੰਗੂਵਾਲ ਵਿੱਚ ਪਿਛਲੇ ਦੋ ਦਿਨਾਂ ਤੋਂ ਪੈ ਰਹੀ ਬਰਸਾਤ ਕਾਰਨ ਪਹਾੜੀ ਖਿਸਕਣ ਲੱਗ ਪਈ ਹੈ, ਜਿਸ ਕਾਰਨ ਨੇੜਲੇ ਘਰਾਂ ਦੇ ਵਸਨੀਕਾਂ ਨੂੰ ਆਪਣੇ ਮਕਾਨ ਡਿੱਗਣ ਦਾ ਖ਼ਤਰਾ ਪੈਦਾ ਹੋ ਗਿਆ ਹੈ। ਸਾਬਕਾ ਸਰਪੰਚ ਤਰਸੇਮ ਸਿੰਘ, ਕਰਤਾਰ ਸਿੰਘ, ਸੋਹਣ ਸਿੰਘ, ਸਰਬਣ ਸਿੰਘ ਤੇ ਧਰਮ ਪਾਲ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਉੱਚੀ ਜਗ੍ਹਾ ’ਤੇ ਇੱਕ ਪਹਾੜੀ ਕਿਨਾਰੇ ਬਣੇ ਹੋਏ ਹਨ। ਪਿਛਲੇ ਕਈ ਸਾਲਾਂ ਤੋਂ ਬਰਸਾਤ ਦੇ ਮੌਸਮ ਦੌਰਾਨ ਇਹ ਪਹਾੜੀ ਖੁਰਦੀ ਰਹਿੰਦੀ ਹੈ, ਜਿਸ ਸਬੰਧੀ ਉਹ ਬਹੁਤ ਵਾਰੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਾਣੂ ਕਰਵਾ ਚੁੱਕੇ ਹਨ, ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਦੱਸਿਆ ਕਿ ਬੀਤੇ ਦੋ ਦਿਨਾਂ ਤੋਂ ਪੈ ਰਹੀ ਬਾਰਿਸ਼ ਦੌਰਾਨ ਇਹ ਪਹਾੜੀ ਬਹੁਤ ਜ਼ਿਆਦਾ ਖੁਰ ਚੁੱਕੀ ਹੈ ਤੇ ਉਨ੍ਹਾਂ ਨੂੰ ਡਰ ਹੈ ਕਿ ਜੇਕਰ ਮੀਂਹ ਇਸੇ ਤਰ੍ਹਾਂ ਇੱਕ ਅੱਧਾ ਦਿਨ ਹੋਰ ਪੈਂਦਾ ਰਿਹਾ ਤਾਂ ਉਨ੍ਹਾਂ ਦੇ ਮਕਾਨ ਡਿੱਗ ਜਾਣਗੇ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਘਰ ਡਿੱਗਣ ਤੋਂ ਬਚਾਉਣ ਲਈ ਜਲਦੀ ਕੋਈ ਉਪਰਾਲਾ ਕੀਤਾ ਜਾਵੇ।

LEAVE A REPLY