ਚਹੇੜੂ ਵੇਈਂ ’ਚ ਰੁੜ੍ਹੇ ਦੋ ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ

0
26
ਸਾਹਿਲ ਤੇ ਲਵਦੀਪ ਦੀਆਂ ਪੁਰਾਣੀਆਂ ਤਸਵੀਰਾਂ।

ਸਾਹਿਲ ਤੇ ਲਵਦੀਪ ਦੀਆਂ ਪੁਰਾਣੀਆਂ ਤਸਵੀਰਾਂ।

ਫਗਵਾੜਾ, 20 ਜੁਲਾਈ
ਇੱਥੇ ਫਗਵਾੜਾ-ਜਲੰਧਰ ਸੜਕ ’ਤੇ ਚਹੇੜੂ ਵੇਈਂ ਦੇ ਪਾਣੀ ਵਿੱਚ ਕੱਲ੍ਹ ਰੁੜ੍ਹੇ ਮੋਟਰਸਾਈਕਲ ਸਵਾਰ ਨੌਜਵਾਨਾਂ ਦੀਆਂ ਲਾਸ਼ਾਂ ਅੱਜ ਗੋਤਾਖੋਰਾਂ ਦੀ ਟੀਮ ਨੇ ਲੱਭ ਲਈਆਂ ਹਨ। ਮ੍ਰਿਤਕਾਂ ਦੀ ਪਛਾਣ ਸਾਹਿਲ ਬੰਗਾ (21) ਪੁੱਤਰ ਤਰਸੇਮ ਲਾਲ ਪਿੰਡ ਘੁੰਮਣਾ ਅਤੇ ਲਵਦੀਪ ਸਿੰਘ ਲੱਕੀ (22) ਪੁੱਤਰ ਜੋਗਿੰਦਰ ਸਿੰਘ ਮੇਹਲੀਆਣਾ ਵਜੋਂ ਹੋਈ ਹੈ।
ਐਸਐਚਓ (ਸਦਰ) ਲਖਬੀਰ ਸਿੰਘ ਤੇ ਚਹੇੜੂ ਚੌਕੀ ਇੰਚਾਰਜ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਅੱਜ ਸਵੇਰ ਤੋਂ ਹੀ ਐਸਡੀਆਰਐਫ਼ ਦੀ 11 ਮੈਂਬਰੀ ਟੀਮ ਦੋਹਾਂ ਦੀ ਭਾਲ ਵਿੱਚ ਲੱਗੀ ਹੋਈ ਸੀ। ਸਵੇਰੇ ਕਰੀਬ 9.30 ਵਜੇ ਸਾਹਿਲ ਦੀ ਲਾਸ਼ ਕੋਟਖੁਰਦ (ਵੇਈਂ ਤੋਂ ਕਰੀਬ 6 ਕਿਲੋਮੀਟਰ ਦੂਰ) ਕੋਲੋਂ ਮਿਲੀ ਅਤੇ ਲਵਦੀਪ ਦੀ ਲਾਸ਼ ਦੁਪਹਿਰ 1.30 ਵਜੇ ਚਾਚੋਵਾਲ (ਜਮਸ਼ੇਰ) ਕੋਲੋਂ ਮਿਲੀ, ਜੋ ਵੇਈਂ ਤੋਂ 10 ਕਿਲੋਮੀਟਰ ਦੀ ਦੂਰੀ ’ਤੇ ਹੈ। ਪੁਲੀਸ ਨੇ ਲਾਸ਼ਾਂ ਪੋਸਟਮਾਰਟਮ ਮਗਰੋਂ ਵਾਰਸਾਂ ਹਵਾਲੇ ਕਰ ਦਿੱਤੀਆਂ ਹਨ ਤੇ ਇਸ ਸਬੰਧੀ ਧਾਰਾ 174 ਤਹਿਤ ਕਾਰਵਾਈ ਕੀਤੀ ਹੈ। ਦੱਸਣਯੋਗ ਹੈ ਕਿ ਦੋਵੇਂ ਨੌਜਵਾਨ ਕੱਲ੍ਹ ਆਪਣੇ ਮੋਟਰਸਾਈਕਲ ’ਤੇ ਫਗਵਾੜਾ ਤੋਂ ਜਲੰਧਰ ਵੱਲ ਜਾ ਰਹੇ ਸਨ। ਉਹ ਚਹੇੜੂ ਵੇਈਂ ਦੇ ਮੁੱਖ ਪੁਲ ਨੇੜੇ ਪੁੱਜੇ ਤਾਂ ਅਚਾਨਕ ਟੋਆ ਆਉਣ ਕਾਰਨ ਡਿੱਗ ਪਏ ਤੇ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਏ। ਗੋਤਾਖੋਰਾਂ ਨੂੰ ਕੱਲ੍ਹ ਨੌਜਵਾਨਾਂ ਦਾ ਮੋਟਰਸਾਈਕਲ ਮਿਲ ਗਿਆ ਸੀ। ਦੱਸਣਯੋਗ ਹੈ ਕਿ ਸਾਹਿਲ ਬੰਗਾ, ਤਿੰਨ ਭੈਣਾ ਦਾ ਇਕਲੌਤਾ ਭਰਾ ਸੀ। ਉਸ ਦੇ ਪਿਤਾ ਖੇਤ ਮਜ਼ਦੂਰ ਹਨ। ਇਸੇ ਤਰ੍ਹਾਂ ਲਵਦੀਪ ਦਾ ਇੱਕ ਭਰਾ ਤੇ ਇੱਕ ਭੈਣ ਹੈ। ਉਸ ਦੇ ਪਿਤਾ ਰਾਜ ਮਿਸਤਰੀ ਦਾ ਕੰਮ ਕਰਦੇ ਹਨ।

LEAVE A REPLY