ਪਾਈਪਲਾਈਨ ਦੇ ਵਿਰੋਧ ’ਚ ਲੜਕੀ ਤੇ ਬਜ਼ੁਰਗ ਨੇ ਜ਼ਹਿਰੀਲੀ ਚੀਜ਼ ਨਿਗਲੀ

0
48
ਜ਼ਹਿਰੀਲੀ ਚੀਜ਼ ਪੀਣ ਵਾਲੇ ਇਕ ਵਿਅਕਤੀ ਨੂੰ ਹਸਪਤਾਲ ਲਿਜਾਂਦੀ ਹੋਈ ਪੁਲੀਸ।

ਜ਼ਹਿਰੀਲੀ ਚੀਜ਼ ਪੀਣ ਵਾਲੇ ਇਕ ਵਿਅਕਤੀ ਨੂੰ ਹਸਪਤਾਲ ਲਿਜਾਂਦੀ ਹੋਈ ਪੁਲੀਸ।

ਸ਼ੇਰਪੁਰ, 16 ਜੁਲਾਈ
ਇੱਥੋਂ ਨੇੜਲੇ ਪਿੰਡ ਮਾਹਮਦਪੁਰ ਵਿੱਚ ਪਾਣੀ ਦੀ ਪਾਈਪਲਾਈਨ ਪਾਉਣ ਦਾ ਮੁੱਦਾ ਅੱਜ ਵੇਲੇ ਗੰਭੀਰ ਬਣ ਗਿਆ ਜਦੋਂ ਇਸ ਨੂੰ ਧੱਕੇਸ਼ਾਹੀ ਗਰਦਾਨਦਿਆਂ ਪਿੰਡ ਦੇ ਹੀ ਇੱਕ ਬਜ਼ੁਰਗ ਅਤੇ ਲੜਕੀ ਨੇ ਕੋਈ ਜ਼ਹਿਰੀਲੀ ਚੀਜ਼ ਪੀ ਲਈ। ਪੁਲੀਸ ਵੱਲੋਂ ਦੋਵਾਂ ਨੂੰ ਨੇੜਲੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਲਈ ਰੈਫ਼ਰ ਕਰ ਦਿੱਤਾ ਗਿਆ। ਵੇਰਵਿਆਂ ਮੁਤਾਬਕ ਮਾਹਮਦਪੁਰ ਦੇ ਘਰਾਂ ’ਚੋਂ ਪਾਣੀ ਦੇ ਨਿਕਾਸ ਲਈ ਪਾਈਪਲਾਈਨ ਪਾਈ ਜਾਣੀ ਹੈ। ਇਸੇ ਤਹਿਤ ਬੀਡੀਪੀਓ ਜੁਗਰਾਜ ਸਿੰਘ, ਨਾਇਬ ਤਹਿਸੀਲਦਾਰ ਕਰਮਜੀਤ ਸਿੰਘ, ਐੱਸਐੱਚਓ ਸ਼ੇਰਪੁਰ ਹੀਰਾ ਸਿੰਘ ਪਿੰਡ ਪੁੱਜੇ ਹੋਏ ਸਨ। ਪਿੰਡ ਦੇ ਸਰਪੰਚ ਸੂਰਜਭਾਨ ਦਾ ਕਹਿਣਾ ਹੈ ਕਿ ਉਹ ਕਾਨੂੰਨ ਦੇ ਘੇਰੇ ਵਿੱਚ ਰਹਿਕੇ ਘਰਾਂ ’ਚੋਂ ਪਾਣੀ ਦੇ ਨਿਕਾਸ ਲਈ ਪਾਈਪਲਾਈਨ ਕੱਢਵਾ ਰਹੇ ਹਨ, ਜਿਸ ਦਾ ਕੁਝ ਲੋਕ ਬੇਵਜ੍ਹਾ ਵਿਰੋਧ ਕਰ ਰਹੇ ਹਨ। ਜਦਕਿ ਸਰਪੰਚ ਦੇ ਵਿਰੋਧੀ ਧੜੇ ਦੇ ਸੁਰਜੀਤ ਸਿੰਘ, ਨਾਇਬ ਸਿੰਘ, ਮਨਪ੍ਰੀਤ ਸਿੰਘ ਤੇ ਹੋਰਨਾਂ ਨੇ ਪਾਈਪਲਾਈਨ ਦਾ ਵਿਰੋਧ ਕਰਦਿਆਂ ਬੀਕੇਯੂ (ਏਕਤਾ) ਉਗਰਾਹਾਂ ਦੇ ਸਹਿਯੋਗ ਨਾਲ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ।
ਉਹ ਮੰਗ ਕਰ ਰਹੇ ਸਨ ਕਿ ਪਾਈਪਲਾਈਨ ਵਿੱਚ ਉਨ੍ਹਾਂ ਘਰਾਂ ਦੇ ਪਾਣੀ ਦਾ ਨਿਕਾਸ ਵੀ ਕੀਤਾ ਜਾਵੇ, ਜਿਨ੍ਹਾਂ ਨੂੰ ਇਸ ਦੇ ਘੇਰੇ ਤੋਂ ਬਾਹਰ ਰੱਖਿਆ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਪਾਈਪਲਾਈਨ ਦਾ ਪਾਣੀ ਬੈਂਕ ਨਾਲ ਲੱਗਦੀ ਪੰਚਾਇਤੀ ਜਗ੍ਹਾ ਦੀ ਥਾਂ ਪਿੰਡ ਦੀ ਸੀਵਰੇਜ ਪਾਈਪਲਾਈਨ ਨਾਲ ਜੋੜਿਆ ਜਾਵੇ। ਇਸ ਦੌਰਾਨ ਦੁਪਹਿਰ ਵੇਲੇ ਜਦੋਂ ਕੰਮ ਸ਼ੁਰੂ ਕੀਤਾ ਗਿਆ ਤਾਂ ਸਥਿਤੀ ਤਣਾਅਪੂਰਣ ਹੋ ਗਈ ਪਾਈਪ ਲਾਈਨ ਦੇ ਵਿਰੁੱਧ ਧਰਨਾ ਲਗਾਈ ਬੈਠੇ ਕਿਸਾਨ ਪਰਿਵਾਰਾਂ ਨੇ ਪਹਿਲਾਂ ਇਸ ਦਾ ਤਿੱਖਾ ਵਿਰੋਧ ਕੀਤਾ ਪਰ ਪੁਲੀਸ ਅੱਗੇ ਬੇਵੱਸ ਹੋਏ ਪਰਿਵਾਰ ਆਪਣੇ ਘਰਾਂ ਵਿੱਚ ਵੜ ਗਏ। ਇਸੇ ਦੌਰਾਨ ਇੱਕ ਕਿਸਾਨ ਨੇ ਕੋਠੇ ’ਤੇ ਚੜ੍ਹਕੇ ਦਵਾਈ ਪੀਣੀ ਚਾਹੀ ਪਰ ਪੁਲੀਸ ਜਵਾਨਾਂ ਨੇ ਜੱਫਾ ਮਾਰਕੇ ਇਸ ਨੂੰ ਅਸਫ਼ਲ ਬਣਾ ਦਿੱਤਾ। ਪਰ ਇੱਕ ਹੋਰ ਕਿਸਾਨ ਨਾਇਬ ਸਿੰਘ ਨੇ ਇਸ ਦੌਰਾਨ ਕੋਈ ਜ਼ਹਿਰੀਲਾ ਪਦਾਰਥ ਪੀ ਲਿਆ। ਇਸ ਮਗਰੋਂ ਇੱਕ ਲੜਕੀ ਜੋਤਪ੍ਰੀਤ ਕੌਰ ਨੇ ਵੀ ਦਵਾਈ ਪੀ ਲਈ। ਫ਼ਿਲਹਾਲ ਪੁਲੀਸ ਨੇ ਪਾਈਪਲਾਈਨ ਦਾ ਕੰਮ ਰੋਕ ਦਿੱਤਾ ਹੈ ਪਰ ਸਥਿਤੀ ਤਣਾਅਪੂਰਣ ਬਣੀ ਹੋਈ ਹੈ। ਧੱਕੇਸ਼ਾਹੀ ਦੇ ਦੋਸ਼ ਨਕਾਰਦਿਆਂ ਐੱਸਐਚਓ ਹੀਰਾ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਮੌਕੇ ਤੋਂ ਕੁਲਵਿੰਦਰ ਸਿੰਘ, ਮਨਪ੍ਰੀਤ ਸਿੰਘ, ਚੰਦ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ।

LEAVE A REPLY