ਫ਼ੌਜ ਦਾ ਸਿਲੈਕਸ਼ਨ ਸੈਂਟਰ ਰੂਪਨਗਰ ਤੋਂ ਜਲੰਧਰ ਤਬਦੀਲ ਕਰਨ ਦੀ ਤਜਵੀਜ਼

0
133
ਰੂਪਨਗਰ, 27 ਜੂਨ
ਰੂਪਨਗਰ ’ਚ ਸਿਲੈਕਸ਼ਨ ਸੈਂਟਰ (ਉੱਤਰ) ਦੀ ਉਸਾਰੀ ਲਈ ਫ਼ੌਜ ਨੂੰ ਦਿੱਤੀ ਗਈ ਜ਼ਮੀਨ।

ਰੂਪਨਗਰ ’ਚ ਸਿਲੈਕਸ਼ਨ ਸੈਂਟਰ (ਉੱਤਰ) ਦੀ ਉਸਾਰੀ ਲਈ ਫ਼ੌਜ ਨੂੰ ਦਿੱਤੀ ਗਈ ਜ਼ਮੀਨ।

ਭਾਰਤੀ ਫ਼ੌਜ ਵੱਲੋਂ ਰੂਪਨਗਰ ’ਚ ਫ਼ੌਜ ਵਿੱਚ ਭਰਤੀ ਲਈ ਸਥਾਪਤ ਕੀਤੇ ਜਾਣ ਵਾਲੇ ਸਿਲੈਕਸ਼ਨ ਸੈਂਟਰ (ਉੱਤਰ) ਨੂੰ ਜਲੰਧਰ ਤਬਦੀਲ ਕਰਨ ਦੀ ਤਜਵੀਜ਼ ਹੈ। ਭਾਰਤੀ ਥਲ ਸੈਨਾ ਦੇ ਸੂਤਰਾਂ ਅਨੁਸਾਰ ਰੂਪਨਗਰ ’ਚ ਲੋੜੀਂਦਾ ਰੇਲਵੇ ਅਤੇ ਸੜਕ ਸੰਪਰਕ ਮੌਜੂਦ ਨਾ ਹੋਣ ਕਾਰਨ ਇਸ ਨੂੰ ਤਬਦੀਲ ਕਰਨ ਬਾਰੇ ਵਿਚਾਰ ਹੋ ਰਿਹਾ ਹੈ।
ਸੂਤਰਾਂ ਮੁਤਾਬਕ ਇੱਥੇ ਭਰਤੀ ਲਈ ਆਉਣ ਵਾਲੇ ਉਮੀਦਵਾਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ ਰੂਪਨਗਰ ਵਿੱਚ ਫ਼ੌਜੀ ਜਾਂ ਹੋਰ ਹਸਪਤਾਲ ਨਹੀਂ ਹੈ ਜੋ ਸਰਵਿਸ ਸਿਲੈਕਸ਼ਨ ਬੋਰਡ ਦੀ ਭਰਤੀ ਤੋਂ ਬਾਅਦ ਡਾਕਟਰੀ ਮੁਆਇਨੇ ਲਈ ਜ਼ਰੂਰੀ ਹੈ। ਇਸ ਤੋਂ ਇਲਾਵਾ ਰੂਪਨਗਰ ’ਚ ਸਿਲੈਕਸ਼ਨ ਸੈਂਟਰ (ਉੱਤਰ)  ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਕੋਈ ਫ਼ੌਜੀ ਯੂਨਿਟ ਵੀ ਨਹੀਂ ਹੈ। ਇਨ੍ਹਾਂ ਗੱਲਾਂ ਨੂੰ ਧਿਆਨ ਵਿੱਚ ਰੱਖਦਿਆਂ ਸਿਲੈਕਸ਼ਨ ਸੈਂਟਰ (ਉੱਤਰ) ਨੂੰ ਜਲੰਧਰ ਤਬਦੀਲ ਕਰਨ ਦੀ ਤਜਵੀਜ਼ ਹੈ ਕਿਉਂਕਿ ਉਥੇ ਸਾਰੀਆਂ ਲੋੜੀਂਦੀਆਂ ਸਹੂਲਤਾਂ ਉਪਲੱਬਧ ਹਨ।
ਜ਼ਿਕਰਯੋਗ ਹੈ ਕਿ ਸਿਲੈਕਸ਼ਨ ਸੈਂਟਰ (ਉੱਤਰ) ਰੂਪਨਗਰ ’ਚ ਸਥਾਪਤ ਕਰਨ ਦੀ ਤਜਵੀਜ਼ ਪਿਛਲੀ ਅਕਾਲੀ-ਭਾਜਪਾ ਸਰਕਾਰ ਸਮੇਂ ਤਿਆਰ ਕੀਤੀ ਗਈ ਸੀ ਅਤੇ ਇਸ ਮੰਤਵ ਲਈ ਰਾਜ ਸਰਕਾਰ ਵੱਲੋਂ ਫ਼ੌਜ ਨੂੰ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈਆਈਟੀ) ਰੂਪਨਗਰ ਦੇ ਪੱਕੇ ਕੈਂਪਸ ਨੇੜੇ 203 ਏਕੜ ਜ਼ਮੀਨ ਦਿੱਤੀ ਗਈ ਸੀ। ਸਿਲੈਕਸ਼ਨ ਸੈਂਟਰ (ਉੱਤਰ) ਸਾਲ 2015 ਵਿੱਚ ਆਰਜ਼ੀ ਤੌਰ ’ਤੇ ਕਪੂਰਥਲਾ ’ਚ ਸ਼ੁਰੂ ਕਰ ਦਿੱਤਾ ਗਿਆ ਸੀ।
ਉਧਰ, ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ   ਸਿਲੈਕਸ਼ਨ ਸੈਂਟਰ ਨੂੰ ਤਬਦੀਲ ਕਰਨ ਦੀ ਤਜਵੀਜ਼ ਦਾ ਜ਼ੋਰਦਾਰ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਬੜੇ ਯਤਨਾਂ ਨਾਲ ਇਹ ਸੈਂਟਰ ਰੂਪਨਗਰ ਵਿਖੇ ਲਿਆਂਦਾ ਸੀ ਅਤੇ ਇਸ ਨੂੰ ਤਬਦੀਲ ਕਰਨਾ ਇਤਿਹਾਸਕ ਸ਼ਹਿਰ ਰੂਪਨਗਰ ਨਾਲ ਬੇਇਨਸਾਫ਼ੀ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਹ ਮਾਮਲਾ ਤੁਰੰਤ ਕੇਂਦਰ ਕੋਲ ਉਠਾਏ। ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਵੀ ਸਿਲੈਕਸ਼ਨ ਸੈਂਟਰ ਨੂੰ ਤਬਦੀਲ ਕਰਨ ਦੀ ਤਜਵੀਜ਼ ’ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਉਹ ਇਹ ਮਾਮਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ  ਕੋਲ ਉਠਾਉਣਗੇ। ਸ੍ਰੀ ਆਨੰਦਪੁਰ ਸਾਹਿਬ ਦੇ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਉਹ ਇਹ ਮਾਮਲਾ ਰੱਖਿਆ ਮੰਤਰੀ ਕੋਲ ਉਠਾਉਣਗੇ।

LEAVE A REPLY