ਅੰਧਵਿਸ਼ਵਾਸ ਵਿੱਚ ਫਸੇ ਪਰਿਵਾਰ ਦੇ ਬੱਚੇ ਦੀ ਹਾਲਤ ਵਿਗੜੀ

0
135
ਬੱਚੇ ਨੂੰ ਮੁੱਢਲੀ ਸਹਾਇਤਾ ਦੇ ਰਹੇ ਸਿਹਤਕਰਮੀ। -ਫੋਟੋ: ਪਵਨ ਗੋਇਲ

ਬੱਚੇ ਨੂੰ ਮੁੱਢਲੀ ਸਹਾਇਤਾ ਦੇ ਰਹੇ ਸਿਹਤਕਰਮੀ।

ਭੁੱਚੋ ਮੰਡੀ, 7 ਮਈ
ਮੀਜ਼ਲ-ਰੁਬੈਲਾ (ਐੱਮਆਰ) ਟੀਕਾਕਰਨ ਤੋਂ ਬਾਅਦ ਇੱਥੋਂ ਦੇ ਇੱਕ ਵਿਦਿਆਰਥੀ ਅਰਸ਼ (7 ਸਾਲ) ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਸ ਨੂੰ ਇਲਾਜ ਲਈ ਇੱਥੋਂ ਦੇ ਸਿਹਤ ਕੇਂਦਰ ਵਿੱਚ ਦਾਖ਼ਲ ਕਰਵਾਇਆ ਗਿਆ ਤੇ ਮਗਰੋਂ ਬਠਿੰਡਾ ਦੇ ਸਿਵਲ ਹਸਪਤਾਲ ਲਈ ਰੈਫ਼ਰ ਕਰ ਦਿੱਤਾ ਗਿਆ।
ਸਿਹਤ ਕਰਮੀ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਵਿਦਿਆਰਥੀ ਨੂੰ ‘ਚਿਕਨ ਪੌਕਸ’ ਨਿਕਲਣ ਕਾਰਨ ਪਰਿਵਾਰ ਅੰਧਵਿਸ਼ਵਾਸ ਵਿੱਚ ਫਸਿਆ ਹੋਇਆ ਸੀ ਤੇ ਇਲਾਜ ਕਰਵਾਉਣ ਤੋਂ ਕਤਰਾ ਰਿਹਾ ਸੀ। ਉਨ੍ਹਾਂ ਕਿਹਾ ਕਿ ਕਈ ਵਾਰ ਸਮਝਾਉਣ ਤੋਂ ਬਾਅਦ ਬੱਚੇ ਨੂੰ ਹਸਪਤਾਲ ਦਾਖ਼ਲ ਕਰਵਾਇਆ ਜਾ ਸਕਿਆ।  ਬੱਚੇ ਦੇ ਪਿਤਾ ਮਿੱਠੂ ਰਾਮ ਨੇ ਦੱਸਿਆ ਕਿ ਸਰਕਾਰੀ ਐਲੀਮੈਂਟਰੀ ਸਕੂਲ ਬਸਤੀ ਬੁਰਜ ਕਾਹਨ ਸਿੰਘ ਵਾਲਾ ਵਿੱਚ 1 ਮਈ ਨੂੰ ਸਿਹਤ ਵਿਭਾਗ ਦੀ ਟੀਮ ਵੱਲੋਂ ਵਿਦਿਆਰਥੀਆਂ ਦੇ ਐੱਮਆਰ ਦੇ ਟੀਕੇ ਲਾਏ ਗਏ ਸਨ। ਉਸ ਦਿਨ ਤੋਂ ਹੀ ਬੱਚਾ ਬੁਖ਼ਾਰ ਤੇ ਦਸਤ ਤੋਂ ਪੀੜਤ ਹੈ। ਇਸ ਤੋਂ ਇਲਾਵਾ ਉਸ ਦੇ ਸਰੀਰ ਉੱਤੇ ਦਾਣੇ ਵੀ ਨਿਕਲੇ ਹੋਏ ਹਨ। ਮਾਪਿਆਂ ਦੇ ਕਹਿਣ ’ਤੇ ਸਕੂਲ ਸਟਾਫ਼ ਨੇ ਸਿਹਤ ਵਿਭਾਗ ਦੀ ਟੀਮ ਨੂੰ ਵੀ ਸੂਚਿਤ ਕੀਤਾ।
ਸੁਪਰਵਾਈਜ਼ਰ ਡਾ. ਅਮਨਵੀਰ ਸਿੰਘ ਦਿਓਲ ਦੀ ਅਗਵਾਈ ਵਿੱਚ ਪਹੁੰਚੀ ਟੀਮ ਨੇ ਬੱਚੇ ਦੀ ਜਾਂਚ ਕੀਤੀ ਅਤੇ ਸਥਾਨਕ ਸੀਐੱਚਸੀ (ਮੁੱਢਲਾ ਸਿਹਤ ਕੇਂਦਰ) ਵਿੱਚ ਦਾਖ਼ਲ ਕਰਵਾ ਦਿੱਤਾ। ਸੀਐੱਚਸੀ ’ਚ ਤਾਇਨਾਤ ਐੱਸਐੱਮਓ ਡਾ. ਤੇਜਵੰਤ ਸਿੰਘ ਨੇ ਕਿਹਾ ਕਿ ਬੱਚੇ ਦੇ ਇਲਾਜ ਲਈ ਇੱਥੇ ਢੁਕਵਾਂ ਪ੍ਰਬੰਧ ਨਹੀਂ ਹੈ। ਇਸ ਸਬੰਧੀ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਵਿਸ਼ੇਸ਼ ਵਾਰਡ ਬਣਾਇਆ ਗਿਆ ਹੈ।

ਟੀਕਾਕਰਨ ਮਗਰੋਂ ਲੜਕੀ ਨੂੰ ਪੇਟ ਦਰਦ ਦੀ ਸ਼ਿਕਾਇਤ
ਸੰਗਤ ਮੰਡੀ : ਇੱਥੋਂ ਨੇੜਲੇ ਪਿੰਡ ਪੱਕਾ ਕਲਾਂ ਦੀ ਦਸਵੀਂ ਜਮਾਤ ਦੀ ਇਕ ਵਿਦਿਆਰਥਣ ਨੂੰ ਮੀਜ਼ਲਜ਼ ਰੁਬੈਲਾ ਦਾ ਟੀਕਾ ਲੱਗਣ ਤੋਂ ਇਕ ਦਿਨ ਬਾਅਦ ਪੇਟ ਦਰਦ ਸ਼ੁਰੂ ਹੋ ਗਿਆ ਤੇ ਉਲਟੀਆਂ ਵੀ ਆਈਆਂ। ਹਾਲਾਂਕਿ ਸਿਹਤ ਵਿਭਾਗ ਇਸ ਨੂੰ ਆਮ ਬਿਮਾਰੀ ਦੱਸ ਰਿਹਾ ਹੈ। ਵੇਰਵਿਆਂ ਮੁਤਾਬਕ ਵਿਦਿਆਰਥਣ ਗੁਰਬਿੰਦਰ ਕੌਰ ਪਿੰਡ ਦੇ ਸਰਕਾਰੀ ਸਕੂਲ ’ਚ ਦਸਵੀਂ ਜਮਾਤ ਵਿੱਚ ਪੜ੍ਹਦੀ ਹੈ। 5 ਮਈ ਨੂੰ ਸਿਹਤ ਵਿਭਾਗ ਦੀ ਟੀਮ ਵੱਲੋਂ ਸਕੂਲ ’ਚ ਟੀਕਾਕਰਨ ਕੀਤਾ ਗਿਆ ਸੀ ਤੇ 6 ਮਈ ਤੋਂ ਉਸ ਨੂੰ ਪੇਟ ਦਰਦ ਤੇ ਉਲਟੀਆਂ ਦਾ ਸ਼ਿਕਾਇਤ ਹੈ। ਪਰਿਵਾਰ ਦਾ ਕਹਿਣਾ ਹੈ ਕਿ ਦੋ ਦਿਨ ਬੀਤਣ ਮਗਰੋਂ ਵੀ ਪੇਟ ਦਰਦ ਨਹੀਂ ਰੁਕਿਆ। ਸਿਵਲ ਹਸਪਤਾਲ ਸੰਗਤ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸਰਬਜੀਤ ਸਿੰਘ ਦਾ ਕਹਿਣਾ ਹੈ ਕਿ ਬੱਚੇ ਨੂੰ ਕਈ ਵਾਰ ਘਬਰਾਹਟ ਨਾਲ ਇਸ ਤਰ੍ਹਾਂ ਹੋ ਜਾਂਦਾ ਹੈ। ਜੇਕਰ ਟੀਕੇ ਦਾ ਕੋਈ ਗਲਤ ਅਸਰ ਹੁੰਦਾ ਤਾਂ ਉਹ ਟੀਕਾ ਲੱਗਣ ਤੋਂ ਅੱਧੇ ਘੰਟੇ ਬਾਅਦ ਹੀ ਸ਼ੁਰੂ ਹੋ ਜਾਂਦਾ ਹੈ।

LEAVE A REPLY