ਛੋਟੇ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਛੇਤੀ: ਬ੍ਰਹਮ ਮਹਿੰਦਰਾ

0
128
ਕਿਸਾਨਾਂ ਨੂੰ ਕਰਜ਼ਾ ਮੁਆਫ਼ੀ ਸਰਟੀਫਿਕੇਟ ਦਿੰਦੇ ਹੋਏ ਸਿਹਤ ਮੰਤਰੀ ਬ੍ਰਹਮ ਮਹਿੰਦਰਾ।

ਕਿਸਾਨਾਂ ਨੂੰ ਕਰਜ਼ਾ ਮੁਆਫ਼ੀ ਸਰਟੀਫਿਕੇਟ ਦਿੰਦੇ ਹੋਏ ਸਿਹਤ ਮੰਤਰੀ ਬ੍ਰਹਮ ਮਹਿੰਦਰਾ।

ਮੋਗਾ, 4 ਮਈ
ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਨੇ ਕਰਜ਼ਾ ਮੁਆਫ਼ ਕਰਕੇ ਡੁੱਬਦੀ ਕਿਸਾਨੀ ਦੀ ਬਾਂਹ ਫੜੀ ਹੈ। ਉਨ੍ਹਾਂ ਜ਼ਿਲ੍ਹੇ ਦੇ 6615 ਕਿਸਾਨਾਂ ਨੂੰ 31.86 ਕਰੋੜ ਰੁਪਏ ਦੀ ਕਰਜ਼ਾ ਮੁਆਫ਼ੀ ਦੇ ਸਰਟੀਫਿਕੇਟ ਵੰਡੇ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਨੇ ਦਸ ਸਾਲਾਂ ਦੌਰਾਨ ਕੋਈ ਕਰਜ਼ਾ ਰਾਹਤ ਨਹੀਂ ਦਿੱਤੀ।
ਸਿਹਤ ਮੰਤਰੀ ਨੇ ਕਿਹਾ ਕਿ ਇਕੱਲੇ ਮੋਗਾ ਜ਼ਿਲ੍ਹੇ ਦੇ ਕੁੱਲ 19,882 ਕਿਸਾਨਾਂ ਨੂੰ 82.98 ਕਰੋੜ ਰੁਪਏ ਦੀ ਕਰਜ਼ਾ ਮੁਆਫ਼ੀ ਦੀ ਰਾਹਤ ਮਿਲੀ ਹੈ।  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਗਵਾਈ ਹੇਠ ਨਕੋਦਰ, ਗੁਰਦਾਸਪੁਰ, ਸੰਗਰੂਰ ਤੇ ਮਾਨਸਾ ਵਿੱਚ ਸੂਬਾ ਪੱਧਰੀ ਕਰਜ਼ਾ ਮੁਆਫ਼ੀ ਸਮਾਗਮਾਂ ’ਚ ਕੁੱਲ 1,69,083 ਸੀਮਾਂਤ ਕਿਸਾਨਾਂ ਦੇ 827.74 ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਕੀਤੇ ਜਾ ਚੁੱਕੇ ਹਨ। ਇਸ ਤੋਂ ਬਾਅਦ 2.5 ਏਕੜ ਤੋਂ 5 ਏਕੜ ਦੀ ਮਲਕੀਅਤ ਵਾਲੇ ਛੋਟੇ ਕਿਸਾਨਾਂ ਨੂੰ ਬਣਦੀ ਕਰਜ਼ਾ ਰਾਹਤ ਦੀ ਰਾਸ਼ੀ ਮੁਹੱਈਆ ਕਰਵਾਈ ਜਾਵੇਗੀ। ਇਸ ਮੌਕੇ ਸਿਹਤ ਮੰਤਰੀ ਨੇ ਕਿਹਾ ਕਿ ਹਸਪਤਾਲਾਂ/ਡਿਸਪੈਂਸਰੀਆਂ ਲਈ ਸੂਬੇ ਵਿੱਚ 306 ਡਾਕਟਰਾਂ ਦੀ ਭਰਤੀ ਛੇਤੀ ਹੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੋਲੀਓ ਅਤੇ ਮਲੇਰੀਆ ਵਾਂਗ ਖਸਰਾ ਤੇ ਰੁਬੈਲਾ ਵਰਗੀਆਂ ਬਿਮਾਰੀਆਂ ਨੂੰ ਜੜ੍ਹੋਂ ਖਤਮ ਕਰਨ ਲਈ ਪਹਿਲੀ ਮਈ ਤੋਂ ਸ਼ੁਰੂ ਕੀਤੀ ਟੀਕਾਕਰਨ ਮੁਹਿੰਮ ਦੌਰਾਨ 9 ਤੋਂ 15 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਟੀਕਾ ਲਵਾਉਣਾ ਲਾਜ਼ਮੀ ਹੈ। ਉਨ੍ਹਾਂ ਸੋਸ਼ਲ ਮੀਡੀਆ ਰਾਹੀਂ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਤੋਂ ਬਚਣ ਦਾ ਸੱਦਾ ਦਿੱਤਾ।
ਇਸ ਮੌਕੇ ਵਿਧਾਇਕ ਡਾ. ਹਰਜੋਤ ਕਮਲ ਸਿੰਘ, ਵਿਧਾਇਕ ਬਾਘਾਪੁਰਾਣਾ ਦਰਸ਼ਨ ਸਿੰਘ ਬਰਾੜ ਅਤੇ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ, ਸਾਬਕਾ ਮੰਤਰੀ ਡਾ. ਮਾਲਤੀ ਥਾਪਰ, ਡਿਪਟੀ ਕਮਿਸ਼ਨਰ ਦਿਲਰਾਜ ਸਿੰਘ, ਐੱਸਐੱਸਪੀ ਰਾਜਜੀਤ ਸਿੰਘ ਹੁੰਦਲ, ਜ਼ਿਲ੍ਹਾ ਕਾਂਗਰਸ ਪ੍ਰਧਾਨ ਕਰਨਲ ਬਾਬੂ ਸਿੰਘ, ਪੰਜਾਬ ਰਾਜ ਕੋਆਪ੍ਰੇਟਿਵ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਐੱਸ.ਕੇ. ਬਾਤਿਸ਼, ਸੈਂਟਰਲ ਕੋਆਪ੍ਰੇਟਿਵ ਬੈਂਕ ਦੇ ਜ਼ਿਲ੍ਹਾ ਮੈਨੇਜਰ ਰਾਜਿੰਦਰ ਸਿੰਘ ਢਿੱਲੋਂ, ਐੱਸਡੀਐੱਮ ਮੋਗਾ ਸੁਖਪ੍ਰੀਤ ਸਿੰਘ ਤੇ ਐੱਸਡੀਐੱਮ ਧਰਮਕੋਟ ਗੁਰਵਿੰਦਰ ਸਿੰਘ ਜੌਹਲ ਵੀ ਹਾਜ਼ਰ ਸਨ।

LEAVE A REPLY