ਪੰਜਾਬ ਵਿਸ਼ੇਸ਼ ਪੈਕੇਜ ਦਾ ਹੱਕਦਾਰ: ਮਨਪ੍ਰੀਤ ਬਾਦਲ

0
109
ਕਿਸਾਨਾਂ ਨੂੰ ਕਰਜ਼ਾ ਮੁਆਫ਼ੀ ਸਰਟੀਫਿਕੇਟ ਦਿੰਦੇ ਹੋਏ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ। -ਫੋਟੋ: ਪਵਨ ਸ਼ਰਮਾ

ਕਿਸਾਨਾਂ ਨੂੰ ਕਰਜ਼ਾ ਮੁਆਫ਼ੀ ਸਰਟੀਫਿਕੇਟ ਦਿੰਦੇ ਹੋਏ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ।

ਬਠਿੰਡਾ, 2 ਮਈ
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਕੇਂਦਰ ਤੋਂ ਮੰਗ ਕੀਤੀ ਕਿ ਮਹਾਰਾਸ਼ਟਰ ਦੀ ਤਰਜ਼ ’ਤੇ ਪੰਜਾਬ ਦੇ ਖ਼ੁਦਕੁਸ਼ੀ ਪੀੜਤ ਪਰਿਵਾਰਾਂ ਲਈ ਵੀ ਵਿਸ਼ੇਸ਼ ਪੈਕੇਜ ਐਲਾਨਿਆ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਨਰਮਾ ਪੱਟੀ ਦੀ ਕਿਸਾਨੀ ਵੀ ਮਹਾਰਾਸ਼ਟਰ ਦੇ ਵਿਦਰਭ ਖ਼ਿੱਤੇ ਵਾਂਗ ਮੰਦਹਾਲੀ ਦੇ ਦੌਰ ’ਚੋਂ ਗੁਜ਼ਰ ਰਹੀ ਹੈ। ਇਸ ਲਈ ਪੰਜਾਬ ਵੀ ਇਸ ਰਾਹਤ ਪੈਕੇਜ ਦਾ ਹੱਕਦਾਰ ਹੈ।
ਵਿੱਤ ਮੰਤਰੀ ਅੱਜ ਇੱਥੇ ਜ਼ਿਲ੍ਹਾ ਬਠਿੰਡਾ ਦੇ 7,213 ਕਿਸਾਨਾਂ ਨੂੰ 29.16 ਕਰੋੜ ਰੁਪਏ ਦੀ ਕਰਜ਼ਾ ਮੁਆਫ਼ੀ ਦੇਣ ਸਬੰਧੀ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਪੁੱਜੇ ਸਨ। ਵਿੱਤ ਮੰਤਰੀ ਨੇ ਕਿਹਾ ਕਿ ਖ਼ੁਦਕੁਸ਼ੀ ਪੀੜਤ ਪਰਿਵਾਰਾਂ ਦੀ ਰਿਪੋਰਟ ਨੂੰ ਆਉਂਦੇ ਸੈਸ਼ਨ ਵਿੱਚ ਵਿਚਾਰਿਆ ਜਾਵੇਗਾ। ਸ੍ਰੀ ਬਾਦਲ ਨੇ ਆਖਿਆ ਕਿ ਪੰਜਾਬ ਸਰਕਾਰ 10.25 ਲੱਖ ਕਿਸਾਨਾਂ ਦੇ 10 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਕਰੇਗੀ। ਉਨ੍ਹਾਂ ਕਿਹਾ ਕਿ ਅਜਿਹੇ ਸਾਰੇ ਮਾਮਲੇ ਸਤੰਬਰ ਮਹੀਨੇ ਤੱਕ ਮੁਕੰਮਲ ਕਰ ਲਏ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ 4,250 ਕਰੋੜ ਰੁਪਏ ਚਾਲੂ ਮਾਲੀ ਵਰ੍ਹੇ ਦੇ ਬਜਟ ਵਿੱਚ ਰੱਖੇ ਹਨ ਅਤੇ ਬਾਕੀ ਰਕਮ ਦਾ ਪ੍ਰਬੰਧ ਵੀ ਵੱਖ-ਵੱਖ ਸਰੋਤਾਂ ਤੋਂ ਕੀਤਾ ਜਾ ਰਿਹਾ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਦੀਪਰਵਾ ਲਾਕਰਾ, ਕਾਂਗਰਸ (ਸ਼ਹਿਰੀ) ਦੇ ਪ੍ਰਧਾਨ ਮੋਹਨ ਲਾਲ ਝੂੰਬਾ, ਕਾਂਗਰਸ ਨੇਤਾ ਰਾਜਨ ਗਰਗ, ਹਰਵਿੰਦਰ ਸਿੰਘ ਲਾਡੀ, ਟਹਿਲ ਸਿੰਘ ਸੰਧੂ, ਕੇ.ਕੇ. ਅਗਰਵਾਲ, ਪਵਨ ਮਾਨੀ, ਵਿੱਤ ਮੰਤਰੀ ਦੇ ਮੀਡੀਆ ਸਲਾਹਕਾਰ ਹਰਜੋਤ ਸਿੰਘ ਸਿੱਧੂ, ਸਹਿਕਾਰੀ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਜਗਦੀਪ ਸਿੰਘ ਸਿੱਧੂ ਤੇ ਡਿਪਟੀ ਰਜਿਸਟਰਾਰ ਬਲਵਿੰਦਰ ਸਿੰਘ ਹਾਜ਼ਰ ਸਨ।

ਮਾਨਸਾ ਵਿੱਚ ਕਰਜ਼ਾ ਮੁਆਫ਼ੀ ਸਮਾਗਮ ਅੱਜ

ਮਾਨਸਾ : ਪੰਜਾਬ ਸਰਕਾਰ ਦੀ ਕਿਸਾਨ ਕਰਜ਼ਾ ਮੁਆਫ਼ੀ ਯੋਜਨਾ ਦੇ ਦੂਜੇ ਪੜਾਅ ਤਹਿਤ ਵੀਰਵਾਰ ਨੂੰ ਇੱਥੇ ਕੀਤੇ ਜਾਣ ਵਾਲੇ ਸਮਾਗਮ ਵਿੱਚ ਵਿੱਤ ਮੰਤਰੀ ਮਨਪ੍ਰੀਤ ਬਾਦਲ ਸ਼ਿਰਕਤ ਕਰਨਗੇ। ਡਿਪਟੀ ਕਮਿਸ਼ਨਰ ਬਲਵਿੰਦਰ ਸਿੰਘ ਧਾਲੀਵਾਲ, ਐੱਸਐੱਸਪੀ ਪਰਮਬੀਰ ਸਿੰਘ ਪਰਮਾਰ ਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨੇ ਅੱਜ ਸਮਾਗਮ ਵਾਲੀ ਥਾਂ ਦਾ ਜਾਇਜ਼ਾ ਲਿਆ। ਪ੍ਰਸ਼ਾਸਨ ਨੇ ਪੂਰੇ ਜ਼ਿਲ੍ਹੇ ’ਚੋਂ 500 ਤੋਂ 700 ਕਿਸਾਨਾਂ ਨੂੰ ਹੀ ਸੱਦਾ ਦਿੱਤਾ ਹੈ, ਜਦਕਿ ਕਰਜ਼ਾ ਮੁਆਫ਼ੀ ਦਾ ਲਾਭ ਲੈਣ ਵਾਲੇ ਕਿਸਾਨਾਂ ਦੀ ਗਿਣਤੀ 6 ਹਜ਼ਾਰ ਤੋਂ ਵੱਧ ਦੱਸੀ ਗਈ ਹੈ। ਡਿਪਟੀ ਕਮਿਸ਼ਨਰ ਮੁਤਾਬਕ ਇਸ ਸਮਾਗਮ ਦੌਰਾਨ ਤਕਰੀਬਨ 22 ਕਰੋੜ ਰੁਪਏ ਦੀ ਕਰਜ਼ਾ ਰਾਸ਼ੀ ਮੁਆਫ਼ ਕੀਤੀ ਜਾਵੇਗੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਮੀਤ ਸਿੰਘ ਸਿੱਧੂ, ਸਹਾਇਕ ਕਮਿਸ਼ਨਰ (ਜ) ਓਮ ਪ੍ਰਕਾਸ਼ ਤੇ ਡੀਐੱਸਪੀ ਕਰਨਵੀਰ ਸਿੰਘ ਹਾਜ਼ਰ ਸਨ।

LEAVE A REPLY