ਸਾਬਕਾ ਐੱਸਐੱਸਪੀ ਗਰੇਵਾਲ ਵੱਲੋਂ ਆਤਮ ਸਮਰਪਣ

0
138
ਪਟਿਆਲਾ ਵਿੱਚ ਰਿਟਾਿੲਰਡ ਐੱਸ.ਐੱਸ.ਪੀ. ਸੁਰਜੀਤ ਸਿੰਘ ਗਰੇਵਾਲ

ਪਟਿਆਲਾ ਵਿੱਚ ਰਿਟਾਿੲਰਡ ਐੱਸ.ਐੱਸ.ਪੀ. ਸੁਰਜੀਤ ਸਿੰਘ ਗਰੇਵਾਲ

ਪਟਿਆਲਾ, 17 ਅਪਰੈਲ
ਨੌਕਰੀ ਦੌਰਾਨ ਆਮਦਨ ਨਾਲੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ’ਤੇ ਆਧਾਰਿਤ ਕੇਸ ਦਾ ਸਾਹਮਣਾ ਕਰ ਰਹੇ ਰਿਟਾ. ਐੱਸ.ਐੱਸ.ਪੀ. ਸੁਰਜੀਤ ਸਿੰਘ ਗਰੇਵਾਲ ਨੇ ਅੱਜ ਇੱਥੇ ਵਧੀਕ ਸੈਸ਼ਨ ਜੱਜ  ਰਾਜੀਵ ਕਾਲੜਾ ਦੀ ਅਦਾਲਤ ਵਿੱਚ ਆਤਮ-ਸਮਰਪਣ ਕੀਤਾ। ਅਦਾਲਤ ਨੇ ਉਸ ਨੂੰ ਨਿਆਂਇਕ ਹਿਰਾਸਤ ਅਧੀਨ ਜੇਲ੍ਹ ਭੇਜ ਦਿੱਤਾ ਹੈ। ਇਹ ਕੇਸ ਵਿਜੀਲੈਂਸ ਬਿਓਰੋ ਵੱਲੋਂ ਦਰਜ ਕੀਤਾ ਗਿਆ ਹੈ। ਗਰੇਵਾਲ ਵੱਲੋਂ ਕੀਤੇ ਆਤਮ ਸਮਰਪਣ ਕਰਨ ਬਾਰੇ ਪਤਾ ਲੱਗਣ ’ਤੇ ਵਿਜੀਲੈਂਸ ਅਧਿਕਾਰੀਆਂ ਨੇ ਉਸ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਭਲਕੇ ਅਦਾਲਤ ਤੋਂ ਪੁਲੀਸ ਰਿਮਾਂਡ ਹਾਸਲ ਕਰਨ ਦੀ ਤਿਆਰੀ ਵਿੱਢ ਦਿੱਤੀ ਹੈ।
ਥਾਣਾ ਵਿਜੀਲੈਂਸ ਬਿਓਰੋ ਪਟਿਆਲਾ ਵਿੱਚ 21 ਦਸੰਬਰ 2017 ਨੂੰ ਦਰਜ ਕੀਤੇ ਕੇਸ ਮੁਤਾਬਕ ਸੁਰਜੀਤ ਸਿੰਘ ਗਰੇਵਾਲ ਖ਼ਿਲਾਫ਼ 1 ਅਪਰੈਲ 1999 ਤੋਂ 31 ਦਸੰਬਰ 2014 ਤੱਕ ਦੇ ਸਮੇਂ ਦੌਰਾਨ 2.12 ਕਰੋੜ ਰੁਪਏ ਦੀ ਆਮਦਨ ਦੇ ਮੁਕਾਬਲੇ 12.19 ਕਰੋੜ ਰੁਪਏ ਦੀ ਜਾਇਦਾਦ ਬਣਾਉਣ ਦੇ ਦੋਸ਼ ਲੱਗੇ ਸਨ। ਤਫ਼ਤੀਸ਼ ਦੌਰਾਨ ਇਹ ਅੰਕੜਾ ਹੋਰ ਵਧ ਗਿਆ। ਇਸ ਕੇਸ ਵਿੱਚ ਅਗਾਊਂ ਜ਼ਮਾਨਤ ਹਾਸਲ ਕਰਨ ਦੀ ਅਰਜ਼ੀ ਪਿਛਲੇ ਦਿਨੀਂ ਸੁਪਰੀਮ ਕੋਰਟ ਤੋਂ ਵੀ ਰੱਦ ਹੋ ਗਈ ਸੀ। ਇਸ ਤੋਂ ਪਹਿਲਾਂ ਅਦਾਲਤੀ ਆਦੇਸ਼ਾਂ ’ਤੇ ਉਹ ਤਿੰਨ ਵਾਰ ਵਿਜੀਲੈਂਸ ਦੇ ਪਟਿਆਲਾ ਸਥਿਤ ਦਫ਼ਤਰ ਵਿੱਚ ਤਫ਼ਤੀਸ਼ ਵਿੱਚ ਵੀ ਸ਼ਾਮਲ ਹੋਇਆ ਸੀ। ਇਸ ਅਰਜ਼ੀ ’ਤੇ ਫ਼ੈਸਲੇ ਲਈ  ਪਿਛਲੇ ਦਿਨੀਂ  ਹੋਈ ਅੰਤਿਮ ਸੁਣਵਾਈ  ਦੌਰਾਨ ਵਿਜੀਲੈਂਸ ਨੇ ਮੁਲਜ਼ਮ ਵੱਲੋਂ ਤਫ਼ਤੀਸ਼ ਦੌਰਾਨ ਸਹਿਯੋਗ ਨਾ ਦੇਣ ਕਰਕੇ ਹਿਰਾਸਤੀ ਪੁੱਛ-ਪੜਤਾਲ ਜ਼ਰੂਰੀ ਹੋਣ ਦਾ ਤਰਕ ਦਿੱਤਾ ਤਾਂ ਸੁਪਰੀਮ ਕੋਰਟ ਨੇ ਅਗਾਊਂ ਜ਼ਮਾਨਤ ਦੀ  ਅਰਜ਼ੀ ਰੱਦ ਕਰ ਦਿੱਤੀ ਸੀ। ਇਸ ਤਹਿਤ ਹੀ ਸੁਰਜੀਤ ਸਿੰਘ ਗਰੇਵਾਲ ਨੇ ਆਤਮ-ਸਮਰਪਣ ਕੀਤਾ। ਅਦਾਲਤ ਨੇ ਉਸ ਨੂੰ ਜੇਲ੍ਹ ਭੇਜ ਦਿੱਤਾ।
ਸੰਪਰਕ ਕਰਨ ’ਤੇ ਵਿਜੀਲੈਂਸ ਬਿਓਰੋ ਪਟਿਆਲਾ ਦੇ ਐੱਸ.ਐੱਸ.ਪੀ. ਜਸਪ੍ਰੀਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਪ੍ਰੋਡਕਸ਼ਨ ਵਾਰੰਟਾਂ ’ਤੇ ਜੇਲ੍ਹ ਤੋਂ ਲਿਆ ਕੇ ਮੁਲਜ਼ਮ ਦਾ ਭਲਕੇ ਅਦਾਲਤ ਵਿੱਚੋਂ  ਪੁਲੀਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਪੁੱਛ-ਪੜਤਾਲ ਕੀਤੀ ਜਾ ਸਕੇ।
ਦੱਸਣਯੋਗ ਹੈ ਕਿ ਅਤਿਵਾਦ ਸਮੇਂ ਪਟਿਆਲਾ ਵਿੱਚ ਸੀਆਈਏ ਇੰਚਾਰਜ ਤੇ ਐੱਸਪੀ (ਡੀ) ਰਹਿਣ ਸਮੇਤ ਸੁਰਜੀਤ ਸਿੰਘ ਗਰੇਵਾਲ ਪਿਛਲੀ ਬਾਦਲ ਸਰਕਾਰ ਦੌਰਾਨ ਮੋਗਾ ਵਿੱਚ ਐੱਸ.ਐੱਸ.ਪੀ ਅਤੇ ਲੁਧਿਆਣਾ ਵਿੱਚ ਵਿਜੀਲੈਂਸ ਦੇ  ਐੱਸ.ਐੱਸ.ਪੀ. ਵੀ ਰਹੇ ਸਨ।

LEAVE A REPLY