ਚੀਫ ਖਾਲਸਾ ਦੀਵਾਨ ਚੋਣ ਵਿਵਾਦ: ਅਕਾਲ ਤਖ਼ਤ ਦੇ ਦਖ਼ਲ ਨੂੰ ਇੱਕ ਧਿਰ ਨੇ ਜਾਇਜ਼ ਠਹਿਰਾਇਆ

0
151

ਅੰਮ੍ਰਿਤਸਰ ਵਿੱਚ ਪ੍ਰੈੱਸ ਕਾਨਫਰੰਸ ਕਰਦੇ ਹੋਏ ਚੀਫ ਖਾਲਸਾ ਦੀਵਾਨ ਦੇ ਸਕੱਤਰ ਸੁਰਿੰਦਰ ਸਿੰਘ। ਉਨ੍ਹਾਂ ਨਾਲ ਨਜ਼ਰ ਆ ਰਹੇ ਹਨ ਰਾਜ ਮੋਹਿੰਦਰ ਸਿੰਘ ਮਜੀਠਾ ਅਤੇ ਭਾਗ ਸਿੰਘ ਅਣਖੀ। -ਫੋਟੋ: ਵਿਸ਼ਾਲ

ਅੰਮ੍ਰਿਤਸਰ ਵਿੱਚ ਪ੍ਰੈੱਸ ਕਾਨਫਰੰਸ ਕਰਦੇ ਹੋਏ ਚੀਫ ਖਾਲਸਾ ਦੀਵਾਨ ਦੇ ਸਕੱਤਰ ਸੁਰਿੰਦਰ ਸਿੰਘ। ਉਨ੍ਹਾਂ ਨਾਲ ਨਜ਼ਰ ਆ ਰਹੇ ਹਨ ਰਾਜ ਮੋਹਿੰਦਰ ਸਿੰਘ ਮਜੀਠਾ ਅਤੇ ਭਾਗ ਸਿੰਘ ਅਣਖੀ।

ਅੰਮ੍ਰਿਤਸਰ, 11 ਅਪਰੈਲ
ਚੀਫ ਖਾਲਸਾ ਦੀਵਾਨ ਦੀ ਉਪ ਚੋਣ ਸਬੰਧੀ ਪੈਦਾ ਹੋਏ ਵਿਵਾਦ ਦੌਰਾਨ ਅੱਜ ਇੱਥੇ ਰਾਜ ਮਹਿੰਦਰ ਸਿੰਘ ਮਜੀਠਾ ਧੜੇ ਨੇ ਇਸ ਮਾਮਲੇ ਵਿੱਚ ਅਕਾਲ ਤਖ਼ਤ ਦੇ ਦਖ਼ਲ ਨੂੰ ਜਾਇਜ਼ ਕਰਾਰ ਦਿੱਤਾ ਹੈ। ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਉਪ ਚੋਣ ਵਿਵਾਦ ਸਬੰਧੀ ਸੱਤ ਦਿਨਾਂ ਵਿੱਚ ਜਾਂਚ ਰਿਪੋਰਟ ਮੰਗੀ ਜਾ ਚੁੱਕੀ ਹੈ।
ਅੱਜ ਇੱਥੇ ਮੀਡੀਆ ਨਾਲ ਗੱਲ ਕਰਦਿਆਂ ਦੀਵਾਨ ਦੇ ਸਾਬਕਾ ਆਨਰੇਰੀ ਸਕੱਤਰ ਭਾਗ ਸਿੰਘ ਅਣਖੀ, ਸਾਬਕਾ ਸੰਸਦ ਮੈਂਬਰ ਰਾਜ ਮਹਿੰਦਰ ਸਿੰਘ ਮਜੀਠਾ, ਦੀਵਾਨ ਦੇ ਸਥਾਨਕ ਪ੍ਰਧਾਨ ਨਿਰਮਲ ਸਿੰਘ ਅਤੇ ਆਨਰੇਰੀ ਸਕੱਤਰ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਸਮੇਤ ਹੋਰ ਸਿੱਖ ਆਗੂਆਂ ਨੇ ਆਖਿਆ ਕਿ ਇਸ ਸੰਸਥਾ ਦੇ ਸੰਵਿਧਾਨ ਵਿੱਚ ਇਹ ਦਰਜ ਹੈ ਕਿ ਸ੍ਰੀ ਹਰਿਮੰਦਰ ਸਾਹਿਬ, ਤਖ਼ਤ ਸਾਹਿਬਾਨ ਅਤੇ ਗੁਰਦੁਆਰਿਆਂ ਦੀਆਂ ਅਹਿਮ ਸ਼ਖ਼ਸੀਅਤਾਂ ਦੀਵਾਨ ਦੀ ਜਨਰਲ ਕਮੇਟੀ ਦੇ ਮੈਂਬਰ ਬਣ ਸਕਦੇ ਹਨ ਪਰ ਸੰਸਥਾ ਦੇ ਪੁਰਾਣੇ ਸੰਵਿਧਾਨ ਨੂੰ ਸਾਬਕਾ ਪ੍ਰਧਾਨ ਦੇ ਸਮੇਂ ਬਦਲਿਆ ਗਿਆ ਹੈ। ਇਸ ਦੇ ਬਾਵਜੂਦ ਸਮੇਂ-ਸਮੇਂ ’ਤੇ ਅਕਾਲ ਤਖ਼ਤ ਦੇ ਜਥੇਦਾਰ ਦੀ ਦਖਲਅੰਦਾਜ਼ੀ ਹੁੰਦੀ ਰਹੀ ਹੈ।
ਮੌਜੂਦਾ ਉਪ ਚੋਣ ਵਿੱਚ ਅਕਾਲ ਤਖ਼ਤ ਦੇ ਜਥੇਦਾਰ ਦੇ ਦਖ਼ਲ ਦਾ ਵਿਰੋਧ ਕਰ ਰਹੀ ਧਿਰ ਨੂੰ ਸਿੱਖ ਆਗੂਆਂ ਨੇ ਆਖਿਆ ਕਿ 2002 ਵਿੱਚ ਕਿਰਪਾਲ ਸਿੰਘ ਦੀ ਮੌਤ ਮਗਰੋਂ ਪਹਿਲੀ ਵਾਰ ਅਕਾਲ ਤਖ਼ਤ ਦੇ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਵੱਲੋਂ ਪ੍ਰਬੰਧ ਵਾਸਤੇ ਪ੍ਰਿਥੀਪਾਲ ਸਿੰਘ ਕਪੂਰ ਦੀ ਅਗਵਾਈ ਹੇਠ ਕਮੇਟੀ ਕਾਇਮ ਕੀਤੀ ਗਈ ਸੀ। ਮਗਰੋਂ 2003 ਵਿੱਚ ਜਦੋਂ ਦੀਵਾਨ ਦੇ ਦਫਤਰਾਂ ਨੂੰ ਤਾਲੇ ਮਾਰ ਦਿੱਤੇ ਗਏ ਅਤੇ ਪ੍ਰਬੰਧ ਜ਼ਿਲ੍ਹਾ ਪ੍ਰਸ਼ਾਸਨ ਕੋਲ ਚਲਾ ਗਿਆ, ਉਸ ਵੇਲੇ ਵੀ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਤਰਲੋਚਨ ਸਿੰਘ ਨੇ ਦੀਵਾਨ ਦੇ ਦਫਤਰਾਂ ਦੇ ਤਾਲੇ ਖੁਲ੍ਹਵਾਏ ਅਤੇ ਚਾਬੀਆਂ ਅਕਾਲ ਤਖ਼ਤ ਦੇ ਹਵਾਲੇ ਕੀਤੀਆਂ ਸਨ। ਇਸ ਤੋਂ ਬਾਅਦ ਵੀ ਦੀਵਾਨ ਵਿਚਲੇ ਆਪਸੀ ਝਗੜੇ ਨੂੰ ਨਿਬੇੜਨ ਲਈ ਕਈ ਵਾਰ ਅਕਾਲ ਤਖ਼ਤ ਦੇ ਜਥੇਦਾਰ ਵਲੋਂ ਦਖਲਅੰਦਾਜ਼ੀ ਕੀਤੀ ਗਈ ਹੈ। ਉਨ੍ਹਾਂ ਆਖਿਆ ਕਿ ਵਿਰੋਧ ਕਰਨ ਵਾਲਾ ਧੜਾ ਪਹਿਲਾਂ ਆਪਣੇ ਮੰਤਵ ਲਈ ਅਕਾਲ ਤਖ਼ਤ ਦੀ ਵਰਤੋਂ ਕਰਦਾ ਰਿਹਾ ਹੈ ਪਰ ਹੁਣ ਜਦੋਂ ਉਪ ਚੋਣ ਵਿੱਚ ਬੇਨਿਯਮੀਆਂ ਹੋਈਆਂ ਹਨ ਤਾਂ ਅਕਾਲ ਤਖ਼ਤ ਦੀ ਦਖਲਅੰਦਾਜ਼ੀ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਸਿੱਖ ਆਗੂਆਂ ਨੇ ਦੱਸਿਆ ਕਿ ਅਕਾਲ ਤਖ਼ਤ ਦੇ ਜਥੇਦਾਰ ਨੂੰ ਇਸ ਮਾਮਲੇ ਸਬੰਧੀ ਜਾਂਚ ਰਿਪੋਰਟ ਭਲਕੇ ਸੌਂਪ ਦਿੱਤੀ ਜਾਵੇਗੀ।

LEAVE A REPLY