ਦਮਦਮੇ ਦੀ ਵਿਸਾਖੀ ਮੌਕੇ ਭਿੜਨਗੇ ਵੱਡੇ ਪੰਜਾਬ ਦੇ ਵੱਡੇ ਸਿਆਸੀ ਸ਼ਰੀਕ

0
243

ਬਠਿੰਡਾ, 30 ਮਾਰਚ
ਐਤਕੀਂ ਦਮਦਮਾ ਸਾਹਿਬ ਦੀ ਵਿਸਾਖੀ ’ਤੇ ਮਾਲਵੇ ਨਾਲ ਸਬੰਧਤ ਵੱਡੇ ਸਿਆਸੀ ਤੇ ਸਮਾਜਿਕ ਸ਼ਰੀਕਾਂ ਦੇ ਮਿਹਣਿਆਂ ਦੀ ਗੂੰਜ ਪੈਣ ਦੀ ਸੰਭਾਵਨਾ ਹੈ। ਵਿਧਾਨ ਸਭਾ ਦੇ ਮੌਜੂਦਾ ਸੈਸ਼ਨ ’ਚ ਰਹੀ ਗਰਮੀ ਨੇ ਵਿਸਾਖੀ ਕਾਨਫ਼ਰੰਸ ਲਈ ਨਵੇਂ ਹੱਲਿਆਂ ਦਾ ਮੁੱਢ ਬੰਨ੍ਹ ਦਿੱਤਾ ਹੈ। ਕੈਪਟਨ ਸਰਕਾਰ ਨੇ ਇੱਕ ਵਰ੍ਹਾ ਮੁਕੰਮਲ ਵੀ ਕਰ ਲਿਆ ਹੈ। ਸ਼੍ਰੋਮਣੀ ਅਕਾਲੀ ਦਲ ਦੀ ਇਸ ਗੱਲੋਂ ਅੱਡੀ ਨਹੀਂ ਲੱਗ ਰਹੀ ਕਿ ੳੁਸ ਕੋਲ ਮੁੱਦਿਆਂ ਦੀ ਕੋਈ ਕਮੀ ਨਹੀਂ। ਨਵੇਂ ਟੈਕਸ ਤੇ ਅੱਧ-ਪਚੱਧੀ ਕਰਜ਼ਾ ਮੁਆਫ਼ੀ ਦੇ ਮੁੱਦੇ ਵਿਰੋਧੀ ਧਿਰਾਂ ਦੀਆਂ ਕਾਨਫ਼ਰੰਸਾਂ ਵਿਚ ਗੂੰਜਣਗੇ।
ਸੂਤਰਾਂ ਮੁਤਾਬਕ ਅਕਾਲੀ ਦਲ ਵੱਲੋਂ ਵਿਸਾਖੀ ਕਾਨਫ਼ਰੰਸ ’ਤੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ’ਤੇ ਹੀ ਨਿਸ਼ਾਨਾ ਰੱਖਿਆ ਜਾਵੇਗਾ। ਮੁਲਾਜ਼ਮ ਧਿਰਾਂ ਨੇ ਵੀ ਅੰਦਰੋ-ਅੰਦਰੀ ਤਿਆਰੀ ਵਿੱਢੀ ਹੋੲੀ ਹੈ। ਸੁਖਬੀਰ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਮਨਪ੍ਰੀਤ ਬਾਦਲ ਨੂੰ ਕਰੜੇ ਹੱਥੀਂ ਲਿਆ ਜਾਵੇਗਾ। ‘ਗੁੰਡਾ ਟੈਕਸ’ ਵੀ ਹਮਲਿਆਂ ਦਾ ਅਹਿਮ ਮੁੱਦਾ ਹੋਵੇਗਾ। ਅਕਾਲੀ ਦਲ ਵੱਲੋਂ ਐਤਕੀਂ ਦਮਦਮਾ ਸਾਹਿਬ ਵਿਖੇ ਬਣੇ ਨਵੇਂ ਹਾਲ ਵਿਚ ਕਾਨਫ਼ਰੰਸ ਕੀਤੀ ਜਾਵੇਗੀ। ਅਕਾਲੀ ਦਲ ਦੇ ਕਿਸਾਨ ਵਿੰਗ ਦੇ ਪ੍ਰਧਾਨ ਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਦੱਸਿਆ ਕਿ ਦਲ ਵਿਸਾਖੀ ’ਤੇ ਵੱਡੀ ਕਾਨਫ਼ਰੰਸ ਕਰੇਗਾ।    Sukhbir-singh-Badal
ਸੂਤਰਾਂ ਮੁਤਾਬਕ ਬੀਬੀ ਹਰਸਿਮਰਤ ਬਾਦਲ ਵਿਸਾਖੀ ਦਿਹਾੜੇ ਤੋਂ ਪਹਿਲਾਂ 9 ਅਪਰੈਲ ਤੋਂ ਆਪਣੇ ਹਲਕੇ ਦਾ ਦੌਰਾ ਸ਼ੁਰੂ ਕਰ ਰਹੇ ਹਨ ਅਤੇ ਪੰਜ ਦਿਨ ਬਠਿੰਡਾ ਤੇ ਮਾਨਸਾ ਜ਼ਿਲ੍ਹਿਆਂ ਵਿਚ ਰਹਿਣਗੇ। ੳੁਨ੍ਹਾਂ ਥੋੜ੍ਹੇ ਦਿਨ ਪਹਿਲਾਂ ਹੀ ਅਕਾਲੀ ਸਰਪੰਚਾਂ ਨੂੰ ਗਰਾਂਟਾਂ ਦੀ ਵੰਡ ਕੀਤੀ ਹੈ, ਜਿਸ ਮਗਰੋਂ ਅਕਾਲੀ ਸਰਪੰਚ ਮੁੜ ਸਰਗਰਮ ਹੋਏ ਹਨ।

ਮਨਪ੍ਰੀਤ ਸਿੰਘ ਬਾਦਲ

ਕਾਂਗਰਸ ਨੇ ਵੀ ਵਿਸਾਖੀ ਕਾਨਫ਼ਰੰਸ ਕਰਨ ਦਾ ਫ਼ੈਸਲਾ ਕੀਤਾ ਹੈ, ਜਦੋਂਕਿ ਪਾਰਟੀ ਨੇ ਮਾਘੀ ’ਤੇ ਕਾਨਫ਼ਰੰਸ ਨਹੀਂ ਕੀਤੀ ਸੀ। ਕਾਂਗਰਸੀ ਕਾਨਫ਼ਰੰਸ ਵਿਚ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਮੌਕੇ ਮੁਤਾਬਿਕ ਬਾਦਲ ਪਰਿਵਾਰ ਦੀ ਨਵੀਂ ਪੋਲ ਵੀ ਖੋਲ੍ਹ ਸਕਦੇ ਹਨ।    ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਫ਼ੋਨ ਨਹੀਂ ਚੁੱਕਿਆ ਜਦੋਂ ਕਿ ਮੁੱਖ ਮੰਤਰੀ ਦੇ ਸਕੱਤਰ (ਸਿਆਸੀ) ਕੈਪਟਨ ਸੰਦੀਪ ਸਿੰਘ ਸੰਧੂ ਨੇ ਕਿਹਾ ਕਿ ਵਿਸਾਖੀ ਮੇਲਾ ਖ਼ੁਸ਼ੀ ਦਾ ਦਿਹਾੜਾ ਹੈ, ਜਿਸ ਕਰਕੇ ਕਾਂਗਰਸ ਵੱਲੋਂ ਕਾਨਫ਼ਰੰਸ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮਾਘੀ ਦਿਹਾੜਾ ਧਾਰਮਿਕ ਹੋਣ ਕਰ ਕੇ ਕਾਨਫ਼ਰੰਸ ਨਹੀਂ ਕੀਤੀ ਗੲੀ। ਉਨ੍ਹਾਂ ਦੱਸਿਆ ਕਿ ਸਰਕਾਰ ਹਾਲੇ 5 ਅਪਰੈਲ ਦੇ ਕਰਜ਼ਾ ਮੁਆਫ਼ੀ ਸਮਾਰੋਹਾਂ ਦੀ ਤਿਆਰੀ ਵਿਚ ਜੁਟੀ ਹੋਈ ਹੈ। ਉਸ ਮਗਰੋਂ ਵਿਸਾਖੀ ਕਾਨਫ਼ਰੰਸ ਦੀ ਤਿਆਰੀ ਸ਼ੁਰੂ ਕੀਤੀ ਜਾਵੇਗੀ। ਹਲਕਾ ਤਲਵੰਡੀ ਸਾਬੋ ਦੇ ਇੰਚਾਰਜ ਖੁਸ਼ਬਾਜ ਜਟਾਣਾ ਦਾ ਕਹਿਣਾ ਸੀ ਕਿ ਵਿਸਾਖੀ ਕਾਨਫ਼ਰੰਸ ’ਚ ਮੁੱਖ ਮੰਤਰੀ ਪੁੱਜਣਗੇ ਅਤੇ ਇਸ ਮੌਕੇ ਸਰਕਾਰ ਦੀਆਂ ਇੱਕ ਵਰ੍ਹੇ ਦੀਆਂ ਪ੍ਰਾਪਤੀਆਂ ਨੂੰ ਉਭਾਰਿਆ ਜਾਵੇਗਾ।
ਆਮ ਆਦਮੀ ਪਾਰਟੀ ਨੇ ਫ਼ਿਲਹਾਲ ਵਿਸਾਖੀ ਕਾਨਫ਼ਰੰਸ ਨਾ ਕਰਨ ਦਾ ਫ਼ੈਸਲਾ ਕੀਤਾ ਹੈ। ‘ਆਪ’ ਦੇ ਕੋ-ਕਨਵੀਨਰ ਬਲਵੀਰ ਸਿੰਘ ਨੇ ਕਿਹਾ ਕਿ ਪਾਰਟੀ ਤਰਫ਼ੋਂ ਵਿਸਾਖੀ ਮੇਲੇ ’ਤੇ ਕਾਨਫ਼ਰੰਸ ਨਾ ਕੀਤੇ ਜਾਣ ਦਾ ਫ਼ੈਸਲਾ ਹੈ। ਇਸ ਬਾਰੇ ਆਖ਼ਰੀ ਫ਼ੈਸਲਾ ਪਹਿਲੀ ਅਪਰੈਲ ਨੂੰ ਸੂਬਾ ਪੱਧਰੀ ਮੀਟਿੰਗ ਵਿਚ ਲਿਆ ਜਾਵੇਗਾ।

LEAVE A REPLY