ਛੇਵੀਂ ਵਿਸ਼ਵ ਪੰਜਾਬੀ ਕਾਨਫਰੰਸ ਅੱਜ ਤੋਂ

0
244

ਚੰਡੀਗੜ੍ਹ, 9 ਮਾਰਚ
ਛੇਵੀਂ ਵਿਸ਼ਵ ਪੰਜਾਬੀ ਕਾਨਫਰੰਸ ਦਾ ਉਦਘਾਟਨ ਭਲਕੇ ਪੰਜਾਬ ਯੂਨੀਵਰਸਿਟੀ ਦੇ ਲਾਅ ਆਡੀਟੋਰੀਅਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਰਨਗੇ।
ਇੱਥੇ ਪੰਜਾਬ ਕਲਾ ਭਵਨ ਵਿੱਚ ਸਾਂਝੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਿਸ਼ਵ ਪੰਜਾਬੀ ਕਾਨਫਰੰਸ ਦੇ ਚੇਅਰਮੈਨ ਹਰਵਿੰਦਰ ਸਿੰਘ ਹੰਸਪਾਲ, ਸਾਬਕਾ ਐਮ.ਪੀ. ਅਤੇ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਡਾ. ਸੁਰਜੀਤ ਪਾਤਰ ਨੇ ਦੱਸਿਆ ਕਿ ਇਹ ਕਾਨਫਰੰਸ ਪੰਜਾਬ, ਭਾਰਤ ਅਤੇ ਵਿਦੇਸ਼ਾਂ ਵਿੱਚ ਵਸਦੇ ਕਰੋੜਾਂ ਪੰਜਾਬੀਆਂ ਦੀ ਤਰਜਮਾਨੀ ਕਰੇਗੀ। ਅੱਜ ਪੰਜਾਬ ਦੀ ਆਰਥਿਕਤਾ, ਸੂਬੇ ਦੇ ਕਿਸਾਨ, ਖੇਤ ਮਜ਼ਦੂਰ, ਯੁਵਾ ਵਰਗ, ਸਿੱਖਿਆ ਢਾਂਚਾ ਅਤੇ ਸੁਰੱਖਿਆ ਅਜਿਹੇ ਮਸਲੇ ਹਨ, ਜਿਨ੍ਹਾਂ ਬਾਰੇ ਦੁਨੀਆਂ ਭਰ ਵਿੱਚ ਵਸਦੇ ਪੰਜਾਬੀ ਚਿੰਤਤ ਹਨ। ਪੰਜਾਬੀ ਭਾਸ਼ਾ, ਸਿੱਖਿਆ ਅਤੇ ਸਿਹਤ ਨੂੰ ਪੂਰੇ ਪ੍ਰਸ਼ਾਸਨ ਅਤੇ ਆਮ ਲੋਕਾਂ ਵੱਲੋਂ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਸਾਹਿਤਕਾਰ ਅਤੇ ਹੋਰ ਸੂਖ਼ਮ ਕਲਾਵਾਂ ਨਾਲ ਜੁੜੇ ਬੁੱਧੀਜੀਵੀ ਵੀ ਪੰਜਾਬ ਪ੍ਰਤੀ ਆਪਣਾ ਫ਼ਰਜ਼ ਨਿਭਾਉਣ ਵਿੱਚ ਪੂਰੀ ਤਰ੍ਹਾਂ ਸਫ਼ਲ ਨਹੀਂ ਹੋ ਸਕੇ। ਕਾਨਫ਼ਰੰਸ ਵਿੱਚ ਪੰਜ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ ਜਾਵੇਗਾ, ਜਿਨ੍ਹਾਂ ਵਿੱਚ ਡਾ. ਸਰਦਾਰਾ ਸਿੰਘ ਜੌਹਲ, ਰਾਜਕੁਮਾਰੀ ਅਨੀਤਾ ਸਿੰਘ, ਜੰਗ ਬਹਾਦੁਰ ਗੋਇਲ, ਸੁੱਖੀ ਬਾਠ ਅਤੇ ਇਕਬਾਲ ਮਾਹਿਲ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਕਾਨਫਰੰਸ ਵਿੱਚ ਹਿੱਸਾ ਲੈਣ ਲਈ ਕੈਨੇਡਾ, ਅਮਰੀਕਾ, ਬਰਤਾਨੀਆ, ਜਰਮਨ, ਫਰਾਂਸ, ਇਟਲੀ ਆਦਿ ਕਈ ਦੇਸ਼ਾਂ ਤੋਂ ਡੈਲੀਗੇਟ ਪੁੱਜੇ ਹਨ।

ਕਾਨਫਰੰਸ ਸਬੰਧੀ ਸਵਾਲ ਉੱਠਣੇ ਸ਼ੁਰੂ

ਚੰਡੀਗੜ੍ਹ (ਕੁਲਵੰਤ ਕੋਟਲੀ): ਵਿਸ਼ਵ ਪੰਜਾਬੀ ਕਾਨਫਰੰਸ ਲਈ ਸੱਦਾ ਨਾ ਦਿੱਤੇ ਜਾਣ ਕਾਰਨ ਪੰਜਾਬ ਵਿੱਚ ਭਾਸ਼ਾ ਦੇ ਮਾਮਲੇ ਉਤੇ ਕੰਮ ਕਰਦੀਆਂ ਵੱਖ-ਵੱਖ ਜਥੇਬੰਦੀਆਂ ਨੇ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ ਹਨ। ਕਾਨਫਰੰਸ ਲਈ ਕੇਂਦਰੀ ਪੰਜਾਬੀ ਲੇਖਕ ਸਭਾ, ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ, ਪੰਜਾਬੀ ਸਾਹਿਤਕ ਅਕਾਦਮੀ ਲੁਧਿਆਣਾ ਤੋਂ ਇਲਾਵਾ ਹੋਰ ਸੰਸਥਾਵਾਂ ਨੂੰ ਸੱਦਾ ਨਹੀਂ ਦਿੱਤਾ ਗਿਆ। ਕਈ ਲੇਖਕਾਂ ਵੱਲੋਂ ਇਸ ਨੂੰ ਸਿਰਫ ਸਰਕਾਰੀ ਪ੍ਰੋਗਰਾਮ ਦੱਸਿਆ ਜਾ ਰਿਹਾ ਹੈ। ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਪ੍ਰਧਾਨ ਤੇਜਵੰਤ ਸਿੰਘ ਮਾਨ ਨੇ ਕਿਹਾ ਕਿ ਸਭਾ ਨੂੰ ਬੁਲਾਵਾ ਨਹੀਂ ਦਿੱਤਾ ਗਿਆ ਤੇ ਨਾ ਹੀ ਉਹ ਇਸ ਕਾਨਫਰੰਸ ’ਚ ਸ਼ਾਮਲ ਹੋ ਰਹੇ ਹਨ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਤੇ ਪੰਜਾਬੀ ਸਾਹਿਤਕ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀਆਂ ਸੰਸਥਾਵਾਂ ਨੂੰ ਕਾਨਫਰੰਸ ਦਾ ਭਾਗੀਦਾਰ ਨਹੀਂ ਬਣਾਇਆ ਗਿਆ, ਪ੍ਰੰਤੂ ਉਹ ਨਿੱਜੀ ਤੌਰ ’ਤੇ ਚੰਡੀਗੜ੍ਹ ਵਿੱਚ ਹੋ ਰਹੀ ਕਾਨਫਰੰਸ ’ਚ ਜ਼ਰੂਰ ਸ਼ਾਮਲ ਹੋਣਗੇ। ਵਰਲਡ ਪੰਜਾਬੀ ਕਾਨਫਰੰਸ ਦੇ ਸਕੱਤਰ ਜਨਰਲ ਡਾ. ਰਵੇਲ ਸਿੰਘ ਨੇ ਕਿਹਾ ਕਿ ਉਨ੍ਹਾਂ ਕੇਂਦਰੀ ਪੰਜਾਬੀ ਲੇਖਕ ਸਭਾ ਤੇ ਪੰਜਾਬੀ ਸਾਹਿਤਕ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਨੂੰ ਕਿਹਾ ਸੀ ਕਿ ਉਹ ਆਪਣੀਆਂ ਸਭਾਵਾਂ ਨੂੰ ਬੁਲਾਉਣ ਕਿਉਂਕਿ ਉਹ ਸਾਰਿਆਂ ਨਾਲ ਮੇਲ ਨਹੀਂ ਸੀ ਕਰ ਸਕਦੇ। ਜੇਕਰ ਕੋਈ ਰਾਬਤਾ ਕਰਨ ’ਚ ਘਾਟ ਰਹਿ ਗਈ ਹੋਵੇ ਤਾਂ ਉਹ ਅਲੱਗ ਗੱਲ ਹੈ।                                                    10903566CD-_2

LEAVE A REPLY