ਸਰਕਾਰੀ ਹਸਪਤਾਲਾਂ ਵਿੱਚ ਕਾਲਾ ਪੀਲੀਆ ਦਾ ਮੁਫ਼ਤ ਇਲਾਜ ਸੰਕਟ ’ਚ

0
210

ਚੰਡੀਗੜ੍ਹ, 5 ਮਾਰਚ
ਪੰਜਾਬ ਸਰਕਾਰ ਵੱਲੋਂ ਕਾਲਾ ਪੀਲੀਆ (ਹੈਪੇਟਾਈਟਸ ਸੀ) ਦੇ ਮਰੀਜ਼ਾਂ ਲਈ ਸ਼ੁਰੂ ਕੀਤੀ ਮੁਫ਼ਤ ਇਲਾਜ ਸਕੀਮ ਦਾ ਗਲਾ ਘੁਟਣ ਲੱਗਾ ਹੈ। ਸਿਹਤ ਵਿਭਾਗ ਕੋਲ ਕਾਲਾ ਪੀਲੀਆ ਦੀ ਦਵਾਈ ਦਾ ਸੰਕਟ ਪੈ ਗਿਆ ਹੈ, ਜਿਸ ਕਾਰਨ ਨਵੇਂ ਮਰੀਜ਼ਾਂ ਨੂੰ ਇਲਾਜ ਲਈ ਇੰਤਜ਼ਾਰ ਕਰਨ ਲਈ ਕਿਹਾ ਜਾਣ ਲੱਗਾ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ  ਹੈਪੇਟਾਈਟਸ ਸੀ ਦੇ ਮਰੀਜ਼ਾਂ ਦੇ ਮੁਫ਼ਤ ਇਲਾਜ ਲਈ ‘ਮੁੱਖ ਮੰਤਰੀ ਕਾਲਾ ਪੀਲੀਆ ਰਿਲੀਫ਼ ਫੰਡ’ ਸ਼ੁਰੂ ਕੀਤਾ ਗਿਆ ਸੀ। ਇਸ ਸਕੀਮ ਤਹਿਤ 41 ਹਜ਼ਾਰ ਤੋਂ ਵੱਧ ਮਰੀਜ਼ਾਂ ਦਾ ਇਲਾਜ ਕੀਤਾ ਜਾ ਚੁੱਕਾ ਹੈ, ਪਰ ਸਿਹਤ ਵਿਭਾਗ ਵੱਲੋਂ ਦਵਾਈ ਦੀ ਸਪਲਾਈ ਰੁਕਣ ਕਾਰਨ ਨਵੇਂ ਮਰੀਜ਼ ਇਹ ਸਹੂਲਤ ਲੈਣ ਤੋਂ ਵਾਂਝੇ ਹੋਣ ਲੱਗੇ ਹਨ।
ਸਾਬਕਾ ਮੁੱਖ ਮੰਤਰੀ ਬਾਦਲ ਵੱਲੋਂ ਕਾਲਾ ਪੀਲੀਆ ਦੇ ਮੁਫ਼ਤ ਇਲਾਜ ਦੀ ਸ਼ੁਰੂਆਤ 3 ਜੂਨ 2016 ਨੂੰ ਕੀਤੀ ਗਈ ਸੀ, ਜਿਸ ਤਹਿਤ ਮਰੀਜ਼ਾਂ ਦਾ ਮੁਫ਼ਤ ਇਲਾਜ ਸ਼ੁਰੂ ਕੀਤਾ ਗਿਆ ਸੀ ਤੇ ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਲਈ ਵੱਖਰੇ ਵਾਰਡ ਵੀ ਬਣਾਏ ਗਏ ਸਨ। ਜਾਣਕਾਰੀ ਅਨੁਸਾਰ ਹਸਪਤਾਲਾਂ ਵਿੱਚ ਪਹਿਲਾਂ ਪਈ ਦਵਾਈ ਦਾ ਸੀਮਤ ਸਟਾਕ ਪਿਆ ਹੈ ਜਿਸ ਨੂੰ ਡਾਕਟਰ  ਇਲਾਜ ਅਧੀਨ ਮਰੀਜ਼ਾਂ ਲਈ ਬਚਾ ਕੇ ਰੱਖ ਰਹੇ ਹਨ ਅਤੇ ਨਵਿਆਂ ਨੂੰ ਅਗਲਾ ਸਟਾਕ ਮਿਲਣ ਤੱਕ ਉਡੀਕ ਕਰਨ ਲਈ ਕਿਹਾ ਜਾਣ ਲੱਗਾ ਹੈ। ਕਾਲਾ ਪੀਲੀਆ ਦੇ ਮਰੀਜ਼ਾਂ ਨੂੰ ਮਰਜ਼ ਦੇ ਹਿਸਾਬ ਨਾਲ ਵੱਖ-ਵੱਖ ਤਰ੍ਹਾਂ ਦੀ ਦਵਾਈ ਦੇਣ ਦੀ ਲੋੜ ਪੈਂਦੀ ਹੈ। ਕੈਂਸਰ ਦੇ ਮਰੀਜ਼ਾਂ ਦੇ ਇਲਾਜ ਲਈ ਪਿਛਲੀ ਸਰਕਾਰ ਵੱਲੋਂ ਮੁਫ਼ਤ ਇਲਾਜ ਦੀ ਸ਼ੁਰੂ ਸਕੀਮ ਵੀ ਲੜਖੜਾਉਣ ਲੱਗੀ ਹੈ। ਸਰਕਾਰੀ ਅੰਕੜਿਆਂ ਮੁਤਾਬਕ ਮਾਝੇ ਅਤੇ ਦੋਆਬੇ ਨਾਲੋਂ ਮਾਲਵੇ ਵਿੱਚ ਕਾਲਾ ਪੀਲੀਆ ਦੇ ਜ਼ਿਆਦਾ ਮਰੀਜ਼ ਸਾਹਮਣੇ ਆਏ ਹਨ।

ਨਵੇਂ ਸਟਾਕ ਦਾ ਆਰਡਰ ਦਿੱਤਾ ਜਾ ਚੁੱਕੈ: ਜਸਪਾਲ ਕੌਰ
ਸਿਹਤ ਵਿਭਾਗ ਦੀ ਡਾਇਰੈਕਟਰ ਡਾਕਟਰ ਜਸਪਾਲ ਕੌਰ ਨੇ ਕਿਹਾ ਕਿ  ਪਿਛਲੇ ਦਿਨੀਂ ਡਾਇਰੈਕਟਰ ਖ਼ਰੀਦ ਨਾਲ ਮੀਟਿੰਗ ਹੋਈ ਸੀ ਅਤੇ ਉਨ੍ਹਾਂ ਦੱਸਿਆ ਸੀ ਕਿ ਨਵੇਂ ਸਟਾਕ ਦਾ ਆਰਡਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦਵਾਈ ਸਾਲ ਵਿੱਚ ਦੋ ਵਾਰ ਖ਼ਰੀਦੀ ਜਾਂਦੀ ਹੈ ਅਤੇ ਸਪਲਾਈ ਵਿੱਚ ਇੱਕ ਅੱਧ-ਵਾਰ ਵਿਘਨ ਪੈਣ ਦੀ ਸੰਭਾਵਨਾ ਰਹਿੰਦੀ ਹੈ। ਦੂਜੇ ਪਾਸੇ, ਇੱਕ ਸਿਵਲ ਸਰਜਨ ਨੇ ਦੱਸਿਆ ਕਿ ਦਵਾਈ ਨਾ ਹੋਣ ਕਾਰਨ ਹਾਲ ਦੀ ਘੜੀ ਨਵੇਂ ਮਰੀਜ਼ਾਂ ਦੀ ਰਜਿਸਟ੍ਰੇਸ਼ਨ ਬੰਦ ਕਰ ਦਿੱਤੀ ਗਈ ਹੈ।

LEAVE A REPLY