ਸਾਰਾ ਪੰਜਾਬ ‘ਗੈਂਗਲੈਂਡ’ ਬਣਿਆ…

0
405

ਪੰਜਾਬ ਪੁਲੀਸ ਵੱਲੋਂ ਅੱਧੀ ਦਰਜਨ ਤੋਂ ਵੱਧ ਨਾਮੀ ਗੈਂਗਸਟਰਾਂ ਨੂੰ ਮੁਕਾਬਲਿਆਂ ਵਿੱਚ ਮਾਰਨ ਅਤੇ ਤਿੰਨ ਦਰਜਨ ਦੇ ਕਰੀਬ ਨੂੰ ਗ੍ਰਿਫ਼ਤਾਰ ਕਰਨ ਦੇ ਦਾਅਵਿਆਂ ਤੋਂ ਬਾਅਦ ਵੀ ਪੰਜਾਬ ‘ਗੈਂਗਸਟਰਾਂ’ ਦੀ ਦਹਿਸ਼ਤ ਤੋਂ ਮੁਕਤ ਨਹੀਂ ਹੋ ਸਕਿਆ। ਪੰਜਾਬ ਦੀਆਂ ਜੇਲ੍ਹਾਂ ਵਿੱਚ ਇਸ ਸਮੇਂ 186 ਗੈਂਗਸਟਰ ਹਵਾਲਾਤੀ ਜਾਂ ਕੈਦੀਆਂ ਵਜੋਂ ਬੰਦ ਹਨ, ਜਿਨ੍ਹਾਂ ਵਿੱਚ ਏ ਕੈਟੇਗਿਰੀ ਦੇ 51, ਬੀ ਕੈਟੇਗਿਰੀ ਦੇ 85 ਅਤੇ ਸੀ ਕੈਟੇਗਿਰੀ ਦੇ 50 ਸ਼ਾਮਲ ਹਨ। ਪੁਲੀਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਏ ਤੋਂ ਸੀ ਕੈਟੇਗਿਰੀ ਤੱਕ ਦੇ ਗੈਂਗਸਟਰਾਂ ਦੀ ਕੁੱਲ ਗਿਣਤੀ 300 ਤੋਂ ਵਧੇਰੇ ਹੈ ਜਦੋਂਕਿ ਪੁਲੀਸ ਸੂਤਰਾਂ ਦਾ ਦੱਸਣਾ ਹੈ ਕਿ ਕੁੱਲ ਗੈਂਗਸਟਰਾਂ ਦੀ ਗਿਣਤੀ ਕਰੀਬ 500 ਹੈ। ਇਨ੍ਹਾਂ ਤੱਥਾਂ ਤੋਂ ਪੰਜਾਬ ‘ਗੈਂਗਲੈਂਡ’ ਜਾਪਣ ਲੱਗਿਆ ਹੈ।ਸੁੱਖਾ ਕਾਹਲਵਾਂ ਜਗਦੀਪ ਸਿੰਘ ਉਰਫ ਜੱਗੂ ਵਿੱਕੀ ਗੌਂਡਰ
ਵਿੱਕੀ ਗੌਂਡਰ ਨੂੰ ਮੁਕਾਬਲੇ ਵਿੱਚ ਮਾਰਨ ਨੂੰ ਪੁਲੀਸ ਵੱਲੋਂ ਗੈਂਗਸਟਰਾਂ ਦੇ ਹੌਸਲੇ ਪਸਤ ਕਰਨ ਲਈ ਇੱਕ ਤਰ੍ਹਾਂ ਨਾਲ ਅਸਥਾਈ ਤੌਰ ’ਤੇ ਕਾਮਯਾਬੀ ਮੰਨੀ ਜਾ ਰਹੀ ਹੈ। ਪੁਲੀਸ ਵੱਲੋਂ ਇੱਕ ਤਰ੍ਹਾਂ ਨਾਲ ‘ਚੋਰ-ਸਿਪਾਹੀ’ ਦੀ ਲੜਾਈ ਵਿੱਚ ਸਪੱਸ਼ਟ ਤੌਰ ’ਤੇ ਇਹ ‘ਸਹਿਮ ਪੈਦਾ ਕਰਨ ਦੀ ਚਾਲ’ ਹੀ ਚੱਲੀ ਗਈ ਹੈ। ਇਸ ਦਾ ਕੁਝ ਹੱਦ ਤੱਕ ਹਾਲ ਦੀ ਘੜੀ ਅਸਰ ਵੀ ਦਿਖਾਈ ਦੇਣ ਲੱਗਿਆ ਹੈ। ਪੁਲੀਸ ਨੂੰ ਆਪਣੀ ਹੀ ਪਿੱਠ ਥਪਥਪਾਉਣ ਦਾ ਮੌਕਾ ਮਿਲ ਗਿਆ ਹੈ। ਸਰਗਰਮ ਗੈਂਗਸਟਰਾਂ ਵੱਲੋਂ ਕੀਤੇ ਜਾਂਦੇ ਗੁਨਾਹਾਂ ਵਿੱਚ ਆਮ ਤੌਰ ’ਤੇ ਸੁਪਾਰੀ ਲੈ ਕੇ ਹੱਤਿਆ ਕਰਨੀ, ਫਿਰੌਤੀ ਲਈ ਅਗਵਾ ਆਦਿ ਕਰਨ ਮਾਮਲੇ ਸ਼ਾਮਲ ਹਨ। ਪੁਲੀਸ ਵੱਲੋਂ ਹਾਲ ਹੀ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਚੋਣਵੇਂ ਵਿਅਕਤੀਆਂ ਦੀਆਂ ਹੱਤਿਆਵਾਂ ’ਚ ਵੀ ਗੈਂਗਸਟਰਾਂ ਵੱਲੋਂ ਭੂਮਿਕਾ ਨਿਭਾਈ ਗਈ ਹੈ ਤੇ ਗੈਂਗਸਟਰਾਂ ਦੇ ਵਿਦੇਸ਼ਾਂ ’ਚ ਬੈਠੇ ਪੰਜਾਬੀਆਂ ਨਾਲ ਵੀ ਤਾਰ ਜੁੜੇ ਹੋਏ ਹਨ।
ਪੰਜਾਬ ਵਿੱਚ ਸਰਗਰਮ ਗੈਂਗਸਟਰਾਂ ਦੇ ਪਿਛੋਕੜ ’ਤੇ ਝਾਤੀ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਦਹਾਕਾ ਕੁ ਪਹਿਲਾਂ ਤੱਕ ਬਹੁਤੇ ਸ਼ਹਿਰਾਂ ਵਿੱਚ ਛੋਟੇ-ਛੋਟੇ ਗਰੁੱਪਾਂ ’ਚ ਸ਼ਾਮਲ ਨੌਜਵਾਨਾਂ ਦੇ ਗਰੁੱਪ ਹੁੰਦੇ ਸਨ, ਜੋ ਕਿ ਅਕਸਰ ਡਾਂਗਾਂ ਜਾਂ ਕਿਰਪਾਨਾਂ ਨਾਲ ਲੜਾਈ ਲੜਦੇ ਸਨ। ਇਨ੍ਹਾਂ ਨੂੰ ਸਥਾਨਕ ਪੱਧਰ ਦੇ ਸਿਆਸਤਦਾਨਾਂ ਦਾ ਆਸ਼ੀਰਵਾਦ ਹੁੰਦਾ ਸੀ ਤੇ ਪੁਲੀਸ ਥਾਣੇ ਵਿੱਚੋਂ ਝੱਟ ਛੁਡਾ ਵੀ ਲੈਂਦੇ ਸਨ। ਦੇਖਿਆ ਜਾਵੇ ਤਾਂ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਅਜਿਹੇ ਸ਼ਹਿਰ ਮੰਨੇ ਜਾਂਦੇ ਸਨ, ਜਿੱਥੇ ਸਰਗਰਮ ਕੁਝ ਚੋਣਵੇਂ ਗੈਂਗਸਟਰਾਂ ਨੇ ਵੱਡੀ ਪਹੁੰਚ ਨਾਲ ਪਿਸਤੌਲ ਤੱਕ ਵਰਗੇ ਹਥਿਆਰ ਜ਼ਰੂਰ ਹਾਸਲ ਕਰ ਲਏ ਸਨ। ਇਨ੍ਹਾਂ ਗੈਂਗਸਟਰਾਂ ਨੂੰ ਸਥਾਨਕ ਪੱਧਰ ’ਤੇ ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਭਾਰਤੀ ਜਨਤਾ ਪਾਰਟੀ ਅਤੇ ਹੋਰਨਾਂ ਸ਼ਹਿਰੀ ਨੇਤਾਵਾਂ ਵੱਲੋਂ ਸਰਪ੍ਰਸਤੀ ਦੇਣ ਦੇ ਤੱਥ ਵੀ ਸਾਹਮਣੇ ਆਉਂਦੇ ਹਨ। ਕਈ ਸ਼ਹਿਰਾਂ ਵਿੱਚ ਪੁਲੀਸ ਨੇ ਵੀ ਇਨ੍ਹਾਂ ਗਰੁੱਪਾਂ ਨੂੰ ਪਨਪਣ ’ਚ ਮਦਦ ਕੀਤੀ। ਸਿਆਸੀ ਲੋਕਾਂ ਵੱਲੋਂ ਵਿਗੜੀ ਹੋਈ ਮੁੰਡੀਰ ਨੂੰ ਚੋਣਾਂ ਦੇ ਇਮਤਿਹਾਨ ਦੌਰਾਨ ਬੂਥਾਂ ’ਤੇ ਕਬਜ਼ੇ ਕਰਨ, ਜ਼ਮੀਨਾਂ ਹਥਿਆਉਣ ਜਾਂ ਹੋਰਨਾਂ ਕੰਮਾਂ ਲਈ ਵਰਤਿਆ ਜਾਂਦਾ ਸੀ। ਪੁਲੀਸ ਅਧਿਕਾਰੀਆਂ ਦਾ ਇਹ ਮੰਨਣਾ ਹੈ ਕਿ ਸਾਲ 2010 ਤੋਂ ਬਾਅਦ ਗੈਂਗਸਟਰਾਂ ਦੀਆਂ ਗਤੀਵਿਧੀਆਂ ਉਦੋਂ ਰੜਕਣ ਲੱਗੀਆਂ ਜਦੋਂ ਇਨ੍ਹਾਂ ਦੇ ਹੱਥ ਆਧੁਨਿਕ ਕਿਸਮ ਦੇ ਖ਼ਤਰਨਾਕ ਹਥਿਆਰ ਆਉਣ ਲੱਗੇ ਅਤੇ ਫਿਰੌਤੀ ਲਈ ਅਗਵਾ ਦੀਆਂ ਘਟਨਾਵਾਂ ਵਧਣ ਲੱਗੀਆਂ। ਡਿੰਪੀ ਚੰਦ ਭਾਨ ਅਤੇ ਰੌਕੀ ਦੇ ਗੈਂਗਸਟਰਾਂ ਦੀ ਦੁਨੀਆਂ ਤੋਂ ਬਾਅਦ ਸਿਆਸਤ ਵਿੱਚ ਦਾਖ਼ਲੇ ਨੇ ਤਾਂ ਪੰਜਾਬ ਦੇ ਨੌਜਵਾਨਾਂ ਨੂੰ ਇਸ ਪਾਸੇ ਵੱਲ ਪ੍ਰੇਰਨਾ ਸ਼ੁਰੂ ਕਰ ਦਿੱਤਾ। ਧੜ੍ਹਿਆਂ ’ਚ ਵੰਡੇ ਗੈਂਗਸਟਰਾਂ ਵਿਚਾਲੇ ‘ਗੈਂਗਵਾਰ’ ਦੀਆਂ ਘਟਨਾਵਾਂ ਦੀ ਵਧਣ ਲੱਗ ਪਈਆਂ। ਰੌਕੀ ਅਤੇ ਹੋਰਨਾਂ ਕਈਆਂ ਦੇ ਕਤਲ ਗੈਂਗਵਾਰ ਦਾ ਹੀ ਸਿੱਟਾ ਹਨ।
ਪੰਜਾਬ ਦਾ ਕੋਈ ਵੀ ਸ਼ਹਿਰ ਇਸ ਸਮੇਂ ਗੈਂਗਸਟਰਾਂ ਦੀ ਗ੍ਰਿਫ਼ਤ ਤੋਂ ਬਚਿਆ ਨਹੀਂ ਹੋਇਆ। ਪੰਜਾਬ ਪੁਲੀਸ ਦੇ ਇੱਕ ਸੀਨੀਅਰ ਅਧਿਕਾਰੀ ਦਾ ਮੰਨਣਾ ਹੈ ਕਿ ਫਰੀਦਕੋਟ ਦੇ ਕਸਬਾ ਜੈਤੋ ’ਚ ਵਾਪਰੀਆਂ ਘਟਨਾਵਾਂ ਤੋਂ ਬਾਅਦ ਤਾਂ ਕਈ ਵਪਾਰੀ ਪਰਿਵਾਰਾਂ ਨੇ ਇਸ ਖੇਤਰ ਵਿੱਚੋਂ ਹਿਜਰਤ ਕਰ ਲਈ ਜਾਂ ਆਪਣੇ ਬੱਚਿਆਂ ਨੂੰ ਬਾਹਰ ਭੇਜ ਦਿੱਤਾ। ਆਮ ਲੋਕਾਂ ਵਿੱਚ ਹੀ ਗੈਂਗਸਟਰਾਂ ਦੀਆਂ ਗਤੀਵਿਧਆਂ ਦਾ ਡਰ ਤੇ ਸਹਿਮ ਨਹੀਂ ਬਣਿਆ ਹੋਇਆ ਸਗੋਂ ਪੰਜਾਬ ਪੁਲੀਸ ਗੈਂਗਸਟਰਾਂ ਤੋਂ ਏਨਾ ਜ਼ਿਆਦਾ ਖੌਫ਼ ਖਾਂਦੀ ਹੈ ਕਿ ਅੱਧੀ ਦਰਜਨ ਪੁਲੀਸ ਅਫ਼ਸਰਾਂ ਨੂੰ ਕਾਤਲਾਨਾ ਹਮਲਿਆਂ ਤੋਂ ਬਚਾਉਣ ਲਈ ਬੁਲੇਟ ਪਰੂਫ਼ ਗੱਡੀਆਂ ਦਿੱਤੀਆਂ ਹੋਈਆਂ ਹਨ। ਪੰਜਾਬ ਵਿੱਚ ਮੁੱਖ ਤੌਰ ’ਤੇ ਦੋ ਵੱਡੇ ਗਰੁੱਪ ਮੰਨੇ ਜਾਂਦੇ ਹਨ, ਜਿਨ੍ਹਾਂ ਅਧੀਨ ਅੱਗੇ ਛੋਟੇ ਗਰੁੱਪ ਕੰਮ ਕਰਦੇ ਹਨ। ਇਨ੍ਹਾਂ ਵੱਡੇ ਗਰੁੱਪਾਂ ਵਿੱਚ ਸੁੱਖਾ ਕਾਹਲਵਾਂ ਗਰੁੱਪ ਅਤੇ ਵਿੱਕੀ ਗੌਂਡਰ ਗਰੁੱਪ ਸ਼ਾਮਲ ਹਨ। ਵਿੱਕੀ ਗੌਂਡਰ ਦੇ ਨਾਲ ਗੁਰਪ੍ਰੀਤ ਸਿੰਘ ਸੇਖੋਂ, ਜੈਪਾਲ, ਰਾਣਾ ਕੰਦੋਵਾਲੀਆ, ਸ਼ੇਰਾ ਖੁੱਬਣ, ਭੋਲੂ ਹਵੇਲੀਆਂ, ਮਨਦੀਪ ਧਰੁਵ, ਗੁਰਪ੍ਰੀਤ ਲਹਿੰਬਰ, ਮਨੋਜ ਮੌਜੀ, ਜਗਰੂਪ ਰੂਪਾ ਆਦਿ ਸਿੱਧੇ ਤੌਰ ’ਤੇ ਜੁੜੇ ਹੋਏ ਹਨ। ਇਸੇ ਤਰ੍ਹਾਂ ਸੁੱਖਾ ਕਾਹਲਵਾਂ ਗਰੁੱਪ ਨਾਲ ਜੱਗੂ ਭਗਵਾਨਪੁਰੀਆ, ਲਾਰੈਂਸ ਬਿਸ਼ਨੋਈ, ਦਲਜੀਤ ਭਾਨਾ ਅਤੇ ਗੋਰੂ ਬੱਚਾ ਜੁੜੇ ਹੋਏ ਹਨ। ਇਸ ਤੋਂ ਬਿਨਾਂ ਹੋਰ ਗੈਂਗਸਟਰ ਗਰੁੱਪਾਂ ਵਿੱਚ ਸੋਨੂੰ ਕੰਗਲਾ ਗਰੁੱਪ, ਜਗਤਾਰ ਬੌਕਸਰ, ਅੰਕੁਰ ਲਿਖਾਰੀ, ਦਵਿੰਦਰ ਬੰਬੀਹਾ, ਸੇਮਾ ਬਹਿਬਲ, ਘੁੱਦੂ ਰਸ਼ੀਦ ਮਾਲੇਰਕੋਟਲਾ, ਧਰਮਿੰਦਰ ਗੁਗਨੀ, ਅਕੁਲ ਖੱਤਰੀ, ਸੁੱਖਾ ਬਾੜੇਵਾਲੀਆ, ਗੋਪੀ ਘਣਸ਼ਾਮਪੁਰੀਆ ਆਦਿ ਸ਼ਾਮਲ ਹਨ। ਪੰਜਾਬ ਪੁਲੀਸ ਵੱਲੋਂ ਗੈਂਗਸਟਰਾਂ ਦੀਆਂ ਗਤੀਵਿਧੀਆਂ ਨੂੰ ਠੱਲ੍ਹਣ ਲਈ ਪਕੋਕਾ ਨੂੰ ਵੀ ਇੱਕ ਸੰਦ ਵਜੋਂ ਦੇਖਿਆ ਜਾ ਰਿਹਾ ਹੈ।

LEAVE A REPLY