ਕੈਪਟਨ ਦੇ ਚੌਧਰੀਆਂ ਨੇ ਬਠਿੰਡਾ ਰਿਫਾਈਨਰੀ ਸੋਧੀ

0
297

ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ‘ਲੀਡਰ ਜੋੜੀ’ ਬਠਿੰਡਾ ਰਿਫਾਈਨਰੀ ਤੋਂ ਰੋਜ਼ਾਨਾ 15 ਲੱਖ ਰੁਪਏ ਦੇ ਕਰੀਬ ‘ਗੁੰਡਾ ਟੈਕਸ’ ਵਸੂਲ ਰਹੀ ਹੈ। ਇਸ ਤੋਂ ਤਪੇ ਠੇਕੇਦਾਰਾਂ ਨੇ ਰਿਫਾਈਨਰੀ ਅੰਦਰ ਪੈਟਰੋ ਕੈਮੀਕਲ ਯੂਨਿਟ ਦੇ ਕੰਮ ਨੂੰ ਬਰੇਕ ਲਗਾ ਦਿੱਤੀ ਹੈ। ਰੇਤਾ-ਬਜਰੀ ’ਚੋਂ ਹੁਣ ਬਠਿੰਡਾ ਜ਼ਿਲ੍ਹੇ ਦੇ ਦੋ ਲੀਡਰ ਹੱਥ ਰੰਗਣ ਲੱਗੇ ਹਨ। ਇਨ੍ਹਾਂ ਆਗੂਆਂ ਦੀ ‘ਗੁੰਡਾ ਬ੍ਰਿਗੇਡ’ ਵੱਲੋਂ ਰਿਫਾਈਨਰੀ ਰੋਡ ’ਤੇ ਤੰਬੂ ਵੀ ਗੱਡੇ ਹੋਏ ਹਨ। ਪੁਲੀਸ ਇਨ੍ਹਾਂ ਨੂੰ ਰੋਕਣ ਤੋਂ ਬੇਵੱਸ ਹੈ। ਜਦੋਂ ‘ਲੀਡਰ ਜੋੜੀ’ ਨੇ ‘ਗੁੰਡਾ ਟੈਕਸ’ ਦੇ ਰੇਟ ਵਧਾ ਦਿੱਤੇ ਤਾਂ ਉਸਾਰੀ ਠੇਕੇਦਾਰ ਆਪੇ ਤੋਂ ਬਾਹਰ ਹੋ ਗਏ। ਉਂਜ ਹਕੂਮਤ ਡਰੋਂ ਕੋਈ ਠੇਕੇਦਾਰ ਖੁੱਲ ਕੇ ਬੋਲਣ ਲਈ ਤਿਆਰ ਨਹੀਂ ਸੀ, ਪਰ ਅੱਜ ਜਦੋਂ ਡਿਪਟੀ ਕਮਿਸ਼ਨਰ, ਬਠਿੰਡਾ ਅੱਜ ਰਿਫਾਈਨਰੀ ‘ਚ ਗਏ ਤਾਂ ਅੱਕੇ ਹੋਏ ਠੇਕੇਦਾਰ ਡੀਸੀ ਅੱਗੇ ਫੁੱਟ ਪਏ। ਇਸ ਮੀਟਿੰਗ ਵਿੱਚ ਉਸਾਰੀ ਕੰਪਨੀਆਂ ਦੇ ਨੁਮਾਇੰਦੇ ਅਤੇ ਦੋ ਰਿਫਾਈਨਰੀ ਅਧਿਕਾਰੀ ਸ਼ਾਮਲ ਸਨ।
ਠੇਕੇਦਾਰਾਂ ਨੇ ਡੀਸੀ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਰਿਫਾਈਨਰੀ ਅੰਦਰ 25 ਜਨਵਰੀ ਤੋਂ ਰੇਤਾ-ਬਜਰੀ ਨਹੀਂ ਆ ਰਹੀ, ਜਿਸ ਕਾਰਨ ਸਿਰਫ਼ ਤਿੰਨ ਦਿਨਾਂ ਦਾ ਹੀ ਭੰਡਾਰ ਬਚਿਆ ਹੈ ਅਤੇ ਉਸਾਰੀ ਦਾ ਕੰਮ ਬੰਦ ਕਰਨਾ ਪਵੇਗਾ। ਇਸ ਮੀਟਿੰਗ ’ਚ ਇਨ੍ਹਾਂ ਠੇਕੇਦਾਰਾਂ ਨੇ ਕਾਂਗਰਸ ਦੀ ‘ਲੀਡਰ ਜੋੜੀ’ ਵੱਲੋਂ ਵਸੂਲੇ ਜਾਂਦੇ ‘ਗੁੰਡਾ ਟੈਕਸ’ ਨੂੰ ਬੇਪਰਦ ਕੀਤਾ। ਇਨ੍ਹਾਂ ਠੇਕੇਦਾਰਾਂ ਨੇ ‘ਪੰਜਾਬੀ ਟ੍ਰਿਬਿਊਨ’ ਨੂੰ ਦੱਸਿਆ ਕਿ ਜੋ ਬਾਜ਼ਾਰ ਵਿੱਚ ਬਜਰੀ ਦਾ ਟਰੱਕ 42 ਹਜ਼ਾਰ ਦਾ ਹੈ, ਉਹ 60 ਹਜ਼ਾਰ ਦਾ ਮਿਲਦਾ ਹੈ। ਰੇਤਾ-ਬਜਰੀ ਦੇ ਰੋਜ਼ਾਨਾ ਤਕਰੀਬਨ 100 ਟਰੱਕ ਰਿਫਾਈਨਰੀ ਵਿੱਚ ਆਉਂਦੇ ਹਨ।    ਠੇਕੇਦਾਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਡੀਸੀ ਨੂੰ ਅੱਜ ਰਿਫਾਈਨਰੀ ਰੋਡ ਉਤੇ ‘ਗੁੰਡਾ ਬ੍ਰਿਗੇਡ’ ਵੱਲੋਂ ਲਾਇਆ ਤੰਬੂ ਵੀ ਦਿਖਾਇਆ ਪਰ ਗੁੰਡੇ ਫਰਾਰ ਹੋ ਗਏ। ਇਸ ਤੋਂ ਪਹਿਲਾਂ ਰਿਫਾਈਨਰੀ ਟਾਊਨਸ਼ਿਪ ਦੀ ਉਸਾਰੀ ‘ਚ ਲੱਗੀ ਸੈਮ ਇੰਡੀਆ ਕੰਪਨੀ ਵੱਲੋਂ  8 ਅਕਤੂਬਰ, 2017 ਨੁੰ ਪੁਲੀਸ ਅਫ਼ਸਰਾਂ ਨੂੰ ਈ-ਮੇਲ ਭੇਜ ਕੇ ਰੇਤਾ-ਬਜਰੀ ‘ਤੇ ਲੱਗਦੇ ਗੁੰਡਾ ਟੈਕਸ ਦਾ ਮਾਮਲਾ ਉਠਾਇਆ ਸੀ।
ਦੱਸਣਯੋਗ ਹੈ ਕਿ ਰਿਫਾਈਨਰੀ ਅੰਦਰ 25 ਹਜ਼ਾਰ ਕਰੋੜ ਦੀ ਲਾਗਤ ਨਾਲ ਪੈਟਰੋ ਕੈਮੀਕਲ ਯੂਨਿਟ ਉਸਰਾਇਆ ਜਾ ਰਿਹਾ ਹੈ, ਜਿਸ ਲਈ ਰੇਤਾ-ਬਜਰੀ ਦੀ ਲੋੜ ਹੈ। ਤਕਰੀਬਨ ਦਸ ਕੰਪਨੀਆਂ ਉਸਾਰੀ ਕਰ ਰਹੀਆਂ ਹਨ।    ਰਿਫਾਈਨਰੀ ਦੇ ਬਾਹਰ ਤਕਰੀਬਨ ਸੱਤ ‘ਕੰਕਰੀਟ ਪਲਾਂਟ’ ਲੱਗੇ ਹਨ ਅਤੇ ਰੇਤਾ ਬਜਰੀ ਦੀ ਆਮਦ ਰੁਕਣ ਕਾਰਨ ਤਿੰਨ ਪਲਾਂਟ ਬੰਦ ਹੋ ਗਏ ਹਨ। ਠੇਕੇਦਾਰਾਂ ਨੇ ਕਿਹਾ ਕਿ ਉਹ ‘ਗੁੰਡਾ ਟੈਕਸ’ ਦਾ ਭਾਰ ਝੱਲਣੋਂ ਬੇਵੱਸ ਹਨ। ਹਾਲਾਤ ਇਹੋ ਰਹੇ ਤਾਂ ਪੈਟਰੋ ਕੈਮੀਕਲ ਯੂਨਿਟ ਦੀ ਉਸਾਰੀ ਪੱਛੜ ਸਕਦੀ ਹੈ।
ਰਿਫਾਈਨਰੀ ਤੋਂ ਬੂਟਾ ਸਿੰਘ ਨਾਂ ਦੇ ਇਕ ਵਿਅਕਤੀ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਪੱਤਰ, ਜੋ ‘ਪੰਜਾਬੀ ਟ੍ਰਿਬਿਊਨ’ ਕੋਲ ਮੌਜੂਦ ਹੈ, ਲਿਖ ਕੇ ਕੈਪਟਨ ਹਕੂਮਤ ਦੇ ‘ਗੁੰਡਾ ਟੈਕਸ’ ਉਤੇ ਚਾਨਣਾ ਪਾਇਆ ਹੈ। ਇਸ ਪੱਤਰ ‘ਚ ਇੱਕ ਕਾਂਗਰਸੀ ਵਿਧਾਇਕ ਦਾ ਨਾਂ ਲਿਖਿਆ ਹੈ, ਜਿਸ ਦੀ ‘ਗੁੰਡਾ ਬ੍ਰਿਗੇਡ’ ਨੂੰ ਟੈਕਸ ਦਿੱਤੇ ਬਗ਼ੈਰ ਕੋਈ ਟਰੱਕ ਅੰਦਰ ਨਹੀਂ ਜਾ ਸਕਦਾ ਹੈ। ਬੂਟਾ ਸਿੰਘ ਵੱਲੋਂ ਸਪੀਡ ਪੋਸਟ ਰਾਹੀਂ ਭੇਜੇ ਇਸ ਪੱਤਰ ’ਚ ਲਿਖਿਆ ਹੈ ਕਿ ਜੇਕਰ ਕੋਈ ‘ਗੁੰਡਾ ਟੈਕਸ’ ਦੇਣੋਂ ਇਨਕਾਰ ਕਰਦਾ ਹੈ ਤਾਂ ਉਸ ਖ਼ਿਲਾਫ਼ ਝੂਠਾ ਕੇਸ ਦਰਜ ਕਰਾ ਦਿੱਤਾ ਜਾਂਦਾ ਹੈ। ਉਸ ਨੇ ਕਿਹਾ ਕਿ ਜੇਕਰ ਇਹੀ ਹਾਲ ਰਿਹਾ ਤਾਂ 2019 ਦੀਆਂ ਲੋਕ ਸਭਾ ਚੋਣਾਂ ’ਚ ਕਾਂਗਰਸ ਦਾ ਪੰਜਾਬ ’ਚੋਂ ਸਫਾਇਆ ਤੈਅ ਹੈ।Image result for guru gobind singh refinery bathinda

LEAVE A REPLY