ਭਾਰਤ ਦੇ ਲੋਕ ਸ਼ਾਂਤੀ ਚਾਹੁੰਦੇ ਨੇ: ਕੇਜਰੀਵਾਲ

0
540

ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਵੀ ਕੇਰਲਾ ਦੀ ਸੀਪੀਐਮ ਸਰਕਾਰ ਦੇ ਹੱਕ ਵਿੱਚ ਨਿੱਤਰਦੇ ਹੋਏ ਪ੍ਰਤੀਤ ਹੋ ਰਹੇ ਹਨ। ਉਹ ਕੇਰਲਾ ਦੇ ਸੈਰ ਸਪਾਟਾ ਵਿਭਾਗ ਵੱਲੋਂ ਇੱਥੇ ਕਰਾਏ ਗਏ ਕੇਰਲਾ-ਦਿੱਲੀ ਸੱਭਿਆਚਾਰਕ ਉਤਸਵ-2017 ਦੌਰਾਨ ਬੋਲ ਰਹੇ ਸਨ।
ਸ੍ਰੀ ਕੇਜਰੀਵਾਲ ਨੇ ਕੇਰਲਾ ਵਿੱਚ ਵਾਪਰ ਰਹੀਆਂ ਘਟਨਾਵਾਂ ’ਤੇ ਦੁੱਖ ਪ੍ਰਗਟ ਕੀਤਾ ਅਤੇ ਫਿਰਕੂ ਤਾਕਤਾਂ ਦੇ ਕੀਤੇ ਜਾ ਰਹੇ ਮੁਕਾਬਲੇ ਲਈ ਕੇਰਲਾ ਸਰਕਾਰ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਕੁਝ ਤਾਕਤਾਂ ਕੇਰਲਾ ਵਿੱਚ ਅਸ਼ਾਂਤੀ ਫੈਲਾਉਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ ਜੋ ਕਿ ਬੜੇ ਦੁੱਖ ਦੀ ਗੱਲ ਹੈ। ਉਨ੍ਹਾਂ ਬਿਨਾਂ ਕਿਸੇ ਦਾ ਨਾਂ ਲਏ ਕਿਹਾ ਕਿ ਕੁਝ ਤਾਕਤਾਂ ਦੇਸ਼ ਨੂੰ ਧਰਮ ਦੇ ਨਾਂ ’ਤੇ ਤੋੜਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਕੇਰਲਾ ਤੋਂ ਆ ਰਹੀਆਂ ਮੀਡੀਆ ਰਿਪੋਰਟਾਂ ਦੇ ਆਧਾਰ ’ਤੇ ਸ੍ਰੀ ਕੇਜਰੀਵਾਲ ਨੇ ਕਿਹਾ ਕਿ ਕੇਰਲਾ ਵਿੱਚ ਉੱਥੋਂ ਦੀ ਸਰਕਾਰ ਇਨ੍ਹਾਂ ਤਾਕਤਾਂ ਨਾਲ ਕਿਵੇਂ ਲੜ ਰਹੀ ਹੈ ਇਹ ਮੀਡੀਆ ਦੀਆਂ ਰਿਪਰੋਟਾਂ ਤੋਂ ਪਤਾ ਲੱਗਦਾ ਹੈ। ਇਹ ਦੇਸ਼ ਮਹਾਤਮਾ ਗਾਂਧੀ, ਮਹਾਤਮਾ ਬੁੱਧ ਤੇ ਮਹਾਵੀਰ ਦਾ ਦੇਸ਼ ਹੈ, ਇਸ ਦੇਸ਼ ਦੇ ਲੋਕ ਨਫ਼ਰਤ ਨਹੀਂ ਬਲਕਿ ਸ਼ਾਂਤੀ ਤੇ ਪ੍ਰੇਮ ਚਾਹੁੰਦੇ ਹਨ। ਸਦੀਆਂ ਪਹਿਲਾਂ ਵੀ ਭਾਰਤ ਨੇ ਇਹੀ ਸੰਦੇਸ਼ ਦੁਨੀਆਂ ਨੂੰ ਦਿੱਤਾ ਸੀ। ‘ਆਪ’ ਮੁਖੀ ਨੇ ਕਿਹਾ ਕਿ ਅਸੀਂ ਰਾਮ, ਈਸਾ, ਮੁਹੰਮਦ ਤੇ ਗੁਰੂ ਨਾਨਕ ਦੇਵ ਵਿੱਚ ਵਿਸ਼ਵਾਸ ਕਰਦੇ ਹਾਂ ਤੇ ਇਹੀ ਸਾਡੇ ਦੇਸ਼ ਦੀ ਨੀਂਹ ਹੈ ਪਰ ਕੁਝ ਤਾਕਤਾਂ ਇਸ ਨੂੰ ਬਰਬਾਦ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ ਅਤੇ ਸਾਨੂੰ ਸਾਰਿਆਂ ਨੂੰ ਉਨ੍ਹਾਂ ਖ਼ਿਲਾਫ਼ ਲੜਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਉਹ ਇਸ ਲੜਾਈ ਵਿੱਚ ਸਾਰਿਆਂ ਦੇ ਨਾਲ ਹਨ। ਜ਼ਿਕਰਯੋਗ ਹੈ ਕਿ ਭਾਜਪਾ ਵੱਲੋਂ ਦਿੱਲੀ ਵਿੱਚ ਰੋਜ਼ਾਨਾ ਸੀਪੀਆਈ (ਐਮ) ਦੇ ਭਾਈ ਵੀਰ ਸਿੰਘ ਮਾਰਗ ’ਤੇ ਸਥਿਤ ਦਫ਼ਤਰ ਅੱਗੇ ਪ੍ਰਦਰਸ਼ਨ ਕਰਕੇ ਕੇਰਲਾ ਵਿੱਚ ਸੀਪੀਐਮ ਆਗੂਆਂ ਤੇ ਵਰਕਰਾਂ ਵੱਲੋਂ ਭਾਜਪਾ ਤੇ ਆਰਐਸਐਸ ਕਾਰਕੁਨਾਂ ਉੱਪਰ ਕਾਤਲਾਨਾ ਹਮਲੇ ਕਰਨ ਦੇ ਦੋਸ਼ ਲਾਏ ਜਾ ਰਹੇ ਹਨ।

LEAVE A REPLY