ਦਾਲ ਰੋਟੀ ਘਰ ਦੀ, ਦੀਵਾਲੀ ਅੰਬਰਸਰ ਦੀ

0
1077

ਹਰਿਮੰਦਰ ਸਾਹਿਬ ਵਿੱਚ ਆਤਿਸ਼ਬਾਜ਼ੀ ਦੀ ਰੀਤ ਸ਼ੁਰੂ ਹੋਣ ਬਾਰੇ ਭਾਵੇਂ ਕੋਈ ਦਸਤਾਵੇਜ਼ੀ ਰਿਕਾਰਡ ਨਹੀਂ ਹੈ ਪਰ ਮੰਨਿਆ ਜਾਂਦਾ ਹੈ ਕਿ ਇਹ ਰਵਾਇਤ ਸਦੀ ਤੋਂ ਵੱਧ ਪੁਰਾਣੀ ਹੈ। ਇਸ ਰੂਹਾਨੀ ਅਸਥਾਨ ਦੇ ਆਲੇ-ਦੁਆਲੇ ਵਧ ਰਹੇ ਪ੍ਰਦੂਸ਼ਣ ਦੇ ਮੱਦੇਨਜ਼ਰ ਇਸ ਰਵਾਇਤ ਨੂੰ ਬਦਲਣ ਦੇ ਢੰਗ-ਤਰੀਕੇ ਲੱਭੇ ਜਾ ਰਹੇ ਹਨ ਪਰ ਅਜੇ ਤੱਕ ਸਫ਼ਲਤਾ ਨਹੀਂ ਮਿਲੀ ਹੈ।
ਇੱਥੇ ਦੀਪਮਾਲਾ ਦੀ ਰਵਾਇਤ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਦੇ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾਅ ਹੋ ਕੇ ਅੰਮ੍ਰਿਤਸਰ ਪੁੱਜਣ ’ਤੇ ਸ਼ੁਰੂ ਹੋਈ ਸੀ, ਜੋ ਅੱਜ ਵੀ ਬਰਕਰਾਰ ਹੈ। ਉਸ ਵੇਲੇ ਤਾਂ ਘਿਓ ਦੇ ਦੀਵੇ ਬਾਲੇ ਗਏ ਸਨ ਪਰ ਸਮੇਂ ਦੇ ਨਾਲ ਨਾਲ ਇਸ ਰਵਾਇਤ ਵਿੱਚ ਬਦਲਾਅ ਆ ਗਿਆ। ਹੁਣ ਦੀਵਿਆਂ ਦੀ ਥਾਂ ਐਲਈਡੀ ਲਾਈਟਾਂ ਨੇ ਲੈ ਲਈ ਹੈ। ਆਤਿਸ਼ਬਾਜ਼ੀ ਵੀ ਸਦੀ ਪੁਰਾਣੀ ਰਵਾਇਤ ਹੈ। ਇਸ ਸਬੰਧੀ ਕੋਈ ਦਸਤਾਵੇਜ਼ੀ ਪ੍ਰਮਾਣ ਨਹੀਂ ਹੈ ਕਿ ਇਹ ਕਦੋਂ ਸ਼ੁਰੂ ਹੋਈ ਪਰ ਵਿਦਵਾਨਾਂ ਦੇ ਦੱਸਣ ਮੁਤਾਬਕ ਇਹ ਰਵਾਇਤ ਅੰਗਰੇਜ਼ਾਂ ਦੇ ਆਉਣ ਨਾਲ ਸ਼ੁਰੂ ਹੋਈ ਸੀ। ਆਤਿਸ਼ਬਾਜ਼ੀ ਦੀ ਖੋਜ ਚੀਨ ਵਿੱਚ ਹੋਈ ਸੀ। ਹਰਿਮੰਦਰ ਸਾਹਿਬ ਵਿੱਚ ਪਹਿਲਾਂ-ਪਹਿਲ ਆਤਿਸ਼ਬਾਜ਼ੀ ਬੰਦੀ ਛੋੜ ਦਿਵਸ ਮੌਕੇ ਹੀ ਹੁੰਦੀ ਸੀ ਪਰ ਮਗਰੋਂ ਗੁਰਪੁਰਬ ’ਤੇ ਵੀ ਆਤਿਸ਼ਬਾਜ਼ੀ ਕਰਨ ਦੀ ਰਵਾਇਤ ਬਣ ਗਈ। ਕੁਝ ਦਹਾਕੇ ਪਹਿਲਾਂ ਇਸ ਰਵਾਇਤ ਨੇ ਉਦੋਂ ਹੋਰ ਜ਼ੋਰ ਫੜ ਲਿਆ, ਜਦੋਂ ਇੱਥੇ ਬੰਦੀ ਛੋੜ ਦਿਵਸ ਮੌਕੇ ਆਤਿਸ਼ਬਾਜ਼ੀ ਮੁਕਾਬਲੇ ਸ਼ੁਰੂ ਹੋ ਗਏ। ਇਹੀ ਆਤਿਸ਼ਬਾਜ਼ੀ ਹੁਣ ਪ੍ਰਦੂਸ਼ਣ ਦਾ ਕਾਰਨ ਬਣ ਗਈ ਹੈ। ਹੁਣ ਬੰਦੀ ਛੋੜ ਦਿਵਸ (ਦੀਵਾਲੀ) ਮੌਕੇ ਸਿਰਫ਼ ਹਰਿਮੰਦਰ ਸਾਹਿਬ ਵਿੱਚ ਹੀ ਆਤਿਸ਼ਬਾਜ਼ੀ ਨਹੀਂ ਹੁੰਦੀ, ਸਗੋਂ ਸਾਰੇ ਸ਼ਹਿਰ ਵਿੱਚ ਆਤਿਸ਼ਬਾਜ਼ੀ ਹੁੰਦੀ ਹੈ।
ਕੁਝ ਦਹਾਕੇ ਪਹਿਲਾਂ ਜਦੋਂ ਇੱਥੇ ਆਤਿਸ਼ਬਾਜ਼ਾਂ ਦੇ ਮੁਕਾਬਲੇ ਹੁੰਦੇ ਸਨ ਤਾਂ ਵਧੇਰੇ ਜ਼ਮੀਨ ’ਤੇ ਚੱਲਣ ਵਾਲੇ ਪਟਾਕੇ ਹੀ ਵਰਤੇ ਜਾਂਦੇ ਸਨ। ਹਵਾ ਵਿੱਚ ਉਚਾਈ ’ਤੇ ਜਾ ਕੇ ਫਟਣ ਵਾਲੇ ਪਟਾਕਿਆਂ ਵਿੱਚ ਸਿਰਫ਼ ਹਵਾਈ ਹੀ ਸ਼ਾਮਲ ਸੀ। ਉਸ ਵੇਲੇ ਵਧੇਰੇ ਚਰਖੜੀ, ਅਨਾਰ ਤੇ ਧਰਾਤਲ ਵਾਲੇ ਹੋਰ ਪਟਾਕੇ ਹੀ ਵਰਤੇ ਜਾਂਦੇ ਸਨ, ਜੋ ਹੇਠਲੇ ਪੱਧਰ ’ਤੇ ਵਧੇਰੇ ਧੂੰਆਂ ਛੱਡਣ ਅਤੇ ਪ੍ਰਦੂਸ਼ਣ ਦਾ ਕਾਰਨ ਬਣਦੇ ਸਨ। ਕੁਝ ਸਾਲ ਪਹਿਲਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਨੋਟਿਸ ਲਏ ਜਾਣ ਕਾਰਨ ਪ੍ਰਬੰਧਕਾਂ ਵੱਲੋਂ ਘੱਟ ਪ੍ਰਦੂਸ਼ਣ ਅਤੇ ਧੂੰਆਂ ਰਹਿਤ ਆਤਿਸ਼ਬਾਜ਼ੀ ਲੱਭਣ ਦੇ ਯਤਨ ਕੀਤੇ ਜਾ ਰਹੇ ਹਨ। 1999 ਵਿੱਚ ਖਾਲਸਾ ਪੰਥ ਦੇ 300 ਸਾਲਾ ਸਾਜਨਾ ਦਿਵਸ ਮੌਕੇ ਤਖ਼ਤ ਕੇਸਗੜ੍ਹ ਸਾਹਿਬ ਵਿਖੇ ਲੇਜ਼ਰ ਸ਼ੋਅ ਕੀਤਾ ਗਿਆ ਸੀ। ਪ੍ਰਦੂਸ਼ਣ ਵਧਣ ਤੋਂ ਰੋਕਣ ਲਈ ਹਰਿਮੰਦਰ ਸਾਹਿਬ ਵਿਖੇ ਵੀ ਆਤਿਸ਼ਬਾਜ਼ੀ ਦੀ ਥਾਂ ਲੇਜ਼ਰ ਸ਼ੋਅ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ ਪਰ ਸੰਗਤ ਦੀਆਂ ਭਾਵਨਾਵਾਂ ਦੇ ਮੱਦੇਨਜ਼ਰ ਇਸ ਯੋਜਨਾ ਨੂੰ ਅਮਲ ਵਿੱਚ ਨਹੀਂ ਲਿਆਂਦਾ ਗਿਆ। ਹੁਣ ਜਦੋਂ ਸੁਪਰੀਮ ਕੋਰਟ ਵੱਲੋਂ ਦਿੱਲੀ ਵਿੱਚ ਪਟਾਕਿਆਂ ਦੀ ਵਿਕਰੀ ’ਤੇ ਰੋਕ ਲਾਈ ਗਈ ਹੈ ਤੇ ਹਾਈ ਕੋਰਟ ਵੱਲੋਂ ਪੰਜਾਬ ਵਿੱਚ ਰਾਤ ਨੂੰ ਸਿਰਫ਼ 3 ਘੰਟੇ ਪਟਾਕੇ ਚਲਾਉਣ ਦਾ ਸਮਾਂ ਨਿਰਧਾਰਤ ਹੈ ਤਾਂ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਵੱਲੋਂ ਇਸ ਮਾਮਲੇ ਵਿੱਚ ਮੁੜ ਵਿਚਾਰ-ਚਰਚਾ ਸ਼ੁਰੂ ਕੀਤੀ ਗਈ ਹੈ।
ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਪੀਲ ਕੀਤੀ ਹੈ ਕਿ ਉਹ ਸਿੱਖ ਸੰਗਤ ਦੀ ਰਾਇ ਨਾਲ ਕੋਈ ਸਾਰਥਕ ਹੱਲ ਲੱਭਣ। ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਕਿ ਪ੍ਰਦੂਸ਼ਣ ਵਿਰੁੱਧ ਉਪਰਾਲੇ ਕਰਨਾ ਹਰੇਕ ਵਿਅਕਤੀ ਦਾ ਮੁੱਢਲਾ ਫ਼ਰਜ਼ ਹੈ, ਇਸ ਲਈ ਹਰਿਮੰਦਰ ਸਾਹਿਬ ਹੀ ਨਹੀਂ, ਸਮੁੱਚੇ ਸੂਬੇ ਵਿੱਚ ਹੀ ਪਟਾਕੇ ਘੱਟ ਚਲਾਏ ਜਾਣ ਅਤੇ ਧੂੰਆਂ ਰਹਿਤ ਆਤਿਸ਼ਬਾਜ਼ੀ ਵਰਤੀ ਜਾਵੇ।
ਇਸ ਵਾਰ ਸ਼੍ਰੋਮਣੀ ਕਮੇਟੀ ਵੱਲੋਂ ਮਹਾਰਾਸ਼ਟਰ ਤੇ ਅਹਿਮਦ ਨਗਰ ਦੇ ਕੁਝ ਆਤਿਸ਼ਬਾਜ਼ਾਂ ਨੂੰ ਅਜ਼ਮਾਇਆ ਜਾ ਰਿਹਾ ਹੈ, ਜਿਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਉਹ ਧੂੰਆਂ ਰਹਿਤ ਆਤਿਸ਼ਬਾਜ਼ੀ ਕਰਨਗੇ। ਤਜਰਬੇ ਵਜੋਂ ਇਨ੍ਹਾਂ ਆਤਿਸ਼ਬਾਜ਼ਾਂ ਨੇ 7 ਅਕਤੂਬਰ ਨੂੰ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਇੱਥੇ ਆਤਿਸ਼ਬਾਜ਼ੀ ਦਾ ਪ੍ਰਦਰਸ਼ਨ ਕੀਤਾ ਸੀ। ਪ੍ਰਬੰਧਕਾਂ ਦਾ ਦਾਅਵਾ ਹੈ ਕਿ ਇਸ ਧੂੰਆਂ ਰਹਿਤ ਆਤਿਸ਼ਬਾਜ਼ੀ ਨਾਲ ਪ੍ਰਦੂਸ਼ਣ ਘਟੇਗਾ। ਇਸ ਤੋਂ ਇਲਾਵਾ ਵੀ ਇੱਥੇ ਪ੍ਰਦੂਸ਼ਣ ਘਟਾਉਣ ਦੇ ਯਤਨਾਂ ਤਹਿਤ ਆਲੇ-ਦੁਆਲੇ ਨੂੰ ਹਰਿਆ-ਭਰਿਆ ਕੀਤਾ ਗਿਆ ਹੈ। ਗੁਰੂ ਰਾਮਦਾਸ ਲੰਗਰ ਘਰ ਵਿੱਚੋਂ ਲੱਕੜ ਦੇ ਬਾਲਣ ਦੀ ਵਰਤੋਂ ਬੰਦ ਕਰਨ ਦੇ ਯਤਨ ਜਾਰੀ ਹਨ। ਬਿਜਲੀ ਦੀ 24 ਘੰਟੇ ਸਪਲਾਈ ਬਣਾਉਣ ਦਾ ਯਤਨ ਜਾਰੀ ਹੈ ਤਾਂ ਜੋ ਆਲੇ-ਦੁਆਲੇ ਹੋਟਲਾਂ ਦੇ ਜੈਨਰੇਟਰਾਂ ਨਾਲ ਪ੍ਰਦੂਸ਼ਣ ਨਾ ਹੋਵੇ।

LEAVE A REPLY