ਜੀਐਸਟੀ ਨੇ ਕਾਰੋਬਾਰੀਆਂ ’ਚ ਅਫ਼ਰਾ-ਤਫ਼ਰੀ ਮਚਾਈ: ਮਨਪ੍ਰੀਤ

0
883

ਜੀਐਸਟੀ ਨੂੰ ਲਾਗੂ ਕਰਨ ਤੋਂ ਬਾਅਦ ਮੁਲਕ ’ਚ ਅਫ਼ਰਾ-ਤਫ਼ਰੀ ਦਾ ਮਾਹੌਲ ਪੈਦਾ ਹੋਣ ਦੇ ਦੋਸ਼ ਲਾਉਂਦਿਆਂ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕਿਹਾ ਹੈ ਕਿ ਨਵੀਂ ਟੈਕਸ ਪ੍ਰਣਾਲੀ ਨੂੰ ਹੋਰ ਸੁਖਾਲਾ ਬਣਾਉਣਾ ਚਾਹੀਦਾ ਹੈ ਤਾਂ ਜੋ ਛੋਟੇ ਕਾਰੋਬਾਰੀਆਂ ਨੂੰ ਇਹ ਸਮਝਣ ’ਚ ਕੋਈ ਮੁਸ਼ਕਲ ਨਾ ਆਏ। ਕਾਂਗਰਸ ਆਗੂ ਨੇ ਕਿਹਾ ਕਿ ਗੁੱਡਜ਼ ਐਂਡ ਸਰਵਿਸਿਜ਼ ਟੈਕਸ (ਜੀਐਸਟੀ) ਨੂੰ ਯੋਜਨਾਬੱਧ ਢੰਗ ਨਾਲ ਲਾਗੂ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਦੇਸ਼ ਦਾ ਅਰਥਚਾਰਾ ਇਕ ਸਾਲ ਦੇ ਅੰਦਰ ਹੀ ਨੋਟਬੰਦੀ ਅਤੇ ਜੀਐਸਟੀ ਵਰਗੇ ਸਦਮਿਆਂ ਨੂੰ ਸਹਿਣ ਕਰਨ ਦੀ ਹਾਲਤ ’ਚ ਨਹੀਂ ਹੈ। ਸ੍ਰੀ ਬਾਦਲ ਨੇ ਕਿਹਾ,‘‘ਜ਼ਿੰਮੇਵਾਰ ਵਿੱਤ ਮੰਤਰੀ ਦੇ ਨਾਤੇ ਮੈਂ ਇਸ ਦਾ ਪੱਖ ਨਹੀਂ ਲਵਾਂਗਾ। ਤੁਸੀਂ ਆਪਣੇ ਆਪ ਨੂੰ ਨੁਕਸਾਨ ਨਹੀਂ ਪਹੁੰਚਾ ਸਕਦੇ। ਚਲੋ ਹੁਣ ਜੇਕਰ ਜੀਐਸਟੀ ਪ੍ਰਣਾਲੀ ਲਾਗੂ ਕਰ ਹੀ ਦਿੱਤੀ ਹੈ ਤਾਂ ਸਾਨੂੰ ਇਹ ਸੁਖਾਲੀ ਬਣਾਉਣ ਦੇ ਯਤਨ ਕਰਨੇ ਚਾਹੀਦੇ ਹਨ।’’ ਉਨ੍ਹਾਂ ਕਿਹਾ ਕਿ ਕੱਪੜਾ, ਉਸਾਰੀ, ਸਾਈਕਲ ਖੇਤਰਾਂ ਅਤੇ ਛੋਟੇ ਤੇ ਦਰਮਿਆਨੇ ਵਪਾਰੀਆਂ ਲਈ ਜੀਐਸਟੀ ਨੂੰ ਆਸਾਨ ਬਣਾਉਣ ਦਾ ਹੀਲਾ ਕਰਨਾ ਚਾਹੀਦਾ ਹੈ। ‘ਭਾਰਤ ਸਰਕਾਰ ਨੂੰ ਸੂਬਿਆਂ ਤੋਂ ਮਿਲ ਰਹੀਆਂ ਰਿਪੋਰਟਾਂ ’ਤੇ ਵਿਚਾਰ ਕਰਨਾ ਚਾਹੀਦਾ ਹੈ। ਹਰੇਕ ਸੂਬੇ ਦੀ ਆਪਣੀ ਸਮੱਸਿਆ ਹੈ ਅਤੇ ਸਲੈਬ ਦਰਾਂ ਵੀ ਕਈ ਹਨ।’ ਪੰਜਾਬ ਦੇ ਵਿੱਤ ਮੰਤਰੀ ਨੇ ਕਿਹਾ ਕਿ ਜੀਐਸਟੀ ਨੂੰ ਪਹਿਲਾਂ ਤਿੰਨ ਕੁ ਮਹੀਨੇ ਤਜਰਬੇ ਦੇ ਆਧਾਰ ’ਤੇ ਸ਼ੁਰੂ ਕਰਨਾ ਚਾਹੀਦਾ ਸੀ। ਕੁਝ ਦਿਨ ਪਹਿਲਾਂ ਇਥੇ ਤਿਲੰਗਾਨਾ ਕਾਂਗਰਸ ਦੇ ਦਫ਼ਤਰ ’ਚ ਪੁੱਜੇ ਸ੍ਰੀ ਬਾਦਲ ਮੁਤਾਬਕ ਹੁਕਮਰਾਨ ਭਾਜਪਾ ਨਵੀਂ ਟੈਕਸ ਪ੍ਰਣਾਲੀ ਦੀ ਅਸਫ਼ਲਤਾ ਤੋਂ ਥਿੜਕ ਗਈ ਹੈ ਜਿਸ ਨੂੰ ਕੁਝ ਦਰੁੱਸਤ ਕਰਨ ਦੀ ਲੋੜ ਹੈ।

LEAVE A REPLY