ਵਿਦਿਆਰਥੀਆਂ ਨੇ ਅਨੂਪਮ ਖੇਰ ਨੂੰ ਲਿਖੀ ਖੁੱਲ੍ਹੀ ਚਿੱਠੀ

0
476

ਫਿਲਮ ਤੇ ਟੈਲੀਵਿਜ਼ਨ ਇੰਸਟੀਚਿਊਟ ਆਫ਼ ਇੰਡੀਆ (ਐਫਟੀਆਈਆਈ) ਦੇ ਵਿਦਿਆਰਥੀਆਂ ਨੇ ਨਵ ਨਿਯੁਕਤ ਚੇਅਰਮੈਨ ਅਨੂਪਮ ਖੇਰ ਨੂੰ ਖੁੱਲ੍ਹੀ ਚਿੱਠੀ ਲਿਖ ਕੇ ਇਸ ਸੰਸਥਾ ਵਿੱਚ ਥੋੜ੍ਹ ਚਿਰੇ ਕੋਰਸ ਸ਼ੁਰੂ ਕਰਨ ਦਾ ਵਿਰੋਧ ਕੀਤਾ ਅਤੇ ਹੋਰ ਮੁੱਦਿਆਂ ਵੱਲ ਧਿਆਨ ਦਿਵਾਇਆ। ਅਨੂਪਮ ਖੇਰ (62) ਨੂੰ ਕੱਲ੍ਹ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਅਧੀਨ ਇਸ ਖੁਦਮੁਖਤਾਰ ਸੰਸਥਾ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ।
ਵਿਦਿਆਰਥੀਆਂ ਨੇ ਚਿੱਠੀ ਵਿੱਚ ਲਿਖਿਆ ਕਿ ਐਫਟੀਆਈਆਈ ਨੂੰ ਫਿਲਮ ਨਿਰਮਾਣ ਦੇ ਵੱਖ ਵੱਖ ਪਹਿਲੂ ਸਿਖਾਉਣ ਲਈ ਸ਼ੁਰੂ ਕੀਤਾ ਗਿਆ ਸੀ ਪਰ ਹੁਣ ਫੰਡ ਜੁਟਾਉਣ ਲਈ ਇਸ ਨੂੰ ਹੌਲੀ ਹੌਲੀ ਥੋੜ੍ਹ ਚਿਰੇ ਕੋਰਸ ਕਰਵਾਉਣ ਵਾਲੇ ਸਕੂਲ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਚਿੱਠੀ ਉਤੇ ਐਫਟੀਆਈਆਈ ਸਟੂਡੈਂਟਸ ਐਸੋਸੀਏਸ਼ਨ (ਐਫਐਸਏ) ਪ੍ਰਧਾਨ ਰੌਬਿਨ ਜੌਇ ਅਤੇ ਜਨਰਲ ਸਕੱਤਰ ਰੋਹਿਤ ਕੁਮਾਰ ਦੇ ਦਸਤਖ਼ਤ ਹਨ।
ਵਿਦਿਆਰਥੀਆਂ ਨੇ ਕਿਹਾ ਕਿ ‘‘ਸਾਡਾ ਮੰਨਣਾ ਹੈ ਕਿ ਥੋੜ੍ਹ ਚਿਰੇ ਕੋਰਸਾਂ ਵਿੱਚ ਫਿਲਮ ਨਿਰਮਾਣ ਦੀ ਸਮੁੱਚੀ ਜਾਣਕਾਰੀ ਹਾਸਲ ਨਹੀਂ ਕੀਤੀ ਜਾ ਸਕਦੀ।’’ ਐਸੋਸੀਏਸ਼ਨ ਨੇ ਕਿਹਾ ਕਿ ਸਮਾਜ ਦੇ ਸਾਰੇ ਵਰਗਾਂ ਦੇ ਵਿਦਿਆਰਥੀਆਂ ਨੂੰ ਸਿੱਖਿਆ ਦੇ ਰਹੀ ਸਰਕਾਰੀ ਸੰਸਥਾ ਨੂੰ ਫੰਡ ਇਕੱਠੇ ਕਰਨ ਦੇ ਏਜੰਡੇ ਨਾਲ ਨਹੀਂ ਚਲਾਇਆ ਜਾਣਾ ਚਾਹੀਦਾ। ਉਨ੍ਹਾਂ ਸਥਾਪਨਾ ਦਿਵਸ ਅਤੇ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਵਾਲੇ ਸਮਾਰੋਹਾਂ ਉਤੇ ਵੀ ਇਤਰਾਜ਼ ਜ਼ਾਹਰ ਕੀਤਾ।

LEAVE A REPLY