ਵਿਕਾਸ ਲਈ ਵਿਧਾਨਕਾਰਾਂ ਨਾਲ ਜੁੜਨ ਰਾਜਪਾਲ: ਰਾਸ਼ਟਰਪਤੀ

0
354

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ ਕਿਹਾ ਹੈ ਕਿ ਮੁਸ਼ਕਲਾਂ ਦੇ ਟਾਕਰੇ ਅਤੇ ਟੀਚਿਆਂ ਨੂੰ ਹਾਸਲ ਕਰਨ ’ਚ ਗੱਲਬਾਤ ਦੀ ਭੂਮਿਕਾ ਅਹਿਮ ਹੁੰਦੀ ਹੈ। ਅਜਿਹੇ ’ਚ ਰਾਜਪਾਲਾਂ ਨੂੰ ਆਪਣੇ ਸੂਬਿਆਂ ਦੇ ਵਿਧਾਨਕਾਰਾਂ ਨਾਲ ਸੰਪਰਕ ਬਣਾ ਕੇ ਜਨ ਹਿੱਤ ਨਾਲ ਸਬੰਧਤ ਮੁੱਦੇ ਉਠਾਉਣੇ ਚਾਹੀਦੇ ਹਨ ਤਾਂ ਜੋ ਵਿਕਾਸ ਨੂੰ ਨਵੀਂ ਸੇਧ ਮਿਲੇ। ਰਾਜਪਾਲਾਂ ਦੀ ਦੋ ਦਿਨੀਂ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਰਾਜਭਵਨ ’ਚ ਵਿਧਾਇਕਾਂ ਨੂੰ ਸਾਲ ’ਚ ਘੱਟੋ ਘੱਟ ਇਕ ਵਾਰ ਸੱਦ ਕੇ ਉਨ੍ਹਾਂ ਨਾਲ ਵਿਸਥਾਰ ’ਚ ਵਿਚਾਰ ਵਟਾਂਦਰਾ ਕਰਨਾ ਚਾਹੀਦਾ ਹੈ। ਉਦਘਾਟਨੀ ਭਾਸ਼ਨ, ਜਿਸ ’ਚ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਹਾਜ਼ਰੀ ਭਰੀ, ’ਚ ਸ੍ਰੀ ਕੋਵਿੰਦ ਨੇ ਰਾਜਪਾਲਾਂ ਨੂੰ ਕਿਹਾ ਕਿ ਉਹ ‘ਨਵੇਂ ਭਾਰਤ’ ਦੀ ਸਥਾਪਨਾ ਲਈ ਆਪਣੇ ਆਪਣੇ ਸੂਬਿਆਂ ਨਾਲ ਸਬੰਧਤ ਧਿਰਾਂ ਨਾਲ ਸੰਪਰਕ ਬਣਾਉਣ ਤਾਂ ਜੋ ਭ੍ਰਿਸ਼ਟਾਚਾਰ, ਗਰੀਬੀ, ਅਨਪੜ੍ਹਤਾ, ਕੁਪੋਸ਼ਣ ਅਤੇ ਬੁਰੇ ਹਾਲਾਤ ਤੋਂ ਮੁਕਤ ਭਾਰਤ ਬਣ ਸਕੇ। ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਅਤੇ ਪੁੱਡੂਚੇਰੀ ਦੀ ਉਪ ਰਾਜਪਾਲ ਕਿਰਨ ਬੇਦੀ ਦੇ ਆਪਣੇ ਆਪਣੇ ਮੁੱਖ ਮੰਤਰੀਆਂ ਨਾਲ ਪ੍ਰਸ਼ਾਸਕੀ ਮਾਮਲਿਆਂ ਨੂੰ ਲੈ ਕੇ ਵਿਚਾਰਕ ਮਤਭੇਦ ਚਲ ਰਹੇ ਹਨ। ਕਾਨਫਰੰਸ ’ਚ ਸੂਬਿਆਂ ਦੇ 27 ਰਾਜਪਾਲ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਤਿੰਨ ਗਵਰਨਰ ਹਿੱਸਾ ਲੈ ਰਹੇ ਹਨ। ਰਾਸ਼ਟਰਪਤੀ ਨੇ ਕਿਹਾ ਕਿ 2022 ’ਚ ਆਜ਼ਾਦੀ ਦੀ 75ਵੇਂ ਵਰ੍ਹੇਗੰਢ ਦੇ ਸਬੰਧ ’ਚ ਕਈ ਮੀਲ ਪੱਥਰ ਅਤੇ ਕੌਮੀ ਟੀਚੇ ਰੱਖੇ ਗਏ ਹਨ।

LEAVE A REPLY