ਹਿਮਾਚਲ ਵਿਧਾਨ ਸਭਾ ਦੀਆਂ ਚੋਣਾਂ 9 ਨਵੰਬਰ ਨੂੰ

0
601

ਹਿਮਾਚਲ ਪ੍ਰਦੇਸ਼ ਦੀ 68 ਮੈਂਬਰੀ ਵਿਧਾਨ ਸਭਾ ਦੀਆਂ ਚੋਣਾਂ ਇਕੋ ਗੇੜ ਵਿੱਚ 9 ਨਵੰਬਰ ਨੂੰ ਹੋਣਗੀਆਂ। ਇਹ ਐਲਾਨ ਕਰਦਿਆਂ ਅੱਜ ਇਥੇ ਇਕ ਪ੍ਰੈਸ ਕਾਨਫਰੰਸ ਦੌਰਾਨ ਮੁੱਖ ਚੋਣ ਕਮਿਸ਼ਨਰ ਏ.ਕੇ. ਜੋਤੀ ਨੇ ਕਿਹਾ ਕਿ ਵੋਟਾਂ ਦੀ ਗਿਣਤੀ 18 ਦਸੰਬਰ ਨੂੰ ਹੋਵੇਗੀ। ਇਸ ਮੌਕੇ ਚੋਣ ਕਮਿਸ਼ਨ ਨੇ ਉਮੀਦ ਦੇ ਉਲਟ ਗੁਜਰਾਤ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਨਹੀਂ ਕੀਤਾ। ਸ੍ਰੀ ਜੋਤੀ ਨੇ ਇੰਨਾ ਹੀ ਕਿਹਾ ਕਿ ਗੁਜਰਤ ਚੋਣਾਂ 18 ਦਸੰਬਰ ਤੋਂ ਪਹਿਲਾਂ ਹੋਣਗੀਆਂ। ਉਨ੍ਹਾਂ ਕਿਹਾ, ‘‘ਅਜਿਹਾ ਇਹ ਯਕੀਨੀ ਬਣਾਉਣ ਲਈ ਕੀਤਾ ਜਾ ਰਿਹਾ ਹੈ ਕਿ ਇਕ ਸੂਬੇ ਦੇ ਚੋਣ ਨਤੀਜਿਆਂ ਦਾ ਅਸਰ ਦੂਜੇ ’ਤੇ ਨਾ ਪਵੇ।’’ ਹਿਮਾਚਲ ਤੇ ਗੁਜਰਾਤ ਵਿਧਾਨ ਸਭਾਵਾਂ ਦੀ ਮਿਆਦ ਕ੍ਰਮਵਾਰ 7 ਤੇ 22 ਜਨਵਰੀ, 2018 ਨੂੰ ਪੁੱਗ ਰਹੀ ਹੈ। ਸ੍ਰੀ ਜੋਤੀ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿੱਚ ਆਦਰਸ਼ ਚੋਣ ਜ਼ਾਬਤਾ ਫੌਰੀ ਲਾਗੂ ਹੋ ਗਿਆ ਹੈ। ਹਿਮਾਚਲ ਚੋਣਾਂ ਵਿੱਚ ਐਤਕੀਂ ਪਹਿਲੀ ਵਾਰ 136 (ਹਰੇਕ ਵਿਧਾਨ ਸਭਾ ਹਲਕੇ ’ਚ ਦੋ) ਅਜਿਹੇ ਪੋਲਿੰਗ ਬੂਥ ਬਣਾਏ ਜਾਣਗੇ, ਜਿਨ੍ਹਾਂ ਵਿੱਚ ਸਾਰਾ ਪ੍ਰਬੰਧ ਔਰਤਾਂ ਸੰਭਾਲਣਗੀਆਂ। ਸੂਬੇ ਦੀ 68 ਮੈਂਬਰੀ ਵਿਧਾਨ ਸਭਾ ਵਿੱਚ 35 ਸੀਟਾਂ ਕਾਂਗਰਸ ਤੇ 28 ਭਾਜਪਾ ਕੋਲ ਹਨ। ਚਾਰ ਵਿਧਾਇਕ ਆਜ਼ਾਦ ਹਨ, ਇਕ ਸੀਟ ਖ਼ਾਲੀ ਹੈ। ਮੁੱਖ ਮੰਤਰੀ ਵੀਰਭੱਦਰ ਸਿੰਘ ਸੱਤਵੀਂ ਵਾਰ ਵਿਧਾਨ ਸਭਾ ਚੋਣ ਲੜਨਗੇ। ਉਨ੍ਹਾਂ ਇਸ਼ਾਰਾ ਕੀਤਾ ਕਿ ਉਹ ਠਿਓਗ ਹਲਕੇ ਤੋਂ ਉਮੀਦਵਾਰ ਹੋਣਗੇ। ਉਨ੍ਹਾਂ ਦਾਅਵਾ ਕੀਤਾ ਕਿ ਹਿਮਾਚਲ ਪ੍ਰਦੇਸ਼ ਵਿੱਚ ਕੋਈ ‘ਮੋਦੀ ਲਹਿਰ’ ਨਹੀਂ ਹੈ।
-ਪੀਟੀਆਈ

LEAVE A REPLY