ਗੁਰਦਾਸਪੁਰ ਵਿੱਚ ਅੱਜ ਵੋਟਾਂ

0
400

ਗੁਰਦਾਸਪੁਰ ਲੋਕ ਸਭਾ ਹਲਕੇ ਦੀ ਵਕਾਰੀ ਜ਼ਿਮਨੀ ਚੋਣ ਲਈ ਭਲਕੇ ਵੋਟਾਂ ਪੈ ਰਹੀਆਂ ਹਨ। ਛੇ ਮਹੀਨੇ ਪੁਰਾਣੀ ਕਾਂਗਰਸ ਸਰਕਾਰ ਦੇ ਲਈ ਇਹ ਉਸਦੀ ਹਰਮਨਪਿਆਰਤਾ ਦਾ ਪਹਿਲਾ ਟੈਸਟ ਹੈ। ਇਹ ਸੀਟ ਫਿਲਮ ਅਭਿਨੇਤਾ ਤੋਂ ਨੇਤਾ ਬਣੇ ਵਿਨੋਦ ਖੰਨਾਂ ਦੇ ਦੇਹਾਂਤ ਕਾਰਨ ਅਪਰੈਲ ਵਿੱਚ ਖਾਲੀ ਹੋਈ ਸੀ। ਉਹ ਇੱਥੇ ਭਾਜਪਾ ਦੇ ਲੋਕ ਸਭਾ ਮੈਂਬਰ ਸਨ। ਹੁਣ ਜਿਥੇ ਕਾਂਗਰਸ ਨੇ ਇੱਥੋਂ ਆਪਣਾ ਉਮੀਦਵਾਰ ਸੂਬਾ ਪ੍ਰਧਾਨ ਸੁਨੀਲ ਜਾਖੜ ਨੂੰ ਬਣਾਇਆ ਹੈ ਉੱਥੇ ਭਾਜਪਾ ਤੇ ਅਕਾਲੀ ਦਲ ਗੱਠਜੋੜ ਨੇ ਉਦਯੋਗਪਤੀ ਸਵਰਨ ਸਲਾਰੀਆ ਉੱਤੇ ਦਾਅ ਖੇਡਿਆ ਹੈ। ਤੀਜੀ ਧਿਰ ਆਪ ਨੇ ਫੌਜ ਦੇ ਇੱਕ ਸਾਬਕਾ ਜਰਨੈਲ ਮੇਜਰ ਜਨਰਲ (ਸੇਵਾਮੁਕਤ) ਸੁਰੇਸ਼ ਖਜੂਰੀਆ ਨੂੰ ਮੈਦਾਨ ਵਿੱਚ ਉਤਾਰਿਆ ਹੈ। ਕੁਲ 11 ਉਮੀਦਵਾਰ ਮੈਦਾਨ ਵਿੱਚ ਹਨ।
ਲੋਕ ਸਭਾ ਹਲਕਾ ਗੁਰਦਾਸਪੁਰ ਦੀ ਜ਼ਿਮਨੀ ਚੋਣ ਨੂੰ ਨੇਪਰੇ ਚਾੜ੍ਹਨ ਲਈ ਵੱਖ-ਵੱਖ ਚੋਣ ਕੇਂਦਰਾਂ ਤੋਂ ਈਵੀਐੱਮਜ਼ ਸਮੇਤ ਹੋਰ ਚੋਣ ਸਮੱਗਰੀ ਦੇ ਕੇ ਅਮਲੇ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਪੋਲਿੰਗ ਬੂਥਾਂ ਲਈ ਰਵਾਨਾ ਕੀਤਾ ਗਿਆ। ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹਿਆਂ ਅੰਦਰ ਪੈਂਦੇ 9 ਵਿਧਾਨ ਸਭਾ ਹਲਕਿਆਂ ਵਿੱਚ 1781 ਪੋਲਿੰਗ ਬੂਥ ਸਥਾਪਿਤ ਕੀਤੇ ਗਏ ਹਨ। ਅੱਜ ਜ਼ਿਲ੍ਹਾ ਚੋਣ ਅਫ਼ਸਰ ਤੇ ਡਿਪਟੀ ਕਮਿਸ਼ਨਰ ਗੁਰਲਵਲੀਨ ਸਿੰਘ ਸਿੱਧੂ ਨੇ ਚੋਣ ਪ੍ਰਬੰਧਾਂ ਦਾ ਜਾਇਜ਼ਾ ਲਿਆ। ਹਰੇਕ ਪੋਲਿੰਗ ਬੂਥ ਉੱਤੇ ਇੱਕ ਪ੍ਰੀਜ਼ਾਈਡਿੰਗ ਅਫ਼ਸਰ ਅਧੀਨ ਚਾਰ ਪੋਲਿੰਗ ਅਫ਼ਸਰ ਨਿਯੁਕਤ ਕੀਤੇ ਗਏ ਹਨ।
ਰਿਟਰਨਿੰਗ ਅਫਸਰ-ਕਮ-ਡਿਪਟੀ ਕਮਿਸ਼ਨਰ ਗੁਰਲਵਲੀਨ ਸਿੰਘ ਸਿੱਧੂ ਨੇ ਦੱਸਿਆ ਕਿ ਚੋਣ ਪ੍ਰਕਿਰਿਆ ਦੇ ਸਾਰੇ ਪ੍ਰਬੰਧ ਮੁਕੰਮਲ ਹਨ। ਕਰੀਬ 8500 ਪੋਲਿੰਗ ਸਟਾਫ਼ ਤੇ 10500 ਪੁਲੀਸ ਤੇ ਅਰਧ ਸੁਰੱਖਿਆ ਬਲਾਂ ਦੇ ਜਵਾਨ ਤਾਇਨਾਤ ਕੀਤੇ ਗਏ ਹਨ।
ਉਨ੍ਹਾਂ ਪੋਲਿੰਗ ਟੀਮਾਂ ਨੂੰ ਰਵਾਨਾ ਕਰਦਿਆਂ ਕਿਹਾ ਕਿ ਉਹ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਣ। ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 15 ਲੱਖ 17 ਹਜ਼ਾਰ 436 ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਸਾਰੇ ਵਿਧਾਨ ਸਭਾ ਹਲਕਿਆਂ ਵਿੱਚ ਵੀਵੀਪੈਟ ਮਸ਼ੀਨਾਂ ਰਾਹੀ ਵੋਟਾਂ ਪੈਣਗੀਆਂ।ਵੋਟਾਂ ਸਵੇਰੇ 8 ਵਜੇ ਤੋਂ ਸ਼ਾਮ ਪੰਜ ਵਜੇ ਤਕ ਪੈਣਗੀਆਂ। ਵੋਟਾਂ ਦੀ ਗਿਣਤੀ 15 ਅਕਤੂਬਰ ਨੂੰ ਹੋਵੇਗੀ ਅਤੇ ਉਸ ਦਿਨ ਹੀ ਨਤੀਜਾ ਐਲਾਨਿਆ ਜਾਵੇਗਾ।
ਉਨ੍ਹਾਂ ਅੱਗੇ ਦੱਸਿਆ ਕਿ ਵਿਧਾਨ ਸਭਾ ਹਲਕਾ ਸੁਜਾਨਪੁਰ ਵਿੱਚ 196, ਭੋਆ (ਰਾਖਵਾਂ) ਵਿੱਚ 206, ਪਠਾਨਕੋਟ ਵਿੱਚ 163, ਗੁਰਦਾਸਪੁਰ ਵਿੱਚ 184, ਹਲਕਾ ਦੀਨਾਨਗਰ (ਰਾਖਵਾਂ) ਵਿੱਚ 201, ਬਟਾਲਾ ਵਿੱਚ 190, ਫਤਿਹਗੜ੍ਹ ਚੂੜੀਆਂ ਵਿੱਚ 210, ਡੇਰਾ ਬਾਬਾ ਨਾਨਕ ਵਿੱਚ 219 ਤੇ ਕਾਦੀਆਂ ਹਲਕੇ ਵਿੱਚ 212 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਕਰੀਬ 457 ਪੋਲਿੰਗ ਸਟੇਸ਼ਨਾਂ ਨੂੰ ਅਤਿ ਸੰਵੇਦਨਸ਼ੀਲ ਕਰਾਰ ਦਿੱਤਾ ਗਿਆ ਹੈ ਅਤੇ 83 ਪੋਲਿੰਗ ਸਟੇਸ਼ਨ ਸੰਵੇਦਨਸ਼ੀਲ ਹਨ। ਵੋਟ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਵੋਟਿੰਗ ਮਸ਼ੀਨਾਂ ਨੂੰ ਵਿਸ਼ੇਸ਼ ਸੁਰੱਖਿਆ ਪ੍ਰਬੰਧਾਂ ਹੇਠ ਰੱਖਣ ਲਈ ਸਟਰਾਂਗ ਰੂਮ ਬਣਾਏ ਗਏ ਹਨ। ਗੁਰਦਾਸਪੁਰ ਦੇ 6 ਵਿਧਾਨ ਸਭਾ ਹਲਕਿਆਂ ਦੀਆਂ ਈ.ਵੀ.ਐਮਜ਼, ਵੀਵੀਪੈਟ ਮਸ਼ੀਨਾਂ ਸਥਾਨਕ ਸੁਖਜਿੰਦਰਾ ਗਰੁੱਪ ਆਫ ਇੰਸਟੀਚਿਊਟ ਵਿੱਚ ਰੱਖੀਆਂ ਜਾਣਗੀਆਂ ਤੇ ਪਠਾਨਕੋਟ ਜ਼ਿਲ੍ਹੇ ਦੇ ਤਿੰਨ ਵਿਧਾਨ ਸਭਾ ਹਲਕਿਆਂ ਦੀਆਂ ਮਸ਼ੀਨਾਂ ਪਠਾਨਕੋਟ ਵਿੱਚ ਰੱਖੀਆਂ ਜਾਣਗੀਆਂ।
ਗੁਰਦਾਸਪੁਰ ਜ਼ਿਮਨੀ ਚੋਣ ਲਈ 9 ਵਿਧਾਨ ਸਭਾ ਹਲਕਿਆਂ ਵਿੱਚੋਂ ਤਿੰਨ ਵਿਧਾਨ ਸਭਾ ਹਲਕਿਆਂ ਪਠਾਨਕੋਟ, ਸੁਜਾਨਪੁਰ ਅਤੇ ਭੋਆ ਦੀਆਂ ਵੋਟਾਂ ਦੀ ਗਿਣਤੀ ਪਠਾਨਕੋਟ ਵਿੱਚ ਹੋਵੇਗੀ ਜਦ ਕਿ ਬਾਕੀ ਛੇ ਹਲਕਿਆਂ ਦੀਆਂ ਵੋਟਾਂ ਦੀ ਗਿਣਤੀ ਗੁਰਦਾਸਪੁਰ ਵਿੱਚ ਹੋਵੇਗੀ। ਇਸੇ ਕਰਕੇ ਗੁਰਦਾਸਪੁਰ ਅਤੇ ਪਠਾਨਕੋਟ ਵਿੱਚ ਵੱਖੋ-ਵੱਖਰੇ ਸਟਰਾਂਗ ਰੂਮ ਬਣਾਏ ਗਏ ਹਨ, ਜਿਥੇ ਵੋਟਾਂ ਪੈਣ ਮਗਰੋਂ ਵੀਵੀਪੈਟ ਮਸ਼ੀਨਾਂ ਰੱਖੀਆਂ ਜਾਣਗੀਆਂ। ਇਸੇ ਕਰਕੇ ਪਠਾਨਕੋਟ ਜ਼ਿਲ੍ਹੇ ਦੇ ਤਿੰਨਾਂ ਹਲਕਿਆਂ ਲਈ ਵੱਖਰਾ ਚੋਣ ਅਮਲਾ ਲਗਾਇਆ ਗਿਆ ਹੈ ਅਤੇ ਤਿੰਨਾਂ ਹਲਕਿਆਂ ਲਈ ਐੱਸ.ਐੱਮ.ਡੀ. ਆਰ.ਐਸ.ਡੀ. ਕਾਲਜ ਵਿੱਚ ਸਟਰਾਂਗ ਰੂਮ ਬਣਾਇਆ ਗਿਆ ਹੈ। ਇੱਥੋਂ ਹੀ ਅੱਜ ਤਿੰਨਾਂ ਹਲਕਿਆਂ ਲਈ ਤਾਇਨਾਤ ਕੀਤੇ ਗਏ ਚੋਣ ਮੁਲਾਜ਼ਮਾਂ ਨੂੰ ਚੋਣ ਸਮੱਗਰੀ ਦੇ ਕੇ ਪੋਲਿੰਗ ਬੂਥਾਂ ਲਈ ਰਵਾਨਾ ਕੀਤਾ ਗਿਆ।
ਠੇਕੇ ਅੱਜ ਬੰਦ: ਗੁਰਦਾਸਪੁਰ ਤੇ ਪਠਾਨਕੋਟ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੇ ਭਲਕੇ ਦੋਹਾਂ ਜ਼ਿਲ੍ਹਿਆਂ ਵਿੱਚ ਸ਼ਰਾਬ ਦੇ ਠੇਕੇ ਬੰਦ ਰੱਖਣ ਦੇ ਆਦੇਸ਼ ਦਿੱਤੇ ਹਨ। ਜੇ ਕੋਈ ਵਿਅਕਤੀ ਠੇਕਾ ਖੋਲ੍ਹ ਕੇ ਜਾਂ ਫਿਰ ਚੋਰ ਰਸਤਿਆਂ ਰਾਹੀਂ ਸ਼ਰਾਬ ਦੀ ਵਿਕਰੀ ਕਰਦਾ ਫੜਿਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

LEAVE A REPLY