ਪਾਵਰਕੌਮ ਵੱਲੋਂ ਖੇਤੀ ਬਿਜਲੀ ਸਪਲਾਈ ਵਿੱਚ ਕਟੌਤੀ

0
529

ਪਿਛਲੇ ਕੁਝ ਦਿਨਾਂ ਤੋਂ ਮੰਡੀਆਂ ਵਿੱਚ ਝੋਨੇ ਦੀ ਆਮਦ ਦੇ ਮੱਦੇਨਜ਼ਰ ਪਾਵਰਕੌਮ ਨੇ ਖੇਤੀ ਬਿਜਲੀ ਸਪਲਾਈ ਵਿੱਚ ਦੋ ਘੰਟੇ ਦੀ ਕਟੌਤੀ ਕਰ ਦਿੱਤੀ ਹੈ| ਝੋਨੇ ਦੇ ਸੀਜ਼ਨ ਦੌਰਾਨ ਅੱਠ ਘੰਟੇ ਬਿਜਲੀ ਨੂੰ ਹੁਣ ਰੋਜ਼ਾਨਾ ਛੇ ਘੰਟੇ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਝੋਨੇ ਦੇ ਹਰ ਸੀਜ਼ਨ ਵਾਂਗ ਇਸ ਵਾਰ ਵੀ ਪਾਵਰਕੌਮ ਵੱਲੋਂ ਦਸ ਹਜ਼ਾਰ ਕਰੋੜ ਰੁਪਏ ਤੋਂ ਵੱਧ ਰਕਮ ਦੀ ਬਿਜਲੀ ਬਾਹਰੀ ਸ੍ਰੋਤਾਂ ਤੋਂ ਖ਼ਰੀਦ ਕੇ ਡੰਗ ਟਪਾਇਆ ਗਿਆ ਹੈ|
ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਸਰਪਲੱਸ ਬਿਜਲੀ ਵਾਲਾ ਸੂਬਾ ਆਖਿਆ ਜਾਂਦਾ ਹੈ, ਪਰ ਇਸ ਦੇ ਬਾਵਜੂਦ ਝੋਨੇ ਦੇ ਸੀਜ਼ਨ ਨੂੰ ਸਿਰੇ ਲਾਉਣ ਲਈ ਬਿਜਲੀ ਬਾਹਰੀ ਸ੍ਰੋਤਾਂ ਤੋਂ ਖ਼ਰੀਦਣੀ ਪੈਂਦੀ ਹੈ| ਇਸ ਸਾਲ ਦੇ ਝੋਨੇ ਦੇ ਸੀਜ਼ਨ ਦੌਰਾਨ ਵੀ ਪ੍ਰਾਈਵੇਟ ਖੇਤਰ ਦੇ ਥਰਮਲਾਂ ਤੋਂ ਇਲਾਵਾ ਦੇਸ਼ ਦੇ ਬਾਹਰੀ ਹਿੱਸਿਆਂ ਤੋਂ ਬਿਜਲੀ ਖ਼ਰੀਦੀ ਗਈ। ਦੱਸਿਆ ਜਾਂਦਾ ਹੈ ਕਿ ਬਾਹਰਲੇ ਸਰੋਤਾਂ ਤੋਂ ਬਿਜਲੀ ਦੀ ਖ਼ਰੀਦ ਅਜੇ ਵੀ ਜਾਰੀ ਹੈ। ਪਾਵਰਕੌਮ ਦੇ ਡਾਇਰੈਕਟਰ ‘ਵੰਡ’ ਇੰਜਨੀਅਰ ਐਨ ਕੇ ਸ਼ਰਮਾ ਨੇ ਦੱਸਿਆ ਕਿ ਝੋਨਾ ਪੱਕਣ ਦੇ ਮੱਦੇਨਜ਼ਰ ਬਿਜਲੀ ਸਪਲਾਈ ਛੇ ਘੰਟੇ ਕਰ ਦਿੱਤੀ ਗਈ ਹੈ। ਅਗਲੇ ਦਿਨਾਂ ਵਿੱਚ ਸਪਲਾਈ ਫਿਰ ਵਧਾਈ ਜਾਂ ਘਟਾਈ ਜਾ ਸਕਦੀ ਹੈ| ਉਨ੍ਹਾਂ ਕਿਹਾ ਕਿ ਹੁਣ ਪਿਛੇਤੇ ਝੋਨੇ ਨੂੰ ਹੀ ਪਾਣੀ ਦੀ ਲੋੜ ਰਹਿ ਗਈ ਹੈ|
ਪਾਵਰਕੌਮ ਮੈਨੇਜਮੈਂਟ ਦਾ ਦਾਅਵਾ ਹੈ ਕਿ ਐਤਕੀਂ ਕਿਸਾਨੀ ਨੂੰ ਨਿਰਵਿਘਨ ਅੱਠ ਘੰਟੇ ਬਿਜਲੀ ਦਿੱਤੀ ਗਈ ਹੈ| ਇਸ ਸੀਜ਼ਨ ਦੌਰਾਨ ਭਾਵੇਂ ਅਜੇ ਇਹ ਸਾਫ਼ ਨਹੀ ਹੋ ਸਕਿਆ ਕਿ ਕਿੰਨੀ ਰਕਮ ਦੀ ਬਿਜਲੀ ਬਾਹਰੀ ਸ੍ਰੋਤਾਂ ਤੋਂ ਖ਼ਰੀਦੀ ਗਈ ਹੈ, ਪਰ ਪਾਵਰਕੌਮ ਦੇ ਸੂਤਰਾਂ ਦਾ ਕਹਿਣਾ ਹੈ ਕਿ ਇਸ ਸੀਜ਼ਨ ਵਿੱਚ ਘੱਟੋ-ਘੱਟ 10 ਹਜ਼ਾਰ ਕਰੋੜ ਤੋਂ ਵੱਧ ਰਕਮ ਦੀ ਬਿਜਲੀ ਬਾਹਰੋਂ ਮੁੱਲ ਖ਼ਰੀਦੀ ਗਈ ਹੈ| ਪੂਰੇ ਸਾਲ ਦੌਰਾਨ 18 ਹਜ਼ਾਰ ਕਰੋੜ ਦੇ ਕਰੀਬ ਬਿਜਲੀ ਮੁੱਲ ਖ਼ਰੀਦੀ ਜਾਂਦੀ ਹੈ| ਪਾਵਰਕੌਮ ਦੇ ਇੱਕ ਅਧਿਕਾਰੀ ਮੁਤਾਬਕ ਮੁੱਲ ਦੀ ਬਿਜਲੀ ਅਰਬਾਂ ਰੁਪਏ ਦੀ ਹੋਣੀ ਸੁਭਾਵਿਕ ਹੀ ਹੈ| ਝੋਨੇ ਦੀ ਕਟਾਈ ਮਗਰੋਂ ਬਿਜਲੀ ਦੀ ਮੰਗ ਹੁਣ 6800 ਮੈਗਾਵਾਟ ਦੇ ਕਰੀਬ ਹੈ। ਦੱਸਣਯੋਗ ਹੈ ਕਿ ਝੋਨੇ ਦੇ ਸੀਜ਼ਨ ਦੇ ਪੀਕ ਲੋਡ ਦੌਰਾਨ ਬਿਜਲੀ ਦੀ ਐਤਕੀਂ ਵੱਧ ਤੋਂ ਵੱਧ ਮੰਗ ਸਾਢੇ 11 ਹਜ਼ਾਰ ਮੈਗਾਵਾਟ ਨੂੰ ਪਾਰ ਕਰ ਗਈ ਸੀ|

LEAVE A REPLY