ਹਨੀਪ੍ਰੀਤ ਇੰਸਾ ਨੂੰ ਦਿੱਲੀ ਹਾਈ ਕੋਰਟ ਤੋਂ ਰਾਹਤ ਨਹੀਂ ਮਿਲੀ

0
826

ਡੇਰਾ ਮੁਖੀ ਨੂੰ ਸਜ਼ਾ ਤੋਂ ਬਾਅਦ ਪੰਚਕੂਲਾ ’ਚ ਦੰਗੇ ਭੜਕਾਉਣ ਅਤੇ ਦੇਸ਼ਧ੍ਰੋਹ ਦੇ ਦੋਸ਼ਾਂ ਤੋਂ ਭੱਜੀ ਫਿਰ ਰਹੀ ਹਨੀਪ੍ਰੀਤ ਇੰਸਾ ਨੂੰ ਦਿੱਲੀ ਹਾਈ ਕੋਰਟ ਤੋਂ ਰਾਹਤ ਨਹੀਂ ਮਿਲੀ। ਹਾਈ ਕੋਰਟ ਨੇ ਉਸ ਨੂੰ ਆਤਮ ਸਮਰਪਣ ਕਰਨ ਦੀ ਹਦਾਇਤ ਕਰਦਿਆਂ ਟਰਾਂਜ਼ਿਟ ਪੇਸ਼ਗੀ ਜ਼ਮਾਨਤ ਦੀ ਅਰਜ਼ੀ ਨੂੰ ਖ਼ਾਰਜ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਉਹ ਗ੍ਰਿਫ਼ਤਾਰੀ ਤੋਂ ਭੱਜ ਰਹੀ ਹੈ ਜਿਸ ਕਾਰਨ ਉਹ ਕਿਸੇ ਵਿਸ਼ੇਸ਼ ਰਾਹਤ ਦੀ ਹੱਕਦਾਰ ਨਹੀਂ ਹੈ। ਜਸਟਿਸ ਸੰਗੀਤਾ ਢੀਂਗਰਾ ਸਹਿਗਲ ਨੇ ਫ਼ੈਸਲਾ ਸੁਣਾਉਂਦਿਆਂ ਕਿਹਾ ਕਿ ਪੇਸ਼ਗੀ ਜ਼ਮਾਨਤ ਦੀ ਅਰਜ਼ੀ ਦਿੱਲੀ ’ਚ ਇਸ ਕਰਕੇ ਪਾਈ ਗਈ ਤਾਂ ਜੋ ਹੋਰ ਸਮਾਂ ਲਿਆ ਜਾ ਸਕੇ ਅਤੇ ਪੰਚਕੂਲਾ ਅਦਾਲਤ ’ਚ ਚਲ ਰਹੀ ਕਾਰਵਾਈ ’ਚ ਦੇਰੀ ਹੋਵੇ। ਇਸ ਤੋਂ ਪਹਿਲਾਂ ਦਿਨ ਵੇਲੇ ਹਾਈ ਕੋਰਟ ਨੇ ਫ਼ੈਸਲਾ ਰਾਖਵਾਂ ਰੱਖ ਲਿਆ ਸੀ। ਸੁਣਵਾਈ ਦੌਰਾਨ ਹਾਈ ਕੋਰਟ ਨੇ ਦਿੱਲੀ ’ਚ ਪੇਸ਼ਗੀ ਜ਼ਮਾਨਤ ਦਾਖ਼ਲ ਕਰਨ ’ਤੇ ਵੀ ਸਵਾਲ ਉਠਾਇਆ ਅਤੇ ਕਿਹਾ ਕਿ ਉਹ ਹਰਿਆਣਾ ਦੀ ਪੱਕੀ ਵਸਨੀਕ ਹੈ ਤਾਂ ਫਿਰ ਇਥੇ ਅਰਜ਼ੀ ਕਿਉਂ ਦਿੱਤੀ। ਦਿੱਲੀ ਅਤੇ ਹਰਿਆਣਾ ਪੁਲੀਸ ਦੇ ਵਕੀਲ ਨੇ ਕਿਹਾ ਕਿ ਆਪਣੇ ਹੱਕ ’ਚ ਫ਼ੈਸਲਾ ਕਰਾਉਣ ਲਈ ਅਜਿਹਾ ਹੱਥਕੰਡਾ ਵਰਤਿਆ ਗਿਆ ਹੈ ਅਤੇ ਦਿੱਲੀ ਦਾ ਗ਼ਲਤ ਪਤਾ ਦੇ ਕੇ ਉਹ ਅਦਾਲਤ ਨੂੰ ਗੁੰਮਰਾਹ ਕਰ ਰਹੀ ਹੈ। ਟਰਾਂਜ਼ਿਟ ਪੇਸ਼ਗੀ ਜ਼ਮਾਨਤ ਅਰਜ਼ੀ ਦਿੱਲੀ ਤੋਂ ਹਰਿਆਣਾ ਜਾਣ ਸਮੇਂ ਗ੍ਰਿਫ਼ਤਾਰੀ ਤੋਂ ਬਚਣ ਲਈ ਮੰਗੀ ਗਈ ਸੀ।
-ਪੀਟੀਆਈ

LEAVE A REPLY