ਲੰਡਨ ਦੇ ਮੈਟਰੋ ਸਟੇਸ਼ਨ ’ਤੇ ਧਮਾਕਾ

0
358

ਲੰਡਨ ਦੇ ਇਕ ਭੀੜ-ਭੜੱਕੇ ਵਾਲੇ ਜ਼ਮੀਨਦੋਜ਼ ਮੈਟਰੋ ਸਟੇਸ਼ਨ ਵਿੱਚ ਅੱਜ ਸਵੇਰੇ ਮੁਸਾਫ਼ਰਾਂ ਦੀ ਭਾਰੀ ਆਮਦੋ-ਰਫ਼ਤ ਦੌਰਾਨ ਹੋਏ ਇਕ ਬੰਬ ਧਮਾਕੇ ਕਾਰਨ ਘੱਟੋ-ਘੱਟ 22 ਵਿਅਕਤੀ ਜ਼ਖ਼ਮੀ ਹੋ ਗਏ। ਬਰਤਾਨਵੀ ਪੁਲੀਸ ਸਕਾਟਲੈਂਡ ਯਾਰਡ ਨੇ ਧਮਾਕੇ ਨੂੰ ‘ਦਹਿਸ਼ਤੀ ਹਮਲਾ’ ਕਰਾਰ ਦਿੱਤਾ ਹੈ।
ਇਹ ਧਮਾਕਾ ਦੱਖਣ-ਪੱਛਮੀ ਲੰਡਨ ਵਿੱਚ ਡਿਸਟ੍ਰਿਕਟ ਲਾਈਨ ਟਿਊਬ ਵਿੱਚ ਉਦੋਂ ਹੋਇਆ ਜਦੋਂ ਇਕ ਗੱਡੀ ਪਾਰਸਨਜ਼ ਗਰੀਨ ਸਟੇਸ਼ਨ ਵਿੱਚ ਦਾਖ਼ਲ ਹੋਈ। ਸਕਾਟਲੈਂਡ ਯਾਰਡ ਨੇ ਕਿਹਾ ਕਿ ਇਹ ਧਮਾਕਾ ਇਕ ‘ਬਾਲਟੀ ਬੰਬ’ ਰਾਹੀਂ ਕੀਤਾ ਗਿਆ, ਜਿਸ ਨੂੰ ਇਕ ‘ਅਤਿਵਾਦੀ ਹਮਲਾ’ ਮੰਨਿਆ ਜਾ ਰਿਹਾ ਹੈ। ਲੰਡਨ ਐਂਬੂਲੈਂਸ ਸਰਵਿਸ ਮੁਤਾਬਕ ਉਨ੍ਹਾਂ 18 ਜ਼ਖ਼ਮੀਆਂ ਨੂੰ ਹਸਪਤਾਲ ਲਿਆਂਦਾ, ਜਦੋਂਕਿ ਚਾਰ ਹੋਰ ਜ਼ਖ਼ਮੀ ਆਪਣੇ ਆਪ ਹਸਪਤਾਲ ਪੁੱਜੇ ਹਨ। ਇਨ੍ਹਾਂ ਵਿੱਚੋਂ ਬਹੁਤੇ ਝੁਲਸੇ ਹੋਏ ਹਨ। ਇਹ ਇਸ ਸਾਲ ਦੌਰਾਨ ਬਰਤਾਨੀਆ ਵਿੱਚ ਹੋਇਆ ਪੰਜਵਾਂ ਦਹਿਸ਼ਤੀ ਹਮਲਾ ਹੈ, ਪਰ ਇਸ ਵਾਰ ਕਿਸੇ ਮਾਸੂੁਮ ਦੀ ਜਾਨ ਜਾਣ ਤੋਂ ਬਚਾਅ ਰਿਹਾ। ਇਸ ਤੋਂ ਪਹਿਲੇ ਚਾਰ ਹਮਲਿਆਂ ਵਿੱਚ 36 ਮੌਤਾਂ ਹੋਈਆਂ ਹਨ।
ਅਸਿਸਟੈਂਟ ਕਮਿਸ਼ਨਰ ਮਾਰਕ ਕਰਾਊਲੀ ਨੇ ਕਿਹਾ ਕਿ ਉਨ੍ਹਾਂ ਦਾ ‘ਅੰਦਾਜ਼ਾ’ ਹੈ ਕਿ ਇਹ ਧਮਾਕਾ ਇਕ ਆਈਈਡੀ ਰਾਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਲੰਡਨ ਵਿੱਚ ਤੇ ਖ਼ਾਸਕਰ ਟਰਾਂਸਪੋਰਟ ਨੈਟਵਰਕ ਵਿੱਚ ਵਧੇਰੇ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ, ਪਰ ਉਨ੍ਹਾਂ ਇਸ ਸਬੰਧੀ ਕਿਸੇ ਗ੍ਰਿਫ਼ਤਾਰੀ ਬਾਰੇ ਕੁਝ ਵੀ ਦੱਸਣ ਤੋਂ ਨਾਂਹ ਕਰ ਦਿੱਤੀ।
ਬਰਤਾਨਵੀ ਮੀਡੀਆ ਨੇ ਇਕ ਸੁਪਰਮਾਰਕੀਟ ਬੈਗ ਵਿੱਚ ਰੱਖੀ ਤੇ ਸੜਦੀ ਹੋਈ ਇਕ ਸਫ਼ੈਦ ਬਾਲਟੀ ਦੀਆਂ ਤਸਵੀਰਾਂ ਨਸ਼ਰ ਕੀਤੀਆਂ ਹਨ। ਇਸ ਬਾਲਟੀ ਵਿੱਚੋਂ ਕੁਝ ਤਾਰਾਂ ਵੀ ਫ਼ਰਸ਼ ’ਤੇ ਲਮਕ ਰਹੀਆਂ ਹਨ। ਧਮਾਕੇ ਕਾਰਨ ਅਨੇਕਾਂ ਲੋਕਾਂ ਦੇ ਚਿਹਰੇ ਝੁਲਸ ਜਾਣ ਦੀ ਗੱਲ ਕਹੀ ਗਈ ਹੈ। ਇਸ ਦੌਰਾਨ ਲੋਕਾਂ ਵੱਲੋਂ ਬਚਾਅ ਲਈ ਭੱਜਣ ਕਾਰਨ ਕੁਝ ਲੋਕ ਭਗਦੜ ਦਾ ਵੀ ਸ਼ਿਕਾਰ ਹੋਏ।
ਪਾਰਸਨਜ਼ ਗਰੀਨ ਟਿਊਬ ਸਟੇਸ਼ਨ ਵਿੱਚ ਘਟਨਾ ਸਥਾਨ ਦਾ ਸਾਰਾ ਕੰਟਰੋਲ ਸਕਾਟਲੈਂਡ ਯਾਰਡ ਦੇ ਦਹਿਸ਼ਤਗਰਦੀ-ਰੋਕੂ ਦਸਤੇ ਐਸਓ15 ਨੇ ਸੰਭਾਲ ਲਿਆ ਸੀ ਤੇ ਜਾਂਚ ਸ਼ੁਰੂ ਕਰ ਦਿੱਤੀ ਸੀ। ਪੁਲੀਸ ਨੇ ਇਕ ਬਿਆਨ ਵਿੱਚ ਕਿਹਾ, ‘‘ਦਹਿਸ਼ਤਰਗਦੀ-ਰੋਕੂ ਮਾਮਲਿਆਂ ਦੇ ਸੀਨੀਅਰ ਕੌਮੀ ਕੋਆਰਡੀਨੇਟਰ ਡਿਪਟੀ ਅਸਿਸਟੈਂਟ ਕਮਿਸ਼ਨਰ ਨੀਲ ਬਾਸੂ ਨੇ ਘਟਨਾ ਨੂੰ ਦਹਿਸ਼ਤੀ ਹਮਲਾ ਕਰਾਰ ਦਿੱਤਾ ਹੈ।’’ ਬਿਆਨ ਮੁਤਾਬਕ, ‘‘ਅੱਗ ਲੱਗਣ (ਧਮਾਕੇ ਪਿੱਛੋਂ) ਦੇ ਕਾਰਨਾਂ ਬਾਰੇ ਕੁਝ ਕਹਿਣਾ ਹਾਲੇ ਜਲਦਬਾਜ਼ੀ ਹੋਵੇਗੀ। ਇਸ ਦਾ ਪਤਾ ਜਾਂਚ ਤੋਂ ਹੀ ਲੱਗੇਗਾ, ਜੋ ਕੀਤੀ ਜਾ ਰਹੀ ਹੈ। ਸਟੇਸ਼ਨ ਨੂੰ ਬੰਦ ਰੱਖਿਆ ਗਿਆ ਹੈ ਤੇ ਅਸੀਂ ਲੋਕਾਂ ਨੂੰ ਇਸ ਪਾਸੇ ਨਾ ਆਉਣ ਦੀ ਸਲਾਹ ਦਿੰਦੇ ਹਾਂ।’’ ਪ੍ਰਧਾਨ ਮੰਤਰੀ ਟਰੇਜ਼ਾ ਮੇਅ ਦੇ ਦਫ਼ਤਰ ਨੇ ਇਕ ਬਿਆਨ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ‘ਲਗਾਤਾਰ ਘਟਨਾ ਬਾਰੇ ਜਾਣਕਾਰੀ’ ਲਈ ਜਾ ਰਹੀ ਹੈ। ਬੀਬੀ ਮੇਅ ਨੇ ਆਪਣੀ ਟਵੀਟ ਵਿੱਚ ਕਿਹਾ, ‘‘ਪਾਰਸਨਜ਼ ਗਰੀਨ ਵਿੱਚ ਧਮਾਕੇ ਦੌਰਾਨ ਜ਼ਖ਼ਮੀ ਹੋਏ ਲੋਕਾਂ ਨਾਲ ਮੈਨੂੰ ਹਮਦਰਦੀ ਹੈ ਤੇ ਐਮਰਜੈਂਸੀ ਸੇਵਾਵਾਂ ਵੱਲੋਂ ਇਸ ਦਹਿਸ਼ਤੀ ਹਮਲੇ ਸੰਬਧੀ ਦਲੇਰੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ।’’
-ਪੀਟੀਆਈ

LEAVE A REPLY