ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ ਹੋਈ ਮੁਲਾਕਾਤ

0
400

ਬਰਿੱਕਸ ਸੰਮੇਲਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ ਹੋਈ ਮੁਲਾਕਾਤ ਦੌਰਾਨ ਇਹ ਸਹਿਮਤੀ ਬਣੀ ਕਿ ਆਉਣ ਵਾਲੇ ਸਮੇਂ ਵਿੱਚ ਡੋਕਲਾਮ ਵਰਗੇ ਤਣਾਅ ਵਾਲੇ ਹਾਲਾਤ ਦੋਵਾਂ ਦੇਸ਼ਾਂ ਵਿਚਾਲੇ ਨਹੀਂ ਬਣਨਗੇ। ਕਿਹਾ ਗਿਆ ਕਿ ਦੋਵੇਂ ਦੇਸ਼ ਸੁਰੱਖਿਆ ਜਵਾਨਾਂ ਵਿਚਾਲੇ ਮਜ਼ਬੂਤ ਸਹਿਯੋਗ ਬਣਾਈ ਰੱਖਣਗੇ। ਚੀਨ ਨੇ ਇਹ ਵੀ ਕਿਹਾ ਕਿ ਉਹ ਪੰਚਸ਼ੀਲ ਦੇ ਪੰਜ ਸਿਧਾਂਤਾਂ ਉੱਪਰ ਕਾਇਮ ਰਹਿੰਦਿਆਂ ਭਾਰਤ ਨਾਲ ਮਿਲ ਕੇ ਕੰਮ ਕਰਨ ਲਈ ਤਿਆਰ ਹੈ। ਇਸ ਮੀਟਿੰਗ ਵਿੱਚ ਅੱਤਵਾਦ ਅਤੇ ਵਪਾਰ ਬਾਰੇ ਵੀ ਵਿਚਾਰ-ਵਟਾਂਦਰੇ ਹੋਏ। ਸ਼ੀ ਜਿੰਨਪਿੰਗ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕਿਹਾ ਕਿ ਬਰਿੱਕਸ ਸੰਮੇਲਨ ਨੂੰ ਕਾਮਯਾਬ ਕਰਨ ਲਈ ਦਿੱਤੇ ਸਹਿਯੋਗ ਲਈ ਮੈਂ ਤੁਹਾਨੂੰ ਵਧਾਈ ਦਿੰਦਾ ਹਾਂ। ਉਨ੍ਹਾਂ ਇਹ ਵੀ ਕਿਹਾ ਕਿ ਸਿਹਤਮੰਦ ਅਤੇ ਸਥਿਰ ਸਬੰਧ ਦੋਵਾਂ ਦੇਸ਼ਾਂ ਦੇ ਹਿੱਤ ਵਿੱਚ ਹਨ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਅਤੇ ਚੀਨ ਦੁਨੀਆਂ ਦੇ ਵੱਡੇ ਗੁਆਂਢੀ ਦੇਸ਼ ਹਨ ਅਤੇ ਅਸੀਂ ਦੁਨੀਆਂ ਦੇ ਸਭ ਤੋਂ ਤੇਜ ਵਿਕਾਸ ਕਰਨ ਵਾਲੇ ਵੀ ਦੇਸ਼ ਹਾਂ। ਮੋਦੀ-ਜਿੰਨਪਿੰਗ ਵਿਚਾਲੇ ਗੱਲਬਾਤ ਦਾ ਹੋਰ ਵੇਰਵਾ ਦਿੰਦਿਆਂ ਭਾਰਤ ਦੇ ਵਿਦੇਸ਼ ਸਕੱਤਰ ਐਸ. ਜੈ ਸ਼ੰਕਰ ਨੇ ਕਿਹਾ ਕਿ ਇਹ ਗੱਲਬਾਤ ਆਪਸੀ ਸਹਿਯੋਗ ਅਤੇ ਵਿਸ਼ਵਾਸ ਵਧਾਉਣ ਲਈ ਬਹੁਤ ਲਾਭਦਾਇਕ ਸਿੱਧ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਦੋਵਾਂ ਨੇਤਾਵਾਂ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਮੱਤਭੇਦਾਂ ਨੂੰ ਟਕਰਾਅ ਵਿੱਚ ਨਹੀਂ ਬਦਲਣ ਦਿੱਤਾ ਜਾਵੇਗਾ ਅਤੇ ਦੋਵੇਂ ਦੇਸ਼ ਇਸ ਲਈ ਤਿਆਰ ਹੋਏ ਹਨ ਕਿ ਹੁਣ ਪਿੱਛੇ ਮੁੜ ਕੇ ਦੇਖਣ ਦਾ ਵਕਤ ਨਹੀਂ, ਸਗੋਂ ਖੁਸ਼ਹਾਲੀ ਅਤੇ ਮਜ਼ਬੂਤੀ ਲਈ ਇਕੱਠੇ ਹੋ ਕੇ ਅੱਗੇ ਵੱਧਣ ਦਾ ਵਕਤ ਹੈ।

LEAVE A REPLY