ਸਵੇਰੇ 10 ਵਜੇ ਹੋਵੇਗਾ ਸਹੁੰ ਚੁੱਕ ਸਮਾਗਮ

0
461

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੇਂਦਰੀ ਵਜ਼ਾਰਤ ’ਚ ਐਤਵਾਰ ਨੂੰ ਫੇਰਬਦਲ ਕੀਤਾ ਜਾ ਰਿਹਾ ਹੈ। ਇਸ ਦੌਰਾਨ ਜੋ 9 ਨਵੇਂ ਮੰਤਰੀ ਭਲਕੇ ਆਪਣੇ ਅਹੁਦੇ ਦੀ ਸਹੁੰ ਚੁੱਕ ਰਹੇ ਹਨ, ਇਨ੍ਹਾਂ ਵਿੱਚ ਬਿਹਾਰ ਤੋਂ ਭਾਜਪਾ ਦੇ ਸੰਸਦ ਮੈਂਬਰ ਅਸ਼ਵਨੀ ਕੁਮਾਰ ਚੌਬੇ, ਮੱਧ ਪ੍ਰਦੇਸ਼ ਤੋਂ ਵਿਰੇਂਦਰ ਕੁਮਾਰ, ਉੱਤਰ ਪ੍ਰਦੇਸ਼ ਤੋਂ ਸ਼ਿਵ ਕੁਮਾਰ ਸ਼ੁਕਲਾ, ਅਨੰਤ ਕੁਮਾਰ ਹੈਗੜੇ, ਰਾਜ ਕੁਮਾਰ ਸਿੰਘ, ਗਜੇਂਦਰ ਸਿੰਘ ਤੋਂ ਇਲਾਵਾ ਸਾਬਕਾ ਆਈਐਫਐਸ ਅਧਿਕਾਰੀ ਹਰਦੀਪ ਪੁਰੀ, ਮੁੰਬਈ ਦੇ ਸਾਬਕਾ ਪੁਲੀਸ ਮੁਖੀ ਸਤਯਪਾਲ ਸਿੰਘ, ਸੇਵਾਮੁਕਤ ਆਈਏਐੱਸ ਅਲਫੌਂਸ ਕਾਨਾਨਤਨਮ ਦੇ ਨਾਂ ਸ਼ਾਮਲ ਹਨ।
ਐਨਡੀਏ ’ਚ ਸ਼ਾਮਲ ਹੋਏ ਨਵੇਂ ਭਾਈਵਾਲਾਂ ਦੇ ਕੁੱਝ ਆਗੂਆਂ ਨੂੰ ਵੀ ਮੰਤਰੀ ਬਣਾਉਣ ਦੀਆਂ ਕਨਸੋਆਂ ਚੱਲ ਰਹੀਆਂ ਹਨ। ਉਂਜ ਜਨਤਾ ਦਲ (ਯੂ) ਅਤੇ ਸ਼ਿਵ ਸੈਨਾ ’ਚ ਫੇਰਬਦਲ ਦੌਰਾਨ ਹਿੱਸੇਦਾਰੀ ਨੂੰ ਲੈ ਕੇ ਦੁਬਿਧਾ ਦਾ ਮਾਹੌਲ ਹੈ। ਸਾਲ 2014 ’ਚ ਸਰਕਾਰ ਬਣਨ ਤੋਂ ਬਾਅਦ ਭਾਜਪਾ ਦੀ ਅਗਵਾਈ ਹੇਠਲੇ ਐਨਡੀਏ ਦਾ ਮੰਤਰੀ ਮੰਡਲ ’ਚ ਇਹ ਤੀਜਾ ਫੇਰਬਦਲ ਹੈ। ਅੰਨਾਡੀਐਮਕੇ ਵੱਲੋਂ ਵੀ ਸਰਕਾਰ ’ਚ ਸ਼ਮੂਲੀਅਤ ਦੇ ਮੌਕੇ ਬਹੁਤ ਘੱਟ ਹਨ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਜਿਨ੍ਹਾਂ ਦੀ ਪਾਰਟੀ ਜਨਤਾ ਦਲ (ਯੂ) ਹੁਣੇ ਜਿਹੇ ਐਨਡੀਏ ’ਚ ਸ਼ਾਮਲ ਹੋਈ ਹੈ, ਨੇ ਪਟਨਾ ’ਚ ਕਿਹਾ,‘ਜਨਤਾ ਦਲ (ਯੂ) ਦੇ ਕੇਂਦਰੀ ਵਜ਼ਾਰਤ ’ਚ ਸ਼ਾਮਲ ਹੋਣ ਸਬੰਧੀ ਕੋਈ ਚਰਚਾ ਨਹੀਂ ਹੈ। ਇਸ ਮੁੱਦੇ ਬਾਰੇ ਭਾਜਪਾ ਨਾਲ ਵੀ ਕੋਈ ਗੱਲਬਾਤ ਨਹੀਂ ਹੋਈ ਹੈ।’ ਦੱਸਿਆ ਜਾ ਰਿਹਾ ਹੈ ਕਿ ਨਿਤੀਸ਼ ਕੁਮਾਰ ਮਿਲੀਆਂ ਪੇਸ਼ਕਸ਼ਾਂ ਤੋਂ ਨਾਖੁਸ਼ ਹਨ। ਮਹਾਰਾਸ਼ਟਰ ਵਿੱਚ ਭਾਜਪਾ ਸਰਕਾਰ ’ਚ ਸ਼ਾਮਲ ਸ਼ਿਵ ਸੈਨਾ ਦੇ ਪ੍ਰਧਾਨ ਊਧਵ ਠਾਕਰੇ ਨੇ ਵੀ ਕਿਹਾ ਹੈ ਕਿ ਉਨ੍ਹਾਂ ਨੂੰ ਕੇਂਦਰੀ ਵਜ਼ਾਰਤ ’ਚ ਫੇਰਬਦਲ ਦੀ ਜਾਣਕਾਰੀ ਮੀਡੀਆ ਤੋਂ
ਮਿਲੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਜਾਂ ਕਿਸੇ ਹੋਰ ਨੇ ਉਨ੍ਹਾਂ ਨਾਲ ਸੰਪਰਕ ਨਹੀਂ ਕੀਤਾ ਅਤੇ ਨਾ ਹੀ ਉਹ ਸੱਤਾ ਦੇ ਭੁੱਖੇ ਹਨ। ਭਗਵਾਂ ਆਗੂਆਂ ਨੇ ਨਾਰਾਜ਼ਗੀ ਦੀਆਂ ਸੁਰਾਂ ਨੂੰ ਤੂਲ ਨਾ ਦਿੰਦਿਆਂ ਕਿਹਾ ਕਿ ਮੰਤਰੀ ਮੰਡਲ ’ਚ ਫੇਰਬਦਲ ਤੋਂ ਪਹਿਲਾਂ ਸਭ ਕੁਝ ਠੀਕ ਹੋ ਜਾਵੇਗਾ। ਕੁਝ ਹਲਕਿਆਂ ਦਾ ਕਹਿਣਾ ਹੈ ਕਿ ਇਹ ਅੰਤਿਮ ਫੇਰਬਦਲ ਹੈ ਪਰ ਦੋ ਕੁ ਮਹੀਨਿਆਂ ਬਾਅਦ ਮੰਤਰੀ ਮੰਡਲ ’ਚ ਫਿਰ ਰੱਦੋਬਦਲ ਕੀਤੇ ਜਾਣ ਦੀ ਵੀ ਚਰਚਾ ਹੈ। ਫੇਰਬਦਲ ਦੌਰਾਨ ਛੇ ਤੋਂ ਵੱਧ ਮੰਤਰੀਆਂ ਵੱਲੋਂ ਨਵੇਂ ਚਿਹਰਿਆਂ ਲਈ ਰਾਹ ਪੱਧਰਾ ਕੀਤੇ ਜਾਣ ਦੀ ਪੂਰੀ ਸੰਭਾਵਨਾ ਹੈ ਜਦਕਿ ਕੁਝ ਦੇ ਵਿਭਾਗਾਂ ’ਚ ਬਦਲਾਅ ਹੋ ਸਕਦਾ ਹੈ। ਕੇਂਦਰੀ ਮੰਤਰੀਆਂ ਕਲਰਾਜ ਮਿਸ਼ਰਾ, ਬੰਡਾਰੂ ਦੱਤਾਤ੍ਰੇਅ, ਰਾਜੀਵ ਪ੍ਰਤਾਪ ਰੂਡੀ, ਸੰਜੀਵ ਕੁਮਾਰ ਬਾਲਿਆਨ, ਫੱਗਣ ਸਿੰਘ ਕੁਲੱਸਤੇ ਅਤੇ ਮਹਿੰਦਰ ਨਾਥ ਪਾਂਡੇ ਨੇ ਅਹੁਦਿਆਂ ਤੋਂ ਅਸਤੀਫ਼ੇ ਦੇ ਦਿੱਤੇ ਹਨ ਜਦਕਿ ਉਮਾ ਭਾਰਤੀ ਦੀ ਕਿਸਮਤ ਅੱਧ ਵਿਚਕਾਰ ਲਟਕੀ ਹੋਈ ਹੈ। ਮਨੋਹਰ ਪਰੀਕਰ ਅਤੇ ਐਮ ਵੈਂਕਈਆ ਨਾਇਡੂ ਦੇ ਅਸਤੀਫ਼ਿਆਂ ਅਤੇ ਅਨਿਲ ਦਵੇ ਦੇ ਦੇਹਾਂਤ ਨਾਲ ਮੰਤਰੀ ਮੰਡਲ ’ਚ ਪਹਿਲਾਂ ਹੀ ਤਿੰਨ ਥਾਵਾਂ ਖਾਲੀ ਹੋ ਗਈਆਂ ਸਨ। ਉਨ੍ਹਾਂ ਦੇ ਵਿਭਾਗ ਅਰੁਣ ਜੇਤਲੀ, ਨਰਿੰਦਰ ਸਿੰਘ ਤੋਮਰ, ਸਮ੍ਰਿਤੀ ਇਰਾਨੀ ਅਤੇ ਹਰਸ਼ਵਰਧਨ ਨੂੰ ਵੰਡੇ ਗਏ ਸਨ। ਵਿੱਤ ਮੰਤਰੀ ਅਤੇ ਰੱਖਿਆ ਮੰਤਰੀ ਦੇ ਅਹਿਮ ਵਿਭਾਗਾਂ ਨੂੰ ਦੇਖ ਰਹੇ ਅਰੁਣ ਜੇਤਲੀ ਨੂੰ ਇੱਕ ਵਿਭਾਗ ਤੋਂ ਫਾਰਗ ਕੀਤਾ ਜਾ ਸਕਦਾ ਹੈ। ਸੜਕ ਆਵਾਜਾਈ ਅਤੇ ਰਾਜਮਾਰਗਾਂ ਬਾਰੇ ਮੰਤਰੀ ਨਿਤੀਨ ਗਡਕਰੀ ਨੂੰ ਵਧੇਰੇ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ। ਪਾਰਟੀ ਸੂਤਰਾਂ ਮੁਤਾਬਕ ਰੇਲ ਮੰਤਰੀ ਸੁਰੇਸ਼ ਪ੍ਰਭੂ, ਜਿਨ੍ਹਾਂ ਰੇਲ ਹਾਦਸਿਆਂ ਦੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਅਸਤੀਫ਼ਾ ਦੇਣ ਦੀ ਇੱਛਾ ਜ਼ਾਹਰ ਕੀਤੀ ਸੀ, ਨੂੰ ਕਿਸੇ ਹੋਰ ਅਹਿਮ ਮੰਤਰਾਲੇ ਦਾ ਕੰਮ ਸੌਂਪਿਆ ਜਾ ਸਕਦਾ ਹੈ। ਇਸੇ ਤਰ੍ਹਾਂ ਇਸਪਾਤ ਮੰਤਰੀ ਬੀਰੇਂਦਰ ਸਿੰਘ ਦਾ ਹੋਰ ਵਿਭਾਗ ’ਚ ਤਬਾਦਲਾ ਕੀਤਾ ਜਾ ਸਕਦਾ ਹੈ। ਬਿਜਲੀ ਮੰਤਰੀ ਪਿਊਸ਼ ਗੋਇਲ, ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਅਤੇ ਟੈਲੀਕਾਮ ਮੰਤਰੀ ਮਨੋਜ ਸਿਨਹਾ ਨੂੰ ਚੰਗੀ ਕਾਰਗੁਜ਼ਾਰੀ ਵਾਲੇ ਮੰਤਰੀਆਂ ’ਚ ਸ਼ੁਮਾਰ ਕੀਤਾ ਜਾਂਦਾ ਹੈ ਅਤੇ ਉਨ੍ਹਾਂ ’ਚੋਂ ਕੁਝ ਨੂੰ ਤਰੱਕੀ ਮਿਲ ਸਕਦੀ ਹੈ।

LEAVE A REPLY