ਮੁਲਾਜ਼ਮਾਂ ਨੂੰ 58 ਸਾਲ ਦੀ ਉਮਰ ਵਿੱਚ ਸੇਵਾਮੁਕਤ ਕਰਨ ਦਾ ਮਾਮਲਾ ਟਲ ਗਿਆ

0
1363

ਪੰਜਾਬ ਸਰਕਾਰ ਦਾ ਖ਼ਜ਼ਾਨਾ ਖਾਲੀ ਹੋਣ ਅਤੇ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਲਈ ਪਹਿਲ ਦੇ ਆਧਾਰ ’ਤੇ ਪੈਸੇ ਦਾ ਜੁਗਾੜ ਕਰਨ ਖਾਤਰ ਮੁਲਾਜ਼ਮਾਂ ਨੂੰ 58 ਸਾਲ ਦੀ ਉਮਰ ਵਿੱਚ ਸੇਵਾਮੁਕਤ ਕਰਨ ਦਾ ਮਾਮਲਾ ਟਲ ਗਿਆ ਹੈ। ਅਗਲੇ ਸਾਲ ਦੇ ਬਜਟ ਵਿੱਚ ਮੁਲਾਜ਼ਮਾਂ ਲਈ ਪੈਸੇ ਦਾ ਪ੍ਰਬੰਧ ਕਰਨ ਦੀ ਸੰਭਾਵਨਾ ਹੈ ਤੇ ਉਸ ਸਮੇਂ ਤਕ ਮੁਲਾਜ਼ਮਾਂ ਨੂੰ ਸੇਵਾ ਵਿੱਚ ਵਾਧਾ ਮਿਲਦਾ ਰਹੇਗਾ। ਪੰਜਾਬ ਵਜ਼ਾਰਤ ਦੀ ਭਲਕੇ ਹੋ ਰਹੀ ਮੀਟਿੰਗ ਵਿੱਚ ਸ਼ਹਿਰੀ ਜਾਇਦਾਦ ਦੀ ਅਸ਼ਟਾਮ ਡਿਊਟੀ 9 ਤੋਂ ਘਟਾ ਕੇ 6 ਫ਼ੀਸਦੀ ਕਰਨ ਦੀ ਤਜਵੀਜ਼ ’ਤੇ ਮੋਹਰ ਲਾਈ ਜਾਵੇਗੀ।
ਪਿਛਲੇ ਕੁਝ ਸਮੇਂ ਤੋਂ ਸਰਕਾਰੀ ਮੁਲਾਜ਼ਮਾਂ ਨੂੰ 58 ਸਾਲਾਂ ਦੀ ਉਮਰ ਵਿੱਚ ਸੇਵਾਮੁਕਤ ਕਰਨ ਦੀ ਚਰਚਾ ਚੱਲ ਰਹੀ ਸੀ। ਸਰਕਾਰ ਕੋਲ ਹਰ ਸਾਲ ਸੇਵਾਮੁਕਤ ਹੋਣ ਵਾਲੇ ਪੰਦਰਾਂ ਹਜ਼ਾਰ ਮੁਲਾਜ਼ਮਾਂ ਨੂੰ ਗਰੈਚੁਟੀ, ਸੇਵਾ ਲਾਭ ਅਤੇ ਬਕਾਏ ਦੇਣ ਲਈ ਪੈਸਾ ਨਹੀਂ ਹੈ। ਮੀਟਿੰਗ ਵਿੱਚ ਇਸ ਮੁੱਦੇ ’ਤੇ ਵਿਚਾਰ-ਵਟਾਂਦਰਾ ਤਾਂ ਕੀਤੇ ਜਾਣ ਦੀ ਉਮੀਦ ਹੈ ਪਰ ਮੁਲਾਜ਼ਮਾਂ ਨੂੰ 58 ਸਾਲ ਦੀ ਉਮਰ ਵਿੱਚ ਸੇਵਾਮੁਕਤ ਨਹੀਂ ਜਾਵੇਗਾ। ਉਮਰ ਦੀ ਹੱਦ ਵਿੱਚ ਵਾਧਾ ਕਰਨ ਦਾ ਫ਼ੈਸਲਾ ਕਾਰਜਕਾਰੀ ਹੁਕਮ ਨਾਲ ਹੋਇਆ ਸੀ ਤੇ ਜਦੋਂ ਸਰਕਾਰ ਕੋਲ ਪੈਸਾ ਇਕੱਠਾ ਹੋ ਜਾਵੇਗਾ, ਉਸ ਸਮੇਂ ਇੱਕ ਹੁਕਮ ਪਾਸ ਕਰ ਕੇ 58 ਸਾਲਾਂ ਤੋਂ ਵੱਧ ਉਮਰ ਵਾਲੇ ਮੁਲਾਜ਼ਮਾਂ ਨੂੰ ਸੇਵਾਮੁਕਤ ਕਰ ਦਿੱਤਾ ਜਾਵੇਗਾ। ਇਸ ਸਮੇਂ ਇਹ ਚਰਚਾ ਚੱਲ ਰਹੀ ਹੈ ਕਿ 59 ਸਾਲ ਦੀ ਉਮਰ ਵਾਲੇ ਮੁਲਾਜ਼ਮਾਂ ਨੂੰ ਸੇਵਾਮੁਕਤ ਕਰਨ ਲਈ ਕੋਈ ਤਰੀਕਾ ਅਪਣਾ ਲਿਆ ਜਾਵੇ। ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਦੱਸਿਆ ਕਿ ਰਾਜ ਸਰਕਾਰ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਲਈ ਪੈਸੇ ਦਾ ਪ੍ਰਬੰਧ ਪਹਿਲ ਦੇ ਆਧਾਰ ’ਤੇ ਕਰਨਾ ਚਾਹੁੰਦੀ ਹੈ, ਜਿਸ ਕਾਰਨ ਮੁਲਾਜ਼ਮਾਂ ਨੂੰ ਸੇਵਾਮੁਕਤ ਕਰਨ ਨਾਲੋਂ ਕਿਸਾਨਾਂ ਨੂੰ ਤਰਜੀਹ ਦਿੱਤੀ ਜਾਵੇਗੀ।

LEAVE A REPLY