ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਅੱਜ ਸਰਕਾਰ ਨੂੰ ਕਾਨੂੰਨ ਬਣਾਉਣ ਲਈ ਆਰਡੀਨੈਂਸ ਵਾਲੇ ਰਾਹ ਦੀ ਵਰਤੋਂ ਖ਼ਿਲਾਫ਼ ਸੁਚੇਤ ਕਰਦਿਆਂ ਕਿਹਾ

0
688

ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਅੱਜ ਸਰਕਾਰ ਨੂੰ ਕਾਨੂੰਨ ਬਣਾਉਣ ਲਈ ਆਰਡੀਨੈਂਸ ਵਾਲੇ ਰਾਹ ਦੀ ਵਰਤੋਂ ਖ਼ਿਲਾਫ਼ ਸੁਚੇਤ ਕਰਦਿਆਂ ਕਿਹਾ ਕਿ ਇਸ ਨੂੰ ਕੇਵਲ ਬੇਵਸੀ ਵਾਲੇ ਹਾਲਾਤ ਵਿੱਚ ਹੀ ਵਰਤਿਆ ਜਾਣਾ ਚਾਹੀਦਾ ਹੈ ਅਤੇ ਇਸ ਦਾ ਵਿੱਤੀ ਮਾਮਲਿਆਂ ਵਿੱਚ ਆਸਰਾ ਨਹੀਂ ਤੱਕਣਾ ਚਾਹੀਦਾ। ਸੰਸਦ ਵਿੱਚ ਵਿਦਾਇਗੀ ਸਮਾਰੋਹ ਦੌਰਾਨ ਉਨ੍ਹਾਂ ਨੇ ਵਿਰੋਧੀ ਧਿਰ ਨੂੰ ਦੋਵੇਂ ਸਦਨਾਂ ਦੀ ਕਾਰਵਾਈ ਵਿੱਚ ਵਿਘਨ ਨਾ ਪਾਉਣ ਲਈ ਕਿਹਾ ਕਿਉਂਕਿ ਇਸ ਨਾਲ ਲੋਕਾਂ ਦੇ ਸੰਸੇ ਤੇ ਮੁੱਦੇ ਉਠਾਉਣ ਦਾ ਮੌਕਾ ਖੁੰਝ ਜਾਂਦਾ ਹੈ।
82 ਸਾਲਾ ਸ੍ਰੀ ਮੁਖਰਜੀ ਨੇ ਕਿਹਾ, ‘ਮੇਰੀ ਦ੍ਰਿੜ੍ਹ ਸੋਚ ਹੈ ਕਿ ਆਰਡੀਨੈਂਸ ਵਾਲਾ ਰਾਹ ਕੇਵਲ ਬੇਵਸੀ ਵਾਲੇ ਹਾਲਾਤ ਵਿੱਚ ਹੀ ਵਰਤਿਆ ਜਾਣਾ ਚਾਹੀਦਾ ਹੈ। ਉਨ੍ਹਾਂ ਮਾਮਲਿਆਂ ’ਚ ਵੀ ਆਰਡੀਨੈਂਸ ਵਾਲਾ ਰਾਹ ਨਹੀਂ ਵਰਤਣਾ ਚਾਹੀਦਾ, ਜਿਨ੍ਹਾਂ ਨੂੰ ਸੰਸਦ ਵਿੱਚ ਪੇਸ਼ ਕੀਤਾ ਗਿਆ ਹੋਵੇ ਜਾਂ ਵਿਚਾਰ ਕੀਤਾ ਜਾ ਰਿਹਾ ਹੋਵੇ ਜਾਂ ਹਾਊਸ ਕਮੇਟੀ ਅੱਗੇ ਪੈਂਡਿੰਗ ਪਏ ਹੋਣ। ਜੇਕਰ ਕੋਈ ਜ਼ਿਆਦਾ ਜ਼ਰੂਰੀ ਮਾਮਲਾ ਹੋਵੇ ਤਾਂ ਸਬੰਧਤ ਕਮੇਟੀ ਨੂੰ ਸਥਿਤੀ ਬਾਰੇ ਜਾਣੂ ਕਰਾਉਣਾ ਚਾਹੀਦਾ ਹੈ।’
ਦੱਸਣਯੋਗ ਹੈ ਕਿ ਪਿਛਲੇ ਤਿੰਨ ਸਾਲਾਂ ਵਿੱਚ ਦੁਸ਼ਮਣ ਦੀ ਜਾਇਦਾਦ ਬਾਰੇ ਕਾਨੂੰਨ, 1968 ਵਿੱਚ ਸੋਧ ਕਰਨ ਵਿੱਚ ਵਾਰ ਵਾਰ ਨਾਕਾਮ ਰਹਿਣ ਬਾਅਦ ਮੋਦੀ ਸਰਕਾਰ ਨੇ ਪੰਜ ਆਰਡੀਨੈਂਸ ਜਾਰੀ ਕੀਤੇ ਸਨ। ਸੰਸਦ ਵੱਲੋਂ ਮਾਰਚ ਵਿੱਚ ਇਸ ਬਿੱਲ ਨੂੰ ਪਾਸ ਕੀਤਾ ਗਿਆ ਸੀ। ਚੌਥੇ ਤੇ ਪੰਜਵੇਂ ਆਰਡੀਨੈਂਸ ’ਤੇ ਸਹੀ ਪਵਾਉਣ ਲਈ ਰਾਸ਼ਟਰਪਤੀ ਨੂੰ ਮਨਾਉਣ ਵਾਸਤੇ ਸੀਨੀਅਰ ਕੇਂਦਰੀ ਮੰਤਰੀ ਤਾਇਨਾਤ ਕੀਤੇ ਗਏ ਸਨ ਕਿਉਂਕਿ ਸ੍ਰੀ ਮੁਖਰਜੀ ਆਰਡੀਨੈਂਸ ਖ਼ਿਲਾਫ਼ ਸਨ। ਇਸ ਲਈ ਰਾਸ਼ਟਰਪਤੀ ਦੀਆਂ ਇਹ ਟਿੱਪਣੀਆਂ ਅਹਿਮ ਹਨ।
ਇਕ ਘੰਟਾ ਚੱਲੇ ਇਸ ਸਮਾਰੋਹ ਵਿੱਚ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਐਚ ਡੀ ਦੇਵਗੌੜਾ, ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ, ਕਾਂਗਰਸ ਮੁਖੀ ਸੋਨੀਆ ਗਾਂਧੀ, ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਤੋਂ ਇਲਾਵਾ ਹੋਰ ਆਗੂ ਮੌਜੂਦ ਸਨ। ਸ੍ਰੀ ਮੁਖਰਜੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਤੋਂ ‘ਹਰੇਕ ਕਦਮ’ ਉਤੇ ਮਿਲੇ ਸਹਿਯੋਗ ਤੇ ਮਸ਼ਵਰੇ ਦਾ ਉਨ੍ਹਾਂ ਨੂੰ ‘ਵੱਡਾ ਲਾਹਾ’ ਮਿਲਿਆ ਹੈ। ਉਨ੍ਹਾਂ ਵੱਲੋਂ ਮੰਗਲਵਾਰ ਨੂੰ ਰਾਸ਼ਟਰਪਤੀ ਵਜੋਂ ਅਹੁਦਾ ਛੱਡਿਆ ਜਾਵੇਗਾ।

LEAVE A REPLY