ਇੰਗਲੈਂਡ ਸਾਥੋਂ ਸਖ਼ਤ ਮੁਕਾਬਲੇ ਦੀ ਆਸ ਰੱਖੇ: ਮਿਤਾਲੀ

0
785

ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ ਨੇ ਐਤਵਾਰ ਨੂੰ ਹੋਣ ਵਾਲੇ ਆਈਸੀਸੀ ਮਹਿਲਾ ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ ਤੋਂ ਪਹਿਲਾਂ ਇੰਗਲੈਂਡ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਮੇਜ਼ਬਾਨਾਂ ਨੂੰ ਉਨ੍ਹਾਂ ਦੀ ਸੁਧਰ ਰਹੀ ਤੇ ਆਤਮ ਵਿਸ਼ਵਾਸ ਨਾਲ ਭਰੀ ਟੀਮ ਤੋਂ ਸਖ਼ਤ ਮੁਕਾਬਲੇ ਦੀ ਆਸ ਕਰਨੀ ਚਾਹੀਦੀ ਹੈ। ਭਾਰਤ ਨੇ ਇੰਗਲੈਂਡ ਨੂੰ ਸ਼ੁਰੂਆਤੀ ਮੈਚ ’ਚ 35 ਦੌੜਾਂ ਨਾਲ ਮਾਤ ਦਿੱਤੀ ਸੀ ਅਤੇ ਫਾਈਨਲ ’ਚ ਫਿਰ ਉਸ ਨੂੰ ਮੇਜ਼ਬਾਨ ਟੀਮ ਨਾਲ ਹੀ ਭਿੜਨਾ ਹੈ।
ਮਿਤਾਲੀ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਤੌਰ ਟੀਮ ਉਹ ਫਾਈਨਲ ’ਚ ਪੁੱਜਣ ਕਾਰਨ ਉਤਸ਼ਾਹਿਤ ਹਨ। ਉਹ ਜਾਣਦੇ ਸੀ ਕਿ ਇਹ ਟੂਰਨਾਮੈਂਟ ਸੌਖਾ ਨਹੀਂ ਹੋਵੇਗਾ, ਪਰ ਜਿਸ ਤਰ੍ਹਾਂ ਉਨ੍ਹਾਂ ਦੀਆਂ ਖਿਡਾਰਨਾਂ ਨੇ ਟੀਮ ਦੀ ਜ਼ਰੂਰਤ ਦੇ ਹਿਸਾਬ ਨਾਲ ਖੇਡ ਦਾ ਮੁਜ਼ਾਹਰਾ ਕੀਤਾ ਹੈ, ਉਸ ਤੋਂ ਲੱਗਦਾ ਹੈ ਕਿ ਫਾਈਨਲ ਵਿਰੋਧੀ ਟੀਮ ਲਈ ਚੁਣੌਤੀ ਭਰਿਆ ਹੋਵੇਗਾ। ਉਸ ਨੇ ਕਿਹਾ, ‘ਇਹ ਲਾਜ਼ਮੀ ਤੌਰ ’ਤੇ ਹੀ ਇੰਗਲੈਂਡ ਲਈ ਸੌਖਾ ਨਹੀਂ ਹੋਵੇਗਾ, ਪਰ ਇਹ ਨਿਰਭਰ ਕਰਦਾ ਹੈ ਕਿ ਉਸ ਦਿਨ ਉਹ ਕਿਹੋ ਜਿਹਾ ਪ੍ਰਦਰਸ਼ਨ ਕਰਦੇ ਹਨ। ਸਾਨੂੰ ਆਪਣੀ ਯੋਜਨਾ ਤੇ ਰਣਨੀਤੀ ਮੁਤਾਬਕ ਖੇਡਣਾ ਹੋਵੇਗਾ ਕਿਉਂਕਿ ਇੰਗਲੈਂਡ ਨੇ ਵੀ ਪਹਿਲੇ ਮੈਚ ’ਚ ਸਾਥੋਂ ਹਾਰਨ ਮਗਰੋਂ ਕਾਫੀ ਚੰਗਾ ਪ੍ਰਦਰਸ਼ਨ ਕੀਤਾ ਹੈ।’ ਕਪਤਾਨ ਨੇ ਕਿਹਾ ਕਿ ਫਾਈਨਲ ਤੱਕ ਉਸ ਦੀ ਟੀਮ ਨੇ ਚੰਗੀ ਖੇਡ ਦਿਖਾਈ ਹੈ। ਇਸ ਲਈ ਮੇਜ਼ਬਾਨ ਟੀਮ ਖ਼ਿਲਾਫ਼ ਉਸ ਦੀ ਧਰਤੀ ’ਤੇ ਖੇਡਣਾ ਚੁਣੌਤੀ ਭਰਿਆ ਹੁੰਦਾ ਹੈ, ਪਰ ਉਹ ਇਸ ਲਈ ਤਿਆਰ ਹਨ।
ਬੀਤੇ ਦਿਨ ਆਸਟਰੇਲੀਆ ਖ਼ਿਲਾਫ਼ ਸੈਮੀ ਫਾਈਨਲ ’ਚ ਹਰਮਨਪ੍ਰੀਤ ਕੌਰ ਵੱਲੋਂ ਖੇਡੀ ਗਈ 171 ਦੌੜਾਂ ਦੀ ਨਾਬਾਦ ਪਾਰੀ ਨੂੰ ਮਿਤਾਲੀ ਨੇ ਵੱਡੀ ਪ੍ਰਾਪਤੀ ਕਰਾਰ ਦਿੱਤਾ। ਮਿਤਾਲੀ ਨੇ ਕਿਹਾ ਕਿ ਹਰਮਨਪ੍ਰੀਤ ਦੀ ਪਾਰੀ ਸ਼ਾਨਦਾਰ ਰਹੀ। ਗੇਂਦਬਾਜ਼ਾਂ ਨੇ ਕਾਫੀ ਚੰਗਾ ਪ੍ਰਦਰਸ਼ਨ ਕੀਤਾ। ਝੂਲਨ ਨੇ ਵੀ ਲੈਅ ’ਚ ਵਾਪਸੀ ਕੀਤੀ ਅਤੇ ਸ਼ਿਖਾ ਨੇ ਵੀ ਚੰਗੀ ਗੇਂਦਬਾਜ਼ੀ ਕੀਤੀ। ਉਸ ਨੇ ਕਿਹਾ ਕਿ ਨਿਊਜ਼ੀਲੈਂਡ ਖ਼ਿਲਾਫ਼ ਵਿਕਟ ਗੁਆਉਣ ਮਗਰੋਂ ਉਨ੍ਹਾਂ ਵਾਪਸੀ ਕੀਤੀ ਹੈ ਅਤੇ ਆਸਟਰੇਲੀਆ ਖ਼ਿਲਾਫ਼ ਸੈਮੀ ਫਾਈਨਲ ਜਿੱਤਣਾ ਵੱਡੀ ਪ੍ਰਾਪਤੀ ਸੀ। ਉਸ ਨੇ ਕਿਹਾ ਕਿ ਭਾਰਤੀ ਟੀਮ ’ਚ ਅਜਿਹੀਆਂ ਖਿਡਾਰਨਾਂ ਹਨ ਜੋ ਕੌਮਾਂਤਰੀ ਪੱਧਰ ਦੇ ਹਰ ਮੈਚ ’ਚ ਚੰਗਾ ਪ੍ਰਦਰਸ਼ਨ ਕਰ ਰਹੀਆਂ ਹਨ।

LEAVE A REPLY