ਦਿੱਲੀ ਸਰਕਾਰ ਵੱਲੋਂ ਐਪ ਅਧਾਰਤ ਏਸੀ ਬੱਸ ਸਰਵਿਸ ਸ਼ੁਰੂ ਕੀਤੀ ਜਾਵੇਗੀ ।

0
883

ਦਿੱਲੀ ਸਰਕਾਰ ਵੱਲੋਂ ਐਪ ਅਧਾਰਤ ਏਸੀ ਬੱਸ ਸਰਵਿਸ ਸ਼ੁਰੂ ਕੀਤੀ ਜਾਵੇਗੀ ਜਿਸ ਵਿੱਚ ਦਿੱਲੀ ਵਾਸੀ ਆਪਣੀ ਸੀਟ ਫੋਨਾਂ ਰਾਹੀਂ ਰਾਖਵੀਂ ਕਰ ਸਕਣਗੇ। ਇਸ ਤਰ੍ਹਾਂ ਦੀ ਯੋਜਨਾ ਦਾ ਖਰੜਾ ਦਿੱਲੀ ਸਰਕਾਰ ਵੱਲੋਂ ਤਿਆਰ ਕੀਤਾ ਜਾ ਰਿਹਾ ਹੈ। ਸੂਤਰਾਂ ਮੁਤਾਬਕ ਦਿੱਲੀ ਸਰਕਾਰ ਵੱਲੋਂ ਤਿਆਰ ਕੀਤੀ ਜਾ ਰਹੀ ਇਸ ਤਜਵੀਜ਼ ਤਹਿਤ ‘ਐਪ-ਅਧਾਰਤ ਏਸੀ ਬੱਸ ਸਰਵਿਸ 2017’ ਵਿੱਚ ਸਹੂਲਤਾਂ ਦਿੱਤੀਆਂ ਜਾਣਗੀਆਂ। ਸਰਕਾਰ ਸਮਝਦੀ ਹੈ ਕਿ ਇਸ ਸਰਵਿਸ ਦੇ ਸ਼ੁਰੂ ਹੋਣ ਨਾਲ ਦਿੱਲੀ ਦੇ ਦਫ਼ਤਰਾਂ ਵਿੱਚ ਕੰਮ ਕਰਦੇ ਬਾਬੂਆਂ ਨੂੰ ਲਾਹਾ ਮਿਲੇਗਾ। ਦਿੱਲੀ ਸਰਕਾਰ ਵੱਲੋਂ ਇਹ ਸੇਵਾ ਐਪ ਅਧਾਰਤ ਟੈਕਸੀਆਂ ਵਾਲੀਆਂ ਕੰਪਨੀਆਂ ਦੀ ਤਰਜ਼ ’ਤੇ ਸ਼ੁਰੂ ਕੀਤੀ ਜਾਵੇਗੀ ਜਿਸ ਦੀ ਬੁਕਿੰਗ ਸਿਰਫ਼ ਆਨਲਾਈਨ ਹੀ ਹੋ ਸਕੇਗੀ। ਏਸੀ ਬੱਸਾਂ ਵੀ ਨਿੱਜੀ ਅਪਰੇਟਰਾਂ ਰਾਹੀਂ ਚਲਾਉਣ ਦੀ ਯੋਜਨਾ ਹੈ। ਦਿੱਲੀ ਦੇ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਮੁਤਾਬਕ ਇਨ੍ਹਾਂ ਏਸੀ ਬੱਸਾਂ ਵਿੱਚ ਸੀਸੀਟੀਵੀ, ਵਾਈ-ਫਾਈ, ਮਨੋਰੰਜਨ ਦੇ ਸਾਧਨ, ਅਰਾਮਦੇਹ ਗੱਦੀਆਂ, ਜੀਪੀਆਰ ਸਿਸਟਮ ਤੇ ਮੁਸ਼ਕਲ ਹੋਣ ’ਤੇ ਦਬਾਇਆ ਜਾਣ ਵਾਲਾ ਬਟਨ ਵੀ ਲਾਇਆ ਜਾਵੇਗਾ। ਮੰਤਰੀ ਨੇ ਦੱਸਿਆ ਕਿ ਸਰਕਾਰ ਦੀ ਕੋਸ਼ਿਸ਼ ਹੈ ਕਿ ਪ੍ਰਦੂਸ਼ਣ ਨੂੰ ਦਿੱਲੀ ਵਿੱਚੋਂ ਘਟਾਇਆ ਜਾਵੇ ਅਤੇ ਲੋਕ ਨਿੱਜੀ ਗੱਡੀਆਂ ਦੀ ਥਾਂ ਜਨਤਕ ਟਰਾਂਸਪੋਰਟ ਦੀ ਵਰਤੋਂ ਕਰਨ। ਅੰਕੜਿਆਂ ਮੁਤਾਬਕ ਦਿੱਲੀ ਵਿੱਚ ਰੋਜ਼ਾਨਾ ਇੱਕ ਕਰੋੜ ਨਿੱਜੀ ਗੱਡੀਆਂ ਸੜਕਾਂ ’ਤੇ ਉਤਰਦੀਆਂ ਹਨ ਜਿਨ੍ਹਾਂ ਵਿੱਚੋਂ 36 ਲੱਖ ਸਿਰਫ਼ ਕਾਰਾਂ ਹੀ ਹੁੰਦੀਆਂ ਹਨ ਤੇ ਉਨ੍ਹਾਂ ਵਿੱਚ ਵੀ ਇੱਕ-ਦੁੱਕਾ ਵਿਅਕਤੀ ਹੀ ਸਫ਼ਰ ਕਰਦੇ ਹਨ। ਦਿੱਲੀ ਅੰਦਰ ਜਾਮ ਦੇ ਹਾਲਾਤ ਲਈ ਵੀ ਇਹ ਵਾਧੂ ਗੱਡੀਆਂ ਹੀ ਜ਼ਿੰਮੇਵਾਰ ਹਨ। ਸ੍ਰੀ ਗਹਿਲੋਤ ਨੇ ਦੱਸਿਆ ਕਿ ਇਹ ਮਿੰਨੀ ਬੱਸਾਂ 20 ਸੀਟਾਂ ਦੀ ਸਮਰੱਥਾ ਵਾਲੀਆਂ ਹੋਣਗੀਆਂ ਜਿਨ੍ਹਾਂ ਨੂੰ ਚਲਾਉਣ ਲਈ ਨੀਤੀ ਘੜੀ ਜਾ ਰਹੀ ਹੈ।

LEAVE A REPLY