ਦਾਰਜੀਲਿੰਗ ਵਿੱਚ ਨੌਜਵਾਨ ਦੀ ਮੌਤ ਤੋਂ ਭੜਕੇ ਗੋਰਖਾਲੈਂਡ ਸਮਰਥਕ ।

0
800

ਇਥੇ ਸੋਨਾਦਾ ਇਲਾਕੇ ਵਿੱਚ ਅੱਜ ਹੋਈ ਤਾਜ਼ੀ ਹਿੰਸਾ ਤੋਂ ਬਾਅਦ ਫੌਜ ਤਾਇਨਾਤ ਕਰ ਦਿੱਤੀ ਗਈ। ਬੀਤੀ ਰਾਤ ਇਥੇ ਕਥਿਤ ਪੁਲੀਸ ਫਾਇਰਿੰਗ ਵਿੱਚ ਨੌਜਵਾਨ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਗੋਰਖਾਲੈਂਡ ਦੇ ਸਮਰਥਕਾਂ ਨੇ ਪੁਲੀਸ ਚੌਕੀ ਅਤੇ ਇਕ ਟੌਇ ਟਰੇਨ ਸਟੇਸ਼ਨ ਨੂੰ ਅੱਗ ਲਾ ਦਿੱਤੀ।
ਗੋਰਖਾ ਜਨਮੁਕਤੀ ਮੋਰਚਾ(ਜੀਜੇਐਮ) ਅਤੇ ਗੋਰਖਾ ਨੈਸ਼ਨਲ ਲਿਬਰੇਸ਼ਨ ਫਰੰਟ(ਜੀਐਨਐਲਐਫ) ਦੇ ਕਾਰਕੁਨਾਂ ਦੀ ਸੋਨਾਦਾ ਅਤੇ ਚੌਕਬਾਜ਼ਾਰ ਵਿੱਚ ਪੁਲੀਸ ਨਾਲ ਝੜੱਪ ਵੀ ਹੋਈ। ਦੂਜੇ ਪਾਸੇ ਅਣਮਿਥੇ ਸਮੇਂ ਦਾ ਬੰਦ 24ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਫੌਜ ਦੇ ਸੂਤਰਾਂ ਅਨੁਸਾਰ ਦੋ ਟੁਕੜੀਆਂ ਜਿਨ੍ਹਾਂ ਵਿੱਚ 100 ਦੇ ਕਰੀਬ ਜਵਾਨ ਸ਼ਾਮਲ ਸਨ ਨੂੰ ਸੋਨਾਦਾ ਵਿੱਚ ਤਾਇਨਾਤ ਕੀਤਾ ਗਿਆ ਹੈ। ਜੀਐਨਐਲਐਫ ਦੇ ਬੁਲਾਰੇ ਨੀਰਜ ਜ਼ਿੰਬਾ ਨੇ ਦਾਅਵਾ ਕੀਤਾ ਕਿ ਨੌਜਵਾਨ ਤਾਸ਼ੀ ਭੂਟੀਆ ਨੂੰ ਬੀਤੀ ਰਾਤ ਸੁਰੱਖਿਆ ਦਸਤਿਆਂ ਨੇ ਉਦੋਂ ਗੋਲੀ ਮਾਰ ਦਿੱਤੀ ਗਈ ਸੀ ਜਦੋਂ ਉਹ ਸੋਨਾਦਾ ਵਿੱਚ ਦਵਾਈਆਂ ਲੈਣ ਗਿਆ ਹੋਇਆ ਸੀ। ਜਦੋਂ ਕਿ ਪੁਲੀਸ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਗੋਲੀਬਾਰੀ ਦੀ ਕੋਈ ਜਾਣਕਾਰੀ ਨਹੀਂ ਹੈ। ਪੁਲੀਸ ਅਧਿਕਾਰੀ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਆਈ ਜੀ ਜਾਵੇਦ ਸ਼ਮੀਮ ਨੂੰ ਜਦੋਂ ਗੋਲੀਬਾਰੀ ਬਾਰੇ ਪੁੱੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਦਾ ਪਤਾ ਜਾਂਚ ਤੋਂ ਬਾਅਦ ਚਲੇਗਾ। ਜੀਜੇਐਮ ਅਤੇ ਹੋਰਨਾਂ ਧੜਿਆਂ ਨੇ ਪੁਲੀਸ ਵੱਲੋਂ ਨੌਜਵਾਨ ਦੀ ਹੱਤਿਆ ਕੀਤੇ ਜਾਣ ਸਬੰਧੀ ਪੁਲੀਸ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਹੈ। ਮੋਰਚੇ ਦੇ ਆਗੂ ਬਿਨੇ ਤਮਾਂਗ ਨੇ ਦੋਸ਼ ਲਾਇਆ ਕਿ ਪੁਲੀਸ ਨੇ ਬਿਨਾਂ ਕਿਸੇ ਵਜ੍ਹਾ ਦੇ ਨੌਜਵਾਨ ਦੀ ਹੱਤਿਆ ਕੀਤੀ ਹੈ। ਉਸ ਦੇ ਸਰੀਰ ’ਤੇ ਗੋਲੀਆਂ ਦੇ ਨਿਸ਼ਾਨ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮੰਗ ਹੈ ਕਿ ਇਸ ਵਿੱਚ ਸ਼ਾਮਲ ਪੁਲੀਸ ਵਾਲਿਆਂ ਨੂੰ ਸਜ਼ਾ ਦਿੱਤੀ ਜਾਵੇ। ਜ਼ਿਕਰਯੋਗ ਹੈ ਕਿ ਜਿਵੇਂ ਦੀ ਨੌਜਵਾਨ ਦੀ ਮੌਤ ਦੀ ਖ਼ਬਰ ਫੈਲੀ, ਵੱਡੀ ਗਿਣਤੀ ਗੋਰਖਾਲੈਂਡ ਦੇ ਸਮਰਥਕ ਗਲੀਆਂ ਵਿੱਚ ਆ ਗਏ ਤੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੀ ਪੁਲੀਸ ਨਾਲ ਝੜੱਪ ਹੋਈ ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲੀਸ ਚੌਕੀ ਨੂੰ ਅੱਗ ਲਾ ਦਿੱਤੀ।

LEAVE A REPLY