ਕੇਂਦਰ ਵੱਲੋਂ ਕਰਜ਼ੇ ਵਿੱਚ ਫਸੀ ਕੌਮੀ ਹਵਾਈ ਕੰਪਨੀ ਏਅਰ ਇੰਡੀਆ ਦੇ ਅਪਨਿਵੇਸ਼ ਨੂੰ ਹਰੀ ਝੰਡੀ

0
544

ਕੇਂਦਰ ਸਰਕਾਰ ਨੇ ਅੱਜ ਕਰਜ਼ੇ ਵਿੱਚ ਫਸੀ ਕੌਮੀ ਹਵਾਈ ਕੰਪਨੀ ਏਅਰ ਇੰਡੀਆ ਵਿੱਚ ਸਰਕਾਰੀ ਹਿੱਸੇ ਦਾ ਅਪਨਿਵੇਸ਼ ਕਰਨ ਲਈ ‘ਸਿਧਾਂਤਕ’ ਤੌਰ ’ਤੇ ਮਨਜ਼ੂਰੀ ਦੇ ਦਿੱਤੀ ਹੈ। ਇਹ ਫ਼ੈਸਲਾ ਅੱਜ ਇਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਲਿਆ ਗਿਆ।
ਗ਼ੌਰਤਲਬ ਹੈ ਕਿ ਪ੍ਰਧਾਨ ਮੰਤਰੀ ਨੇ ਕਰੀਬ ਦੋ ਮਹੀਨੇ ਪਹਿਲਾਂ ਹੀ ਏਅਰ ਇੰਡੀਆ ਵਿੱਚ ਸਰਕਾਰੀ ਹਿੱਸਾ ਵੇਚਣ ਦੀ ਤਜਵੀਜ਼ ਬਣਾਉਣ ਲਈ ਹਰੀ ਝੰਡੀ ਦੇ ਦਿੱਤੀ ਸੀ, ਜਿਸ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ। ਗ਼ੌਰਤਲਬ ਹੈ ਕਿ ਕੰਪਨੀ ਨੂੰ ਨਾ ਸਿਰਫ਼ 50 ਹਜ਼ਾਰ ਕਰੋੜ ਰੁਪਏ ਦੇ ਘਾਟੇ ਦਾ ਹੀ ਸਾਹਮਣਾ ਕਰਨਾ ਪੈ ਰਿਹਾ ਹੈ, ਸਗੋਂ ਇਸ ਦੇ ਸਿਰ ਕਰੀਬ 55 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਵੀ ਚੜ੍ਹਿਆ ਹੋਇਆ ਹੈ।
ਮੀਟਿੰਗ ਤੋਂ ਬਾਅਦ ਵਿੱਤ ਤੇ ਰੱਖਿਆ ਮੰਤਰੀ ਅਰੁਣ ਜੇਤਲੀ ਨੇ ਦੱਸਿਆ, ‘‘ਕੇਂਦਰੀ ਵਜ਼ਾਰਤ ਨੇ ਏਅਰ ਇੰਡੀਆ ਵਿੱਚ ਅਪਨਿਵੇਸ਼ ਕਰਨ ਦੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੀ ਤਜਵੀਜ਼ ਨੂੰ ਮਨਜ਼ੂਰ ਕਰ ਲਿਆ ਹੈ।’’ ਉਨ੍ਹਾਂ ਕਿਹਾ ਕਿ ਮੰਤਰੀ ਮੰਡਲ ਨੇ ਇਸ ਅਪਨਿਵੇਸ਼ ਦੇ ਤੌਰ-ਤਰੀਕੇ ਤੈਅ ਕਰਨ ਲਈ ਵਿੱਤ ਮੰਤਰੀ ਦੀ ਅਗਵਾਈ ਹੇਠ ਇਕ ਕਮੇਟੀ ਵੀ ਬਣਾਈ ਹੈ। ਉਨ੍ਹਾਂ ਕਿਹਾ ਕਿ ਤੌਰ-ਤਰੀਕੇ ਤੈਅ ਹੋਣ ਤੋਂ ਬਾਅਦ ਤਜਵੀਜ਼ ਨੂੰ ਇਕ ਵਾਰੀ ਫਿਰ ਅੰਤਿਮ ਫ਼ੈਸਲੇ ਲਈ ਕੇਂਦਰੀ ਮੰਤਰੀ ਮੰਡਲ ਕੋਲ ਭੇਜਿਆ ਜਾਵੇਗਾ।
ਸ੍ਰੀ ਜੇਤਲੀ ਨੇ ਕਿਹਾ, ‘‘ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਬੇਨਤੀ ਕੀਤੀ ਸੀ ਕਿ ਮੰਤਰੀ ਸਮੂਹ ਦੀ ਅਗਵਾਈ ਵਿੱਤ ਮੰਤਰੀ ਵੱਲੋਂ ਹੀ ਕੀਤੀ ਜਾਵੇ। ਮੰਤਰੀ ਸਮੂਹ ਵੱਲੋਂ ਅਪਨਿਵੇਸ਼ ਦੀ ਰਕਮ, ਅਪਨਿਵੇਸ਼ ਦੇ ਢਾਂਚੇ ਅਤੇ ਏਅਰ ਇੰਡੀਆ ਅਤੇ ਇਸ ਦਾ ਮਾਲਕੀ ਵਾਲੀਆਂ ਹੋਟਲ ਕੰਪਨੀਆਂ ਦੇ ਅਸਾਸਿਆਂ ਤੇ ਕਰਜ਼ੇ ਬਾਰੇ ਵੀ ਫ਼ੈਸਲਾ ਕੀਤਾ ਜਾਵੇਗਾ।’’

LEAVE A REPLY