ਭਾਰਤੀ ਕਪਤਾਨ ਵਿਰਾਟ ਕੋਹਲੀ ਵੱਲੋਂ ਰਹਾਣੇ ਦੀਆਂ ਸਿਫ਼ਤਾਂ

0
776

ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਸੈਂਕੜਾ ਮਾਰਨ ਵਾਲੇ ਅਜਿੰਕਿਆ ਰਹਾਣੇ ਦੀ ਤਾਰੀਫ਼ ਕਰਦਿਆਂ ਕਿਹਾ ਕਿ ਟੀਮ ਵਿੱਚ ਉਸ ਦੀ ਮੌਜੂਦਗੀ ਸੰਤੁਲਨ ਲਿਆਉਂਦੀ ਹੈ ਅਤੇ ਸਾਨੂੰ ਵਾਧੂ ਗੇਂਦਬਾਜ਼ ਖਿਡਾਉਣ ਦਾ ਮੌਕਾ ਮਿਲਦਾ ਹੈ ਜੋ 2019 ਦੇ ਵਿਸ਼ਵ ਕੱਪ ਲਈ ਅਹਿਮ ਹੋਵੇਗਾ। ਰਹਾਣੇ ਨੇ ਮੀਂਹ ਤੋਂ ਪ੍ਰਭਾਵਿਤ ਦੂਜੇ ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚ ਵਿੱਚ 104 ਗੇਂਦਾਂ ਵਿੱਚ 10 ਚੌਕਿਆਂ ਅਤੇ ਦੋ ਛੱਕਿਆਂ ਦੀ ਮੱਦਦ ਨਾਲ 103 ਦੌੜਾਂ ਦੀ ਪਾਰੀ ਖੇਡੀ। ਕੋਹਲੀ ਨੇ 05 ਦੌੜਾਂ ਦੀ ਜਿੱਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ ਜਿੰਕਸ (ਰਹਾਣੇ) ਪਿਛਲੇ ਕੁੱਝ ਸਮੇਂ ਤੋਂ ਇੱਕ ਰੋਜ਼ਾ ਅੰਤਰਰਾਸ਼ਟਰੀ ਢਾਂਚੇ ਦਾ ਹਿੱਸਾ ਹੈ ਅਤੇ ਸਾਨੂੰ ਸਾਰਿਆਂ ਨੂੰ ਲੱਗਦਾ ਹੈ ਕਿ ਸਿਖਰਲੇ ਕ੍ਰਮ ਵਿੱਚ ਉਸ ਵਿੱਚ ਬਿਹਤਰੀਨ ਸਮਰੱਥਾ ਹੈ। ਉਹ ਹਮੇਸ਼ਾਂ ਤੀਜੇ ਸਲਾਮੀ ਬੱਲੇਬਾਜ਼ ਦੇ ਰੂਪ ਵਿੱਚ ਮੌਜੂਦ ਰਹਿੰਦਾ ਹੈ।’ ਕੋਹਲੀ ਨੇ ਕਿਹਾ ਕਿ ਇਸ ਲੜੀ ਦੇ ਹੁਣ ਤੱਕ ਦੇ ਦੋ ਮੈਚਾਂ ਵਿੱਚ ਉਸਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਹੈ। ਉਸਨੇ ਅੱਜ ਆਪਣੀ ਪਾਰੀ ਨੂੰ ਕਾਫੀ ਸਪੀਡ ਦਿੱਤੀ। ਉਹ ਸਥਾਪਿਤ ਟੈਸਟ ਬੱਲੇਬਾਜ਼ ਹੈ। ਉਹ ਇੱਕ ਰੋਜ਼ਾ ਵਿੱਚ ਆਪਣੀ ਛਾਪ ਛੱਡਣੀ ਚਾਹੁੰਦਾ ਹੈ।
ਕੋਹਲੀ ਨੇ ਕਿਹਾ,‘ ਮੈਨੂੰ ਲੱਗਦਾ ਹੈ ਕਿ ਜਿੰਕਸ ਨੇ ਅਪਣੇ ਉੱਤੇ ਘੱਟ ਦਬਾਅ ਲੈਣਾ ਸ਼ੁਰੂ ਕਰ ਦਿੱਤਾ ਹੈ। ਉਹ ਆਪਣੀ ਖੇਡ ਦਾ ਅਨੰਦ ਮਾਣ ਰਿਹਾ ਹੈ। ਉਹ ਇਸ ਪੱਧਰ ਤੋਂ ਉਪਰ ਹੀ ਜਾਵੇਗਾ ਅਤੇ ਹੋਰ ਸੁਧਾਰ ਕਰੇਗਾ। ਉਹ ਟੀਮ ਵਿੱਚ ਜੋ ਭੁਮਿਕਾ ਨਿਭਾਉਂਦਾ ਹੈ, ਉਸ ਨਾਲ ਟੀਮ ਵਿੱਚ ਸੰਤੁਲਨ ਬਣਦਾ ਹੈ। ਉਹ ਮੱਧਕ੍ਰਮ ਵਿੱਚ ਵੀ ਖੇਡ ਸਕਦਾ ਹੈ ਅਤੇ ਪਾਰੀ ਦੀ ਸ਼ੁਰੂਆਤ ਵੀ ਕਰ ਸਕਦਾ ਹੈ। ਉਹ ਸਾਨੂੰ ਵਾਧੂ ਗੇਂਦਬਾਜ਼ ਨਾਲ ਖੇਡਣ ਦਾ ਮੌਕਾ ਦੇ ਸਕਦਾ ਹੈ। ਅਜਿਹੇ ਬਹੁਤ ਘੱਟ ਖਿਡਾਰੀ ਹਨ।’ ਨੌਜਵਾਨ ਸਪਿੰਨਰ ਕੁਲਦੀਪ ਯਾਦਵ ਨੇ ਵੈਸਟ ਇੰਡੀਜ਼ ਨੂੰ 205 ਦੌੜਾਂ ਉੱਤੇ ਰੋਕਣ ਵਿੱਚ ਅਹਿਮ ਭੂਮਿਕਾ ਨਿਭਾਈ ਅਤੇ ਕਪਤਾਨ ਕੋਹਲੀ ਨੇ ਉਸਨੂੰ ਖਤਰਨਾਕ ਗੇਂਦਬਾਜ਼ ਕਰਾਰ ਦਿੱਤਾ ਹੈ। ਕੋਹਲੀ ਨੇ ਕਿਹਾ ਕਿ ਟੀਮ ਨੂੰ ਬਿਹਤਰ ਬਣਾਉਣ ਦਾ ਸਾਡੇ ਲਈ ਮਤਲਬ, ਉਨ੍ਹਾਂ ਚੀਜਾਂ ਨੂੰ ਸਹੀ ਕਰਨਾ ਹੈ ਜੋ ਅਸੀਂ ਕਰ ਸਕਦੇ ਹਾਂ। ਵੈਸਟ ਇੰਡੀਜ਼ ਵਿਰੁੱਧ ਤੀਜਾ ਇੱਕ ਰੋਜ਼ਾ ਮੈਚ ਐਂਟੀਗਾ ਦੇ ਸਰ ਵਿਵੀਅਨ ਰਿਚਰਡ ਸਟੇਡੀਅਮ ਵਿੱਚ 30 ਜੂਨ ਨੂੰ ਖੇਡਿਆ ਜਾਵੇਗਾ।

LEAVE A REPLY