ਭਾਰਤ ਦੇ ਕਿਦੰਬੀ ਸ੍ਰੀਕਾਂਤ ਨੇ ਵਿਸ਼ਵ ਦੇ ਨੰਬਰ ਦੋ ਖਿਡਾਰੀ ਕੋਰੀਆ ਦੇ ਸੋਨ ਵਾਨ ਨੂੰ ਸ਼ਿਕਾਰ ਬਣਾਉਣ ਦੇ ਨਾਲ ਕੁਆਰਟਰ ਫਾਈਨਲ ਵਿੱਚ ਥਾਂ ਬਣਾ ਲਈ ਹੈ।

0
547

ਆਪਣੀ ਸਰਵੋਤਮ ਫਰਮ ਵਿੱਚ ਚੱਲ ਰਹੇ ਭਾਰਤ ਦੇ ਕਿਦੰਬੀ ਸ੍ਰੀਕਾਂਤ ਨੇ ਵਿਸ਼ਵ ਦੇ ਨੰਬਰ ਦੋ ਖਿਡਾਰੀ ਕੋਰੀਆ ਦੇ ਸੋਨ ਵਾਨ ਨੂੰ ਉਲਟਫੇਰ ਦਾ ਸ਼ਿਕਾਰ ਬਣਾਉਣ ਦੇ ਨਾਲ ਇੱਥੇ ਆਸਟੇਲੀਆ ਓਪਨ ਸੁਪਰ ਸੀਰੀਜ਼ ਬੈਡਮਿੰਟਨ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਥਾਂ ਬਣਾ ਲਈ ਹੈ। ਸ੍ਰੀਕਾਂਤ ਨਾਲ ਓਲੰਪਿਕ ਤਗ਼ਮਾ ਜੇਤੂ ਪੀਵੀ ਸਿੰਧੂ, ਸਾਇਨਾ ਨੇਹਵਾਲ, ਬੀ ਸਾਈਂ ਪ੍ਰਨੀਤ ਨੇ ਵੀ ਕੁਆਰਟਰ ਫਾਈਨਲ ਵਿੱਚ ਥਾਂ ਪੱਕੀ ਕਰ ਲਈ ਹੈ।ਇੰਡੋਨੇਸ਼ੀਆ ਓਪਨ ਚੈਂਪੀਅਨ ਸ੍ਰੀਕਾਂਤ ਨੇ ਵੀਰਵਾਰ ਨੂੰ ਸਿਖ਼ਰਲਾ ਦਰਜਾ ਪ੍ਰਾਪਤ ਵਾਨ ਦੇ ਖਿਲਾਫ਼ ਪੁਰਸ਼ ਸਿੰਗਲਜ਼ ਦੇ ਦੂਜੇ ਗੇੜ ਵਿੱਚ ਜ਼ਬਰਦਸ਼ਤ ਸੰਘਰਸ਼ ਕੀਤਾ ਅਤੇ ਪਹਿਲੀ ਗੇਮ 15-21 ਨਾਲ ਹਾਰਨ ਤੋਂ ਬਾਅਦ ਵਾਪਸੀ ਕਰਦਿਆਂ ਅਗਲੀਆਂ ਦੋਨੇ ਗੇਮਾਂ ਜਿੱਤ ਲਈਆਂ। ਇਸ ਤਰ੍ਹਾਂ ਸ੍ਰੀਕਾਂਤ ਨੇ 15- 21, 21-13, 21-13 ਨਾਲ 57 ਮਿੰਟ ਵਿੱਚ ਮੈਚ ਖ਼ਤਮ ਕਰਕੇ ਜਿੱਤ ਆਪਣੇ ਨਾਂਅ ਕਰ ਲਈ। ਵਿਸ਼ਵ ਦੇ ਗਿਆਰਾਂ ਨੰਬਰ ਦੇ ਖਿਡਾਰੀ ਸ੍ਰੀਕਾਂਤ ਨੇ ਇਸ ਦੇ ਨਾਲ ਹੀ ਵਾਨ ਦੇ ਵਿਰੁੱਧ ਆਪਣਾ ਰਿਕਾਰਡ ਵੀ 4-4 ਨਾਲ ਬਰਾਬਰ ਕਰ ਲਿਆ ਹੈ। ਭਲਕੇ ਉਸਦੀ ਟੱਕਰ ਭਾਰਤ ਦੇ ਹੀ ਬੀ ਸਾਈਂ ਪ੍ਰਨੀਤ ਨਾਲ ਹੋਵੇਗੀ। ਇੱਕ ਹੋਰ ਮੈਚ ਵਿੱਚ ਪ੍ਰਨੀਤ ਨੇ ਵੀ ਆਪਣੀ ਲੈਅ ਕਾਇਮ ਰੱਖਦਿਆਂ ਚੀਨ ਦੇ ਹੁਆਂਗ ਯੂਸ਼ੀਆਨ ਨੂੰ ਇੱਕ ਘੰਟੇ ਚਾਰ ਮਿੰਟ ਵਿੱਚ 21-15, 18-21, 21-13 ਨਾਲ ਹਰਾ ਦਿੱਤਾ।
ਭਾਰਤ ਦੀ ਹੀ ਪੀਵੀ ਸਿੰਧੂ ਨੇ ਚੀਨ ਦੀ ਚੇਨ ਝਿਆਓਜਿਨ ਨੂੰ 46 ਮਿੰਟ ਵਿੱਚ 21-13, 21-18 ਨਾਲ ਹਰਾ ਦਿੱਤਾ ਜਦੋਂ ਕਿ ਸਾਇਨਾ ਨੇ ਮਲੇਸ਼ੀਆ ਦੀ ਸੋਨੀਆ ਚਿਆਹ ਨੂੰ ਤਿੰਨ ਗੇਮਾਂ ਵਿੱਚ 21-15, 20-22, 21-14 ਨਾਲ ਮਾਤ ਦਿੱਤੀ। ਸਾਇਨਾ ਨੇ ਇਹ ਮੁਕਾਬਲਾ ਇੱਕ ਘੰਟੇ ਦੋ ਮਿੰਟ ਵਿੱਚ ਜਿੱਤਿਆ। ਕੁਆਰਟਰ ਫਾਈਨਲ ਵਿੱਚ ਸਿੰਧੂ ਅੱਗੇ ਸਿਖਰਲਾ ਦਰਜਾ ਪ੍ਰਾਪਤ ਦੁਨੀਆਂ ਦੀ ਨੰਬਰ ਇੱਕ ਤਾਇਪੈ ਦੀ ਤਾਈਯੂਯਿੰਗ ਦੀ ਚੁਣੌਤੀ ਹੋਵੇਗੀ। ਸਾਇਨਾ ਵਿਸ਼ਵ ਦੀ ਛੇਵਾ ਦਰਜਾ ਚੀਨ ਦੀ ਸੁਨ ਯੂ ਸੇ ਨਾਲ ਖੇਡੇਗੀ। ਸਾਇਨਾ ਦਾ ਸੁਨ ਵਿਰੁੱਧ ਕਰੀਅਰ 6- 1 ਦਾ ਹੈ ਅਤੇ ਸਿੰਧੂ ਦਾ ਨੰਬਰ ਇੱਕ ਯੂ ਯਿੰਗ ਵਿਰੁੱਧ 3-6 ਦਾ ਰਿਕਾਰਡ ਹੈ।
ਵਿਸ਼ਵ ਦੇ 16ਵੇਂ ਨੰਬਰ ਦੇ ਖਿਡਾਰੀ ਪ੍ਰਨੀਤ ਅਤੇ ਸ੍ਰੀਕਾਂਤ ਦੇ ਵਿੱਚ ਹੁਣ ਤੱਕ ਹੋਏ ਛੇ ਮੈਚਾਂ ਵਿੱਚ ਪ੍ਰਨੀਤ ਦਾ ਪੱਲੜਾ ਭਾਰੀ ਰਿਹਾ ਹੈ। ਇਹ ਰਿਕਾਰਡ 5-1 ਦਾ ਹੈ। ਮਹਿਲਾ ਡਬਲਜ਼ ਵਰਗ ਵਿੱਚ ਅਸ਼ਵਨੀ ਪੋਨੱਪਾ ਅਤੇ ਐੱਨ ਸਿੱਕੀ ਰੈਡੀ ਦਾ ਸਫ਼ਰ ਦੂਜੇ ਦੌਰ ਵਿੱਚ ਹਾਰ ਦੇ ਨਾਲ ਖਤਮ ਹੋ ਗਿਆ। ਉਨ੍ਹਾਂ ਨੂੰ ਸੱਤਵਾਂ ਦਰਜਾ ਜਾਪਾਨ ਦੀ ਸ਼ਿਹੋ ਤਨਾਕਾ ਅਤੇ ਕੋਹਾਰੂਯੋਨੋਮੈਂਟੋ ਦੀ ਜੋੜੀ ਨੇ ਇੱਕ ਘੰਟੇ ਪੰਜ ਮਿੰਟ ਵਿੱਚ ਦੇ ਸੰਘਰਸ਼ ਵਿੱਚ 18-21, 21-18, 21- 13 ਨਾਲ ਹਰਾ ਕੇ ਬਾਹਰ ਕਰ ਦਿੱਤਾ। ਸਾਤਵਿਕ ਸੈਰਾਜ ਰੈਂਕੀਰੈਡੀ ਅਤੇ ਚਿਰਾਗ ਸ਼ੈਟੀ ਨੂੰ ਅੱਠਵਾਂ ਦਰਜਾ ਚੀਨਪ ਤਾਇਪੈ ਦੇ ਚੇਨ ਹੁੰਗ ਲਿੰਗ ਅਤੇ ਵਾਂਗ ਚੀ ਲਿਨ ਨੇ 38 ਮਿੰਟ ਵਿੱਚ 21-16, 21-18 ਨਾਲ ਹਰਾ ਦਿੱਤਾ।

LEAVE A REPLY