18 ਵਾਰ ਦੇ ਗਰੈਂਡ ਸਲੈਮ ਚੈਂਪੀਅਨ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ।

0
441

18 ਵਾਰ ਦੇ ਗਰੈਂਡ ਸਲੈਮ ਚੈਂਪੀਅਨ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਨੇ ਇਥੇ ਹਾਲੇ ਓਪਨ ਟੈਨਿਸ ਟੂਰਨਾਮੈਂਟ ਰਾਹੀਂ ਘਾਹ ਦੇ ਮੈਦਾਨ ’ਤੇ ਆਪਣੀ ਪਹਿਲੀ ਜਿੱਤ ਦਰਜ ਕਰਨ ਦੇ ਨਾਲ ਹੀ 1100ਵੀਂ ਏਟੀਪੀ ਟੂਰ ਜਿੱਤ ਦੀ ਪ੍ਰਾਪਤੀ ਵੀ ਆਪਣੇ ਨਾਂ ਕਰ ਲਈ। ਫੈਡਰਰ ਨੇ ਪੁਰਸ਼ ਸਿੰਗਲਜ਼ ਦੇ ਪਹਿਲੇ ਦੌਰ ਵਿੱਚ ਜਾਪਾਨ ਦੇ ਯੂਈਚੀ ਸੁਗਿਤਾ ਨੂੰ 6-3 ਅਤੇ 6-1 ਨਾਲ ਮਹਿਜ਼ 51 ਮਿੰਟਾਂ ਵਿੱਚ ਸ਼ਿਕਸਤ ਦਿੱਤੀ। ਉਸ ਨੇ ਕਿਹਾ ਉਹਨੇ ਪਹਿਲਾਂ ਸੁਗਿਤਾ ਨਾਲ ਕੋਈ ਮੁਕਾਬਲਾ ਨਹੀਂ ਖੇਡਿਆ ਪਰ ਉਹ ਇਸ ਜਿੱਤ ਨਾਲ ਸੰਤੁਸ਼ਟ ਹੈ। ਇਹ ਚੰਗੀ ਸ਼ੁਰੂਆਤ ਹੈ। ਸਾਲ 2012 ਤੋਂ ਬਾਅਦ ਇਸ ਵਰ੍ਹੇ ਆਸਟਰੇਲੀਅਨ ਓਪਨ ਰਾਹੀਂ ਫੈਡਰਰ ਨੇ ਆਪਣਾ ਪਹਿਲਾ ਅਤੇ ਕੁੱਲ 18ਵਾਂ ਗਰੈਂਡ ਸਲੈਮ ਜਿੱਤਿਆ ਸੀ। ਵਿੰਬਲਡਨ ਦੀਆਂ ਤਿਆਰੀਆਂ ਵਿੱਚ ਲੱਗੇ ਫੈਡਰਰ ਨੂੰ ਬੀਤੇ ਹਫ਼ਤੇ ਸਟਟਗਾਰਟ ਓਪਨ ਦੇ ਪਹਿਲੇ ਦੌਰ ਵਿੱਚ ਜਰਮਨ ਖਿਡਾਰੀ ਟਾੱਮੀ ਹਾਸ ਤੋਂ ਹਾਰ ਮਿਲੀ ਸੀ। 35 ਸਾਲਾ ਫੈਡਰਰ 3 ਤੋਂ 16 ਜੁਲਾਈ ਤਕ ਚੱਲਣ ਵਾਲੇ ਤੀਜੇ ਗਰੈਂਡ ਸਲੈਮ ਵਿੰਬਲਡਨ ਵਿੱਚ ਆਪਣੇ ਅੱਠਵੇਂ ਖ਼ਿਤਾਬ ਲਈ ਇਸ ਵਾਰ ਵੀ ਮੁੱਖ ਦਾਅਵੇਦਾਰਾਂ ਵਿੱਚ ਸ਼ਾਮਲ ਹੈ।
ਜੋਕੋਵਿਚ ਨੂੰ ਵਾਈਲਡ ਕਾਰਡ; ਈਸਟਬੋਰਨ ਟੂਰਨਾਮੈਂਟ ’ਚ ਲਏਗਾ ਹਿੱਸਾ
ਲੰਡਨ: ਤਿੰਨ ਵਾਰ ਦੇ ਵਿੰਬਲਡਨ ਚੈਂਪੀਅਨ ਸਰਬੀਆ ਦੇ ਨੋਵਾਕ ਜੋਕੋਵਿਚ ਨੇ ਅਗਲੇ ਹਫ਼ਤੇ ਹੋਣ ਵਾਲੀ ਈਸਟਬੋਰਨ ਟੈਨਿਸ ਚੈਂਪੀਅਨਸ਼ਿਪ ਲਈ ਵਾਈਲਡ ਕਾਰਡ ਦਾਖਲਾ ਪ੍ਰਵਾਨ ਕਰ ਲਿਆ ਹੈ, ਜਿਥੇ ਉਹ ਅਗਲੇ ਮਹੀਨੇ ਹੋਣ ਵਾਲੇ ਤੀਜੇ ਗਰੈਂਡ ਸਲੈਮ ਦੀਆਂ ਤਿਆਰੀਆਂ ਲਈ ਮੈਦਾਨ ’ਚ ਉਤਰੇਗਾ। ਫਰੈਂਚ ਓਪਨ ਵਿੱਚ ਸ਼ੁਰੂਆਤ ’ਚ ਹੀ ਬਾਹਰ ਹੋ ਜਾਣ ਵਾਲੇ ਜੋਕੋਵਿਚ ਨੇ ਸਾਲ 2010 ਤੋਂ ਬਾਅਦ ਤੋਂ ਹੀ ਵਿੰਬਲਡਨ ਤੋਂ ਪਹਿਲਾਂ ਕਦੇ ਕਿਸੇ ਘਾਹ ਦੇ ਮੈਦਾਨ ’ਤੇ ਅਭਿਆਸ ਟੂਰਨਾਮੈਂਟ ਨਹੀਂ ਖੇਡਿਆ। ਇਸ ਦੇ ਬਾਵਜੂਦ ਉਸ ਨੇ ਤਿੰਨ ਵਾਰ ਆਲ ਇੰਗਲੈਂਡ ਕੱਲਬ ਖ਼ਿਤਾਬ ਜਿੱਤਿਆ। ਉਸ ਨੇ ਕਿਹਾ ਕਿ ਈਸਟਬੋਰਨ ਵਿੱਚ ਇਹ ਉਸ ਦਾ ਪਹਿਲਾ ਟੂਰਨਾਮੈਂਟ ਹੋਵੇਗਾ।

LEAVE A REPLY