ਪਾਕਿਸਤਾਨ ਹਕੂਮਤ ਨੇ ਸਾਫ਼ ਕੀਤਾ ਕਿ ਫ਼ੌਜ ਦੇ ਸਾਬਕਾ ਮੁਖੀ ਜਨਰਲ ਰਾਹੀਲ ਸ਼ਰੀਫ਼ ਨੂੰ ਰਿਆਧ ਤੋਂ ਵਾਪਸ ਨਹੀਂ ਸੱਦ ਸਕਦੀ।

0
400

ਪਾਕਿਸਤਾਨ ਹਕੂਮਤ ਨੇ ਸਾਫ਼ ਕੀਤਾ ਹੈ ਕਿ ਇਹ ਮੁਲਕ ਦੀ ਫ਼ੌਜ ਦੇ ਸਾਬਕਾ ਮੁਖੀ ਜਨਰਲ ਰਾਹੀਲ ਸ਼ਰੀਫ਼ ਨੂੰ ਰਿਆਧ (ਸਾਊਦੀ ਅਰਬ) ਤੋਂ ਵਾਪਸ ਨਹੀਂ ਸੱਦ ਸਕਦੀ, ਕਿਉਂਕਿ ਉਨ੍ਹਾਂ ਨੇ ਇਸਲਾਮੀ ਸਟੇਟ ਖ਼ਿਲਾਫ਼ ਸਾਊਦੀ ਅਰਬ ਦੀ ਅਗਵਾਈ ਵਾਲੇ 41-ਮੁਲਕੀ ਫ਼ੌਜੀ ਗੱਠਜੋੜ ਦੀ ਕਮਾਂਡ ਨਿਜੀ ਹੈਸੀਅਤ ਵਿੱਚ ਸੰਭਾਲੀ ਹੈ। ਇਹ ਗੱਲ ਪਾਕਿਤਸਾਨ ਦੇ ਪ੍ਰਧਾਨ ਮੰਤਰੀ ਦੇ ਵਿਦੇਸ਼ੀ ਮਾਮਲਿਆਂ ਬਾਰੇ ਸਲਾਹਕਾਰ ਸਰਤਾਜ ਅਜ਼ੀਜ਼ ਨੇ ਆਖੀ ਹੈ।
ਸ੍ਰੀ ਅਜ਼ੀਜ਼ ਸੈਨੇਟ ਦੀ ਕਮੇਟੀ ਅੱਗੇ ਸਰਕਾਰ ਦਾ ਪੱਖ ਰੱਖ ਰਹੇ ਸਨ। ਉਨ੍ਹਾਂ ਕਿਹਾ ਕਿ ਜਨਰਲ ਸ਼ਰੀਫ਼ ਨੂੰ ਪਾਕਿਸਤਾਨ ਹਕੂਮਤ ਨੇ ਫ਼ੌਜੀ ਗੱਠਜੋੜ ਦੀ ਅਗਵਾਈ ਕਰਨ ਲਈ ਨਹੀਂ ਭੇਜਿਆ। ਉਂਜ ਪਹਿਲਾਂ ਕਿਹਾ ਗਿਆ ਸੀ ਕਿ 61 ਸਾਲਾ ਜਨਰਲ ਸ਼ਰੀਫ਼ ਨੂੰ ਸਰਕਾਰ ਨੇ ਤਿੰਨ ਸਾਲਾਂ ਲਈ ਇਤਹਾਦੀ ਫ਼ੌਜਾਂ ਦੇ ਮੁਖੀ ਵਜੋਂ ਸੇਵਾ ਕਰਨ ਦੀ ਮਨਜ਼ੂਰੀ ਦਿੱਤੀ ਸੀ। ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ਼ ਨੇ ਬੀਤੇ ਅਪਰੈਲ ਵਿੱਚ ਆਖਿਆ ਸੀ ਕਿ ਪਾਕਿਤਸਾਨ ਹਕੂਮਤ ਨੇ ਜਨਰਲ ਸ਼ਰੀਫ਼ ਨੂੰ ਇਸ ਮਕਸਦ ਲਈ ‘ਇਤਰਾਜ਼ ਨਹੀਂ’ ਸਰਟੀਫਿਕੇਟ ਦਿੱਤਾ ਸੀ। ਗ਼ੌਰਤਲਬ ਹੈ ਕਿ ਜਨਰਲ ਸ਼ਰੀਫ਼ ਤਿੰਨ ਸਾਲ ਪਾਕਿਸਤਾਨੀ ਫ਼ੌਜ ਦੇ ਮੁਖੀ ਵਜੋਂ ਸੇਵਾ ਨਿਭਾਉਣ ਪਿੱਛੋਂ ਬੀਤੇ ਨਵੰਬਰ ਵਿੱਚ ਰਿਟਾਇਰ ਹੋਏ ਸਨ ਤੇ ਅਪਰੈਲ ਵਿੱਚ ਸਾਊਦੀ ਅਰਬ ਚਲੇ ਗਏ ਸਨ। ਸਾਊਦੀ ਗੱਠਜੋੜ ਵੱਲੋਂ ਕਤਰ ਦਾ ਬਾਈਕਾਟ ਕਰਨ ਨਾਲ ਹਾਲੀਆ ਖਾੜੀ ਸੰਕਟ ਸਾਹਮਣੇ ਕਾਰਨ ਪਾਕਿਸਤਾਨ ਨੂੰ ਇਸ ਸਬੰਧੀ ਪ੍ਰੇਸ਼ਾਨੀ ਆ ਰਹੀ ਹੈ।

LEAVE A REPLY