ਭਾਰਤ ਵਿਕਾਸ ਦਰ ਪੱਖੋਂ ਚੀਨ ਤੋਂ ਪੱਛੜ ਗਿਆ ਹੈ

0
508

ਚੀਨ ਦੇ ਇਕ ਸਰਕਾਰੀ ਅਖ਼ਬਾਰ ਨੇ ਕਿਹਾ ਹੈ ਕਿ ਭਾਰਤ ਨੂੰ ਜੀਡੀਪੀ (ਕੁੱਲ ਘਰੇਲੂ ਪੈਦਾਵਾਰ) ਵਿਕਾਸ ਦਰ ਵਿੱਚ ਝਟਕਾ ਲੱਗਾ ਹੈ ਤੇ ਇਹ ਵਿਕਾਸ ਦਰ ਪੱਖੋਂ ਚੀਨ ਤੋਂ ਪੱਛੜ ਗਿਆ ਹੈ। ਅਖ਼ਬਾਰ ਨੇ ਕਿਹਾ ਹੈ ਕਿ ਵਿਕਾਸ ਦੀ ‘ਹਾਥੀ (ਭਾਰਤ) ਬਨਾਮ ਡਰੈਗਨ (ਚੀਨ) ਦੀ ਦੌੜ’ ਵਿੱਚ ਭਾਰਤ ਦੇ ਪਿਛਲੇ ਮਾਲੀ ਸਾਲ ਦੀ ਆਖ਼ਰੀ ਤਿਮਾਹੀ (ਜਨਵਰੀ ਤੋਂ ਮਾਰਚ, 2017) ਦੌਰਾਨ ਪਿੱਛੇ ਰਹਿਣ ਕਾਰਨ ਚੀਨ ਨੂੰ ਮੁੜ ਦੁਨੀਆਂ ਦੇ ਸਭ ਤੋਂ ਵੱਧ ਤੇਜ਼ੀ ਨਾਲ ਵਿਕਾਸ ਕਰ ਰਹੇ ਅਰਚਥਾਚੇ ਦਾ ਰੁਤਬਾ ਹਾਸਲ ਕਰਨ ਵਿੱਚ ਮੱਦਦ ਮਿਲੀ ਹੈ।
ਰੋਜ਼ਨਾਮਾ ‘ਗਲੋਬਲ ਟਾਈਮਜ਼’ ਨੇ ਇਸ ਨੂੰ ਭਾਰਤ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਆਪਣੇ ਸਿਰ ਕੀਤਾ ਗਿਆ ‘ਸੈਲਫ਼ ਗੋਲ’ ਭਾਵ ‘ਆਪਣੇ ਪੈਰ ਆਪ ਕੁਹਾੜਾ ਮਾਰਨ’ ਦੇ ਤੁੱਲ ਦੱਸਿਆ ਹੈ। ਅਖ਼ਬਾਰ ਨੇ ਉਮੀਦ ਜ਼ਾਹਰ ਕੀਤੀ ਕਿ ਮੋਦੀ ਸਰਕਾਰ ਦੇਸ਼ ਵਿੱਚ ਆਰਥਿਕ ਸੁਧਾਰ ਜਾਰੀ ਰੱਖਦਿਆਂ ਭਵਿੱਖ ਵਿੱਚ ਹੋਰ ‘ਸੈਲਫ਼ ਗੋਲ’ ਨਹੀਂ ਕਰੇਗੀ। ਗ਼ੌਰਤਲਬ ਹੈ ਕਿ ਭਾਰਤ ਦੀ ਆਰਥਿਕ ਵਿਕਾਸ ਦਰ ਬੀਤੇ ਮਾਲੀ ਸਾਲ ਦੀ ਆਖ਼ਰੀ ਤਿਮਾਹੀ ਦੌਰਾਨ ਘਟ ਕੇ 6.1 ਫ਼ੀਸਦੀ ਰਹਿ ਗਈ, ਜਿਸ ਕਾਰਨ ਸਾਰੇ ਸਾਲ ਦੀ ਵਿਕਾਸ ਦਰ ਵੀ ਖਿਸਕ ਕੇ 7.1 ਉਤੇ ਆ ਗਈ।
‘ਗਲੋਬਲ ਟਾਈਮਜ਼’ ਨੇ ਲਿਖਿਆ ਹੈ, ‘‘ਜਾਪਦਾ ਹੈ ਕਿ ‘ਹਾਥੀ ਬਨਾਮ ਡਰੈਗਨ’ ਦੌੜ ਵਿੱਚ ਭਾਰਤ ਝਟਕਾ ਖਾ ਗਿਆ ਹੈ। ਇਸ ਦੇ ਅਰਥਚਾਰੇ ਵਿੱਚ ਆਏ ਅਣਕਿਆਸੇ ਮੰਦਵਾੜੇ ਕਾਰਨ ਚੀਨ ਨੂੰ ਮਾਲੀ ਸਾਲ ਦੀ ਪਹਿਲੀ ਤਿਮਾਹੀ ਦੌਰਾਨ ਸਭ ਤੋਂ ਵੱਧ ਤੇਜ਼ੀ ਨਾਲ ਵਧ ਰਹੇ ਮੁੱਖ ਅਰਥਚਾਰੇ ਦਾ ਰੁਤਬਾ ਮੁੜ ਹਾਸਲ ਕਰਨ ਵਿੱਚ ਮੱਦਦ ਮਿਲੀ ਹੈ।’’
ਕੁਝ ਮਾਹਿਰਾਂ ਦਾ ਖ਼ਿਆਲ ਹੈ ਕਿ ਮੋਦੀ ਸਰਕਾਰ ਵੱਲੋਂ ਬੀਤੇ ਸਾਲ ਨਵੰਬਰ ਮਹੀਨੇ ਕੀਤੀ ਨੋਟਬੰਦੀ ਦਾ ਵਿਕਾਸ ਦਰ ਉਤੇ ਮਾੜਾ ਅਸਰ ਪਿਆ। ਨੋਟਬੰਦੀ ਤਹਿਤ ਵੱਡੇ ਨੋਟਾਂ ਨੂੰ ਰੱਦ ਕਰ ਦਿੱਤਾ ਗਿਆ, ਜੋ ਕੁੱਲ ਕਰੰਸੀ ਦਾ 85 ਫ਼ੀਸਦੀ ਬਣਦੇ ਸਨ। ਵਿੱਤ ਮੰਤਰੀ ਅਰੁਣ ਜੇਤਲੀ ਨੇ ਬੀਤੇ ਦਿਨ ਮੰਦਵਾੜੇ ਲਈ ਦੋਵਾਂ ਆਲਮੀ ਤੇ ਘਰੇਲੂ ਕਾਰਕਾਂ ਨੂੰ ਜ਼ਿੰਮੇਵਾਰ ਕਰਾਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇਕੱਲੀ ਨੋਟਬੰਦੀ ਨੂੰ ਇਸ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ।

LEAVE A REPLY