ਅਨਿਲ ਕਪੂਰ ਅਭਿਨਵ ਬਿੰਦਰਾ ’ਤੇ ਆਧਾਰਿਤ ਫਿਲਮ ਵਿੱਚ ਨਜ਼ਰ ਆ ਸਕਦੇ ਹਨ।

0
950

ਅਦਾਕਾਰ ਅਨਿਲ ਕਪੂਰ ਭਾਰਤੀ ਪੇਸ਼ੇਵਰ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ’ਤੇ ਆਧਾਰਿਤ ਫਿਲਮ ਵਿੱਚ ਆਪਣੇ ਪੁੱਤ ਹਰਸ਼ਵਰਧਨ ਕਪੂਰ ਨਾਲ ਨਜ਼ਰ ਆ ਸਕਦੇ ਹਨ। ਚਰਚਾ ਹੈ ਕਿ ਦੋਵਾਂ ਪਿਤਾ-ਪੁੱਤ ਨੇ ਇੱਕੋ ਫਿਲਮ ਲਈ ਕਰਾਰ ਕੀਤਾ ਹੈ। ਅਨਿਲ ਕਪੂਰ ਅਭਿਨਵ ਬਿੰਦਰਾ ਦੇ ਪਿਤਾ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ ਤੇ ਅਭਿਨਵ ਬਿੰਦਰਾ ਦਾ ਕਿਰਦਾਰ ਹਰਸ਼ਵਰਧਨ ਨਿਭਾਵੇਗਾ।
ਇਸ ਸਬੰਧੀ ਪੁੱਛੇ ਜਾਣ ’ਤੇ ਅਨਿਲ ਕਪੂਰ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਜੇ ਫਿਲਮ ਬਾਰੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ। ਜੇਕਰ ਕੁਝ ਤੈਅ ਹੋ ਜਾਵੇਗਾ ਤਾਂ ਹੀ ਉਹ ਇਸ ਬਾਰੇ ਗੱਲ ਕਰਨਗੇ। ਉਨ੍ਹਾਂ ਕਿਹਾ ਕਿ ਜੇ ਪਰਮਾਤਮਾ ਨੇ ਚਾਹਿਆ ਤਾਂ ਉਹ ਜ਼ਰੁੂਰ ਆਪਣੇ ਪੁੱਤ ਨਾਲ ਕੰਮ ਕਰਨਗੇ ਤੇ ਉਹ ਆਪਣੇ ਪੁੱਤ ਨਾਲ ਕੰਮ ਕਰਨ ਨੂੰ ਲੈ ਕੇ ਉਤਸ਼ਾਹਿਤ ਹਨ।
60 ਸਾਲਾ ਅਦਾਕਾਰ ਅਨਿਲ ਕਪੁੂਰ ਦਾਦਾ ਸਾਹਿਬ ਫਾਲਕੇ ਅਕਾਦਮੀ ਐਵਾਰਡ ਸਮਾਗਮ ਦੌਰਾਨ ਬੋਲ ਰਹੇ ਸਨ। ਗ਼ੌਰਤਲਬ ਹੈ ਕਿ ਅਭਿਵਨ ਬਿੰਦਰਾ ਦੀ ਜ਼ਿੰਦਗੀ ’ਤੇ ਆਧਾਰਿਤ ਫਿਲਮ ਦੀ ਸ਼ੂਟਿੰਗ ਅਕਤੂਬਰ ਵਿੱਚ ਸ਼ੁਰੂ ਹੋ ਸਕਦੀ ਹੈ। ਇਹ ਫਿਲਮ ਅਭਿਨਵ ਤੇ ਉਨ੍ਹਾਂ ਦੇ ਪਿਤਾ ਦੇ ਸਬੰਧਾਂ ’ਤੇ ਆਧਾਰਿਤ ਹੋਵੇਗੀ। ਫਿਲਹਾਲ ਅਨਿਲ ਕਪੂਰ ਕਾਮੇਡੀ ਫਿਲਮ ‘ਮੁਬਾਰਕਾਂ’ ਵਿੱਚ ਆਪਣੇ ਭਤੀਜੇ ਅਰਜੁਨ ਕਪੂਰ ਨਾਲ ਨਜ਼ਰ ਆਉਣਗੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਮਾਂ ‘ਮੁਬਾਰਕਾਂ’ ਦੇਖ ਕੇ ਬਹੁਤ ਖੁਸ਼ ਹੋਵੇਗੀ। ਇਸ ਫਿਲਮ ਵਿੱਚ ਉਹ ਆਪਣੇ ਬੇਟੇ ਤੇ ਪੋਤੇ ਨੂੰ ਦੇਖੇਗੀ, ਇਹ ਖ਼ਾਸ ਅਹਿਸਾਸ ਹੋਵੇਗਾ। ਇਹ ਫਿਲਮ 28 ਜੁਲਾਈ ਨੂੰ ਰਿਲੀਜ਼ ਹੋਵੇਗੀ।

LEAVE A REPLY