ਪੰਜਾਬ ’ਚ ਚੋਣ ਅੱਜ

0
504

ਪੰਜਾਬ ਤੇ ਗੋਆ ਵਿੱਚ ਵਿਧਾਨ ਸਭਾ ਚੋਣਾਂ ਲਈ 4 ਫਰਵਰੀ ਨੂੰ ਵੋਟਾਂ ਪੈਣਗੀਆਂ। ਪੰਜਾਬ ’ਚ 117 ਹਲਕੇ ਅਤੇ ਗੋਆ ’ਚ 40 ਹਲਕੇ ਹਨ। ਪੰਜਾਬ ਵਿੱਚ ਅਕਾਲੀ-ਭਾਜਪਾ ਗੱਠਜੋੜ ਅਤੇ ਗੋਆ ’ਚ ਭਾਜਪਾ ਦੀ ਸਰਕਾਰ ਹੈ। ਅੰਮ੍ਰਿਤਸਰ ਸੰਸਦੀ ਸੀਟ ਦੀ ਉਪ ਚੋਣ ਲਈ ਵੀ ਭਲਕੇ ਵੋਟਾਂ ਪੈਣਗੀਆਂ। ਚੋਣ ਕਮਿਸ਼ਨ ਨੇ ਪੰਜਾਬ ’ਚ ਸੁਰੱਖਿਆ ਤੇ ਵੋਟਾਂ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ। ਪੋਲਿੰਗ ਪਾਰਟੀਆਂ ਨੂੰ ਅੱਜ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਨਾਲ ਲੈਸ ਕਰ ਕੇ ਪੋਲਿੰਗ ਸਟੇਸ਼ਨਾਂ ’ਤੇ ਭੇਜ ਦਿੱਤਾ ਹੈ। ਵੋਟਾਂ ਸਵੇਰੇ 8 ਤੋਂ ਸ਼ਾਮ 5 ਵਜੇ ਤੱਕ ਪੈਣਗੀਆਂ। ਪੰਜਾਬ ਦੇ ਲੋਕਾਂ ’ਚ ਵੋਟਾਂ ਪ੍ਰਤੀ ਉਤਸ਼ਾਹ ਨੂੰ ਦੇਖਦਿਆਂ ਕਮਿਸ਼ਨ ਨੂੰ 80 ਫ਼ੀਸਦੀ ਤੋਂ ਵੱਧ ਵੋਟਾਂ ਭੁਗਤਣ ਦੀ ਉਮੀਦ ਹੈ। ਸੂਬੇ ਦੇ ਕੁੱਲ੍ਹ 1 ਕਰੋੜ 98 ਲੱਖ 79 ਹਜ਼ਾਰ 69 ਵੋਟਰਾਂ ਵੱਲੋਂ ਆਪਣੇ ਜਮਹੂਰੀ ਅਧਿਕਾਰ ਦੀ ਵਰਤੋਂ ਕੀਤੀ ਜਾਵੇਗੀ। ਇਸ ’ਚ ਮਹਿਲਾ ਵੋਟਰਾਂ ਦੀ ਗਿਣਤੀ 93 ਲੱਖ 75 ਹਜ਼ਾਰ 546 ਹੈ। ਸੂਬੇ ’ਚ ਜ਼ਿਆਦਾ ਗਿਣਤੀ ਦਿਹਾਤੀ ਵੋਟਰਾਂ ਦੀ ਹੈ, ਜੋ 64 ਫ਼ੀਸਦ ਬਣਦੀ ਹੈ ਜਦੋਂ ਕਿ ਸ਼ਹਿਰੀ ਵੋਟਰ 36 ਫ਼ੀਸਦ ਹਨ। ਪੰਜਾਬ ਚੋਣਾਂ ਇਤਿਹਾਸਕ ਬਣਦੀਆਂ ਜਾ ਰਹੀਆਂ ਹਨ ਕਿਉਂਕਿ ਇਸ ਤੋਂ ਪਹਿਲਾਂ ਚੋਣਾਂ ’ਚ ਸਿਰਫ਼ ਦੋ ਧਿਰੀਂ (ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ) ਮੁਕਾਬਲਾ ਹੀ ਹੁੰਦਾ ਸੀ। ਐਤਕੀਂ ਆਮ ਆਦਮੀ ਪਾਰਟੀ ਵੱਲੋਂ ਦੋਹਾਂ ਸਿਆਸੀ ਧਿਰਾਂ ਨੂੰ ਜਬਰਦਸਤ ਟੱਕਰ ਦਿੱਤੀ ਜਾ ਰਹੀ ਹੈ। ਪਹਿਲੀ ਵਾਰ ਪੰਜਾਬ ਦੇ ਲੋਕਾਂ ਨੇ ਤੀਜੀ ਧਿਰ ਨੂੰ ਵੱਡਾ ਹੁੰਗਾਰਾ ਭਰਿਆ ਹੈ। ਤਿੰਨਾਂ ਪਾਰਟੀਆਂ ਦੇ ਉਮੀਦਵਾਰਾਂ ਦਰਮਿਆਨ ਹਰੇਕ ਹਲਕੇ ਅੰਦਰ ਤਿਕੋਣੀ ਟੱਕਰ ਬਣੀ ਹੋਈ ਹੈ। ਚੋਣਾਂ ਲਈ ਤਕਰੀਬਨ 2 ਲੱਖ ਦੇ ਕਰੀਬ ਚੋਣ ਅਮਲਾ ਤਾਇਨਾਤ ਕੀਤਾ ਗਿਆ ਹੈ। ਨੀਮ ਸੁਰੱਖਿਆ ਬਲਾਂ ਦੀਆਂ 500 ਕੰਪਨੀਆਂ ਤੇ ਪੰਜਾਬ ਪੁਲੀਸ ਦੇ 80 ਹਜ਼ਾਰ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਇਸ ਤਰ੍ਹਾਂ ਸਵਾ ਲੱਖ ਦੇ ਕਰੀਬ ਸੁਰੱਖਿਆ ਕਰਮਚਾਰੀ ਡਿਊਟੀ ਨਿਭਾਅ ਰਹੇ ਹਨ। ਦਿਹਾਤੀ ਦੇ ਸ਼ਹਿਰੀ ਖੇਤਰਾਂ ’ਚ 22614 ਪੋਲਿੰਗ ਬੂਥ ਕਾਇਮ ਕੀਤੇ ਗਏ ਹਨ। ਵੋਟ ਪਾਉਣ ਲਈ ਵੋਟਰ ਸ਼ਨਾਖਤੀ ਕਾਰਡ ਜਾਂ ਹੋਰ ਕੋਈ ਸ਼ਨਾਖ਼ਤੀ ਕਾਰਡ ਨਾਲ ਲਿਜਾਣਾ ਜ਼ਰੂਰੀ ਹੋਵੇਗਾ। ਚੋਣ ਕਮਿਸ਼ਨ ਵੱਲੋਂ 33 ਵਿਧਾਨ ਸਭਾ ਹਲਕਿਆਂ ’ਚ ਵੋਟ ਦੀ ਪੁਸ਼ਟੀ ਲਈ ਪਰਚੀ ਮਸ਼ੀਨਾਂ (ਵੀਵੀਪੈਟ) ਲਾਈਆਂ ਹਨ, 4300 ਪੋਲਿੰਗ ਸਟੇਸ਼ਨਾਂ ’ਤੇ ਵੈੱਬ ਕੈਮਰੇ ਫਿੱਟ ਕੀਤੇ ਗਏ ਹਨ, ਉਮੀਦਵਾਰਾਂ ਦੀ ਫੋਟੋਆਂ ਵੀ ਵੋਟਿੰਗ ਮਸ਼ੀਨਾਂ ’ਤੇ ਲਾਈਆਂ ਗਈਆਂ ਹਨ ਅਤੇ ਇੱਕ ਬਟਨ ‘ਨੋਟਾ’ ਦਾ ਵੀ ਹੋਵੇਗਾ।

LEAVE A REPLY