ਬ੍ਰਿਕਸ ਸੰਮੇਲਨ

0
347

ਐਨਐਸਜੀ ਤੇ ਅਜ਼ਹਰ ਬਾਰੇ ਚੀਨੀ ਅੜੀ ਕਾਇਮ
Posted On October – 14 – 2016
ਬ੍ਰਿਕਸ ਸੰਮੇਲਨ ਦੀ ਪੂਰਬਲੀ ਸ਼ਾਮ ਚੀਨ ਨੇ ਨਾ ਦਿਖਾਈ ਕੋਈ ਨਰਮਾਈ
ਗੋਆ ਦੇ ਪਿੰਡ ਬੈਨੌਲਿਮ ’ਚ ਬ੍ਰਿਕਸ ਸੰਮੇਲਨ ਵਾਲੇ ਸਥਾਨ ਨੇੜਿਉਂ ਲੰਘਦੇ ਹੋਏ ਲੋਕ। -ਫੋਟੋ: ਰਾਇਟਰਜ਼
ਗੋਆ ਦੇ ਪਿੰਡ ਬੈਨੌਲਿਮ ’ਚ ਬ੍ਰਿਕਸ ਸੰਮੇਲਨ ਵਾਲੇ ਸਥਾਨ ਨੇੜਿਉਂ ਲੰਘਦੇ ਹੋਏ ਲੋਕ। -ਫੋਟੋ: ਰਾਇਟਰਜ਼
ਗੋਆ/ਪੇਈਚਿੰਗ, 14 ਅਕਤੂਬਰ
ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਭਾਰਤ ਦੌਰੇ ਤੋਂ ਪਹਿਲਾਂ ਚੀਨ ਨੇ ਭਾਰਤ ਦੀ ਐਨਐਸਜੀ ’ਚ ਮੈਂਬਰਸ਼ਿਪ ਅਤੇ ਦਹਿਸ਼ਤੀ ਜਥੇਬੰਦੀ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਬਾਰੇ ਆਪਣੇ ਪਹਿਲੇ ਸਟੈਂਡ ’ਤੇ ਕਾਇਮ ਰਹਿਣ ਦਾ ਐਲਾਨ ਕੀਤਾ ਹੈ। ਗੋਆ ’ਚ ਸ਼ਨਿੱਚਰਵਾਰ ਤੋਂ ਬ੍ਰਿਕਸ ਸੰਮੇਲਨ ਸ਼ੁਰੂ ਹੋ ਰਿਹਾ ਹੈ ਅਤੇ ਜਿਨਪਿੰਗ ਇਸ ’ਚ ਹਿੱਸਾ ਲੈਣ ਲਈ ਪਹੁੰਚ ਰਹੇ ਹਨ। ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਗੇਂਗ ਸ਼ੁਆਂਗ ਨੇ ਕਿਹਾ ਕਿ ਭਾਰਤ ਅਤੇ ਚੀਨ ਦਰਮਿਆਨ ਰਿਸ਼ਤਿਆਂ ’ਚ ਕੁਝ ਵਿਵਾਦਾਂ ਦੇ ਬਾਵਜੂਦ ਕਾਫੀ ਤਰੱਕੀ ਹੋਈ ਹੈ ਪਰ ਐਨਐਸਜੀ ਅਤੇ ਅਜ਼ਹਰ ਦੇ ਮੁੱਦਿਆਂ ਬਾਰੇ ਪੇਈਚਿੰਗ ਦੇ ਸਟੈਂਡ ’ਚ ਕੋਈ ਬਦਲਾਅ ਨਹੀਂ ਹੋਇਆ ਹੈ।
ਦਹਿਸ਼ਤਗਰਦ ਅਜ਼ਹਰ ’ਤੇ ਪਾਬੰਦੀ ਲਾਉਣ ਦੀ ਭਾਰਤ ਵੱਲੋਂ ਦਿੱਤੀ ਗਈ ਅਰਜ਼ੀ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ,‘ਮੈਂ ਚੀਨ ਦੀ ਸਥਿਤੀ ਸਪਸ਼ਟ ਕਰ ਦਿੱਤੀ ਹੈ। ਮੈਂ ਦੁਹਰਾਉਣਾ ਚਾਹਾਂਗਾ ਕਿ ਸੰਯੁਕਤ ਰਾਸ਼ਟਰ ਕਮੇਟੀ ਨੇ ਯੂਐਨ ਚਾਰਟਰ ਦੀ ਵਿਵਸਥਾ ਮੁਤਾਬਕ ਹੀ ਫ਼ੈਸਲਾ ਲਿਆ ਹੈ।’’ ਉਸ ਨੇ ਕਿਹਾ ਕਿ ਚੀਨ ਦਾ ਮੰਨਣਾ ਹੈ ਕਿ ਸੰਯੁਕਤ ਰਾਸ਼ਟਰ ਦੀ 1267 ਕਮੇਟੀ ਨੂੰ ਅਸਲ ਤੱਥਾਂ ਦੇ ਆਧਾਰ ’ਤੇ ਕੰਮ ਕਰਨਾ ਚਾਹੀਦਾ ਹੈ ਅਤੇ ਇਸ ਦੇ ਮੈਂਬਰਾਂ ਦੀ ਸਰਬਸੰਮਤੀ ਨਾਲ ਹੀ ਕੋਈ ਫ਼ੈਸਲਾ ਲੈਣਾ ਚਾਹੀਦਾ ਹੈ। ਸਾਰੀਆਂ ਧਿਰਾਂ ਕੁਝ ਖ਼ਾਸ ਲੋਕਾਂ ਨੂੰ ਨਾਮਜ਼ਦ ਕਰਨ ਬਾਰੇ ਵੰਡੀਆਂ ਹੋਈਆਂ ਹਨ।’ ਉਨ੍ਹਾਂ ਕਿਹਾ ਕਿ ਇਸੇ ਕਰ ਕੇ ਚੀਨ ਨੇ ਅਜ਼ਹਰ ਖ਼ਿਲਾਫ਼ ਪਾਬੰਦੀ ’ਤੇ ਰੋਕ ਲਾਈ ਹੈ।
ਚੀਨੀ ਤਰਜਮਾਨ ਨੇ ਕਿਹਾ ਕਿ ਪਰਮਾਣੂ ਸਪਲਾਇਰਜ਼ ਗਰੁੱਪ (ਐਨਐਸਜੀ) ’ਚ ਭਾਰਤ ਦੀ ਸ਼ਮੂਲੀਅਤ ਬਾਬਤ ਚੀਨ ਦੇ ਫ਼ੈਸਲੇ ’ਚ ਕੋਈ ਬਦਲਾਅ ਨਹੀਂ ਹੋਇਆ ਹੈ। ਜ਼ਿਕਰਯੋਗ ਹੈ ਕਿ ਇਸੇ ਮਹੀਨੇ ਚੀਨ ਦੇ ਉਪ ਵਿਦੇਸ਼ ਮੰਤਰੀ ਲੀ ਪਾਓਤੁੰਗ ਨੇ 48 ਮੈਂਬਰੀ ਐਨਐਸਜੀ ’ਚ ਨਵੇਂ ਮੈਂਬਰਾਂ ਦੇ ਦਾਖ਼ਲੇ ਬਾਰੇ ਸਹਿਮਤੀ ਬਣਾਉਣ ’ਤੇ ਜ਼ੋਰ ਦਿੱਤਾ ਸੀ। ਗੇਂਗ ਨੇ ਆਸ ਜਤਾਈ ਕਿ ਦੋਵੇਂ ਮੁਲਕ ਵਾਰਤਾ ਅਤੇ ਆਪਸੀ ਸਹਿਯੋਗ ਨਾਲ ਕੁਝ ਵਿਵਾਦਾਂ ਦਾ ਹੱਲ ਕੱਢ ਸਕਦੇ ਹਨ। ਇਸੇ ਦੌਰਾਨ ਚੀਨੀ ਵਿਦਵਾਨ ਹੂ ਸ਼ੀਸ਼ੇਂਗ ਨੇ ਕਿਹਾ ਕਿ ਜੇਕਰ ਭਾਰਤ ਵੱਲੋਂ ਪਾਕਿਸਤਾਨ ਨੂੰ ਅਲੱਗ-ਥਲੱਗ ਕੀਤਾ ਜਾਂਦਾ ਹੈ ਤਾਂ ਚੀਨ ਨੂੰ ਮਕਬੂਜ਼ਾ ਕਸ਼ਮੀਰ ’ਚ 46 ਅਰਬ ਡਾਲਰ ਦੀ ਲਾਗਤ ਵਾਲੇ ਚੀਨ-ਪਾਕਿਸਤਾਨ ਆਰਥਿਕ ਲਾਂਘੇ ਦੀ ਉਸਾਰੀ ’ਚ ਤੇਜ਼ੀ ਲਿਆ ਸਕਦਾ ਹੈ। ਉਸ ਨੇ ਕਿਹਾ ਕਿ ਚੀਨ ਨੂੰ ਪਾਕਿਸਤਾਨ ਨਾਲ ਮੌਜੂਦਾ ਹਾਲਾਤ ਬਾਰੇ ਵਿਚਾਰ ਵਟਾਂਦਰਾ ਕਰ ਕੇ ਉਸ ਨੂੰ ਮੁਸ਼ਕਲ ’ਚੋਂ ਕੱਢਣ ਦੀ ਵਿਉਂਤ ਬਣਾਉਣੀ ਚਾਹੀਦੀ ਹੈ। ਉਧਰ ਗੋਆ ਦੇ ਬੈਨੌਲਿਮ ਪਿੰਡ ਦੇ ਨਾਲ ਨਾਲ ਉਥੋਂ ਦੇ ਬੀਚਾਂ ’ਤੇ ਕਰੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਡੈਂਬੋਲਿਮ ਹਵਾਈ ਅੱਡੇ ਨੇੜਲੀਆਂ ਸੜਕਾਂ ਉਪਰ ਆਵਾਜਾਈ ’ਤੇ ਪਾਬੰਦੀ ਲਾਈ ਗਈ ਹੈ। ਸਾਹਿਲੀ ਰੱਖਿਅਕਾਂ ਵੱਲੋਂ ਅਰਬ ਸਾਗਰ ’ਚ ਚੁਫੇਰੇ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਦਰਿਆਵਾਂ ਨੇੜੇ ਵੀ ਪੁਲੀਸ ਤਾਇਨਾਤ ਕੀਤੀ ਗਈ ਹੈ।
ਬ੍ਰਿਕਸ ਸੰਮੇਲਨ ਤੋਂ ਪਹਿਲਾਂ ਹੀ ਆਲਮੀ ਮੀਡੀਆ ਨਾਲ ਸਬੰਧਿਤ ਪੱਤਰਕਾਰ ਵੀ ਗੋਆ ਪੁੱਜਣੇ ਸ਼ੁਰੂ ਹੋ ਗਏ ਹਨ। ਵਿਦੇਸ਼ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਬੀਬੀਸੀ, ਰਾਇਟਰਜ਼, ਏਐਫਪੀ ਅਤੇ ਚੀਨੀ ਏਜੰਸੀ ਸਿਨਹੂਆ ਸਮੇਤ ਸਾਰੀਆਂ ਪ੍ਰਮੁੱਖ ਮੀਡੀਆ ਜਥੇਬੰਦੀਆਂ ਦੇ ਨੁਮਾਇੰਦੇ ਸੰਮੇਲਨ ’ਚ ਹਾਜ਼ਰੀ ਭਰਨਗੇ। ਉਸ ਨੇ ਦੱਸਿਆ ਕਿ 280 ਪੱਤਰਕਾਰ ਗੋਆ ਪੁੱਜ ਚੁੱਕੇ ਹਨ। ਇਹ ਪਹਿਲੀ ਵਾਰ ਹੈ ਕਿ ਵਿਦੇਸ਼ ਮੰਤਰਾਲੇ ਦੀ ਮੇਜ਼ਬਾਨੀ ਵਾਲੇ ਵੱਡੇ ਸੰਮੇਲਨ ’ਚ ਵਿਦੇਸ਼ੀ ਮੀਡੀਆ ਹਾਜ਼ਰ ਰਹੇਗਾ।
-ਪੀਟੀਆਈ

LEAVE A REPLY