ਐਨਐਸਜੀ ’ਚ ਦਾਖ਼ਲੇ ਬਾਰੇ ਭਾਰਤ ਨਾਲ ਗੱਲਬਾਤ ਕਰਨ ਲਈ ਤਿਆਰ

0
922

ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਭਾਰਤ ਦੌਰੇ ਤੋਂ ਪਹਿਲਾਂ ਚੀਨ ਨੇ ਅੱਜ ਕਿਹਾ ਹੈ ਕਿ ਉਹ ਪਰਮਾਣੂ ਸਪਲਾਇਰਜ਼ ਗਰੁੱਪ (ਐਨਐਸਜੀ) ’ਚ ਦਾਖ਼ਲੇ ਬਾਰੇ ਭਾਰਤ ਨਾਲ ਗੱਲਬਾਤ ਕਰਨ ਲਈ ਤਿਆਰ ਹੈ ਪਰ ਭਾਰਤ ਵੱਲੋਂ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ’ਤੇ ਸੰਯੁਕਤ ਰਾਸ਼ਟਰ ’ਚ ਪਾਬੰਦੀ ਲਵਾਉਣ ਦੀਆਂ ਕੋਸ਼ਿਸ਼ਾਂ ’ਚ ਅੜਿੱਕਾ ਡਾਹੁਣ ਨੂੰ ਉਸ ਨੇ ਜਾਇਜ਼ ਕਰਾਰ ਦਿੱਤਾ ਹੈ। ਚੀਨ ਦਾ ਕਹਿਣਾ ਹੈ ਕਿ ਅਤਿਵਾਦ ਨਾਲ ਨਜਿੱਠਣ ਦੇ ਨਾਮ ’ਤੇ ਕਿਸੇ ਵੱਲੋਂ ਸਿਆਸੀ ਲਾਹਾ ਲਏ ਜਾਣ ਦਾ ਉਹ ਵਿਰੋਧ ਕਰਦਾ ਰਹੇਗਾ।
ਸ਼ੀ ਦੇ ਇਸ ਹਫ਼ਤੇ ਭਾਰਤ ’ਚ ਬ੍ਰਿਕਸ ਸੰਮੇਲਨ ’ਚ ਸ਼ਮੂਲੀਅਤ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੀਨ ਦੇ ਉਪ ਵਿਦੇਸ਼ ਮੰਤਰੀ ਲੀ ਪਾਓਤੌਂਗ ਨੇ 48 ਮੈਂਬਰੀ ਐਨਐਸਜੀ ’ਚ ਨਵੇਂ ਮੈਂਬਰਾਂ ਦੇ ਦਾਖ਼ਲੇ ’ਤੇ ਸਰਬਸੰਮਤੀ ਬਣਾਉਣ ਦੀ ਲੋੜ ’ਤੇ ਦੁਬਾਰਾ ਜ਼ੋਰ ਦਿੱਤਾ। ਸ਼ੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਰਮਿਆਨ ਬ੍ਰਿਕਸ ਸੰਮੇਲਨ ਤੋਂ ਅੱਡ ਹੋਣ ਵਾਲੀ ਮੁਲਾਕਾਤ ਦੌਰਾਨ ਐਨਐਸਜੀ ਦੇ ਮੁੱਦੇ ’ਤੇ ਅੱਗੇ ਵਧਣ ਦੀ ਸੰਭਾਵਨਾ ਬਾਰੇ ਪੁੱਛੇ ਜਾਣ ’ਤੇ ਲੀ ਨੇ ਕਿਹਾ ਕਿ ਐਨਐਸਜੀ ਨਿਯਮਾਂ ’ਚ ਆਖਿਆ ਗਿਆ ਹੈ ਕਿ ਨਵੇਂ ਮੈਂਬਰਾਂ ਦੇ ਦਾਖ਼ਲੇ ਲਈ ਪੁਰਾਣਿਆਂ ’ਚ ਸਹਿਮਤੀ ਹੋਣੀ ਚਾਹੀਦੀ ਹੈ। ਇਕ ਸਵਾਲ ਦੇ ਜਵਾਬ ’ਚ ਲੀ ਨੇ ਕਿਹਾ,‘‘ਨਿਯਮਾਂ ਬਾਰੇ ਇਕੱਲਿਆਂ ਚੀਨ ਨੇ ਕੋਈ ਫ਼ੈਸਲਾ ਨਹੀਂ ਲੈਣਾ ਹੈ। ਇਸ ਮੁੱਦੇ ’ਤੇ ਚੀਨ ਅਤੇ ਭਾਰਤ ਵਿਚਕਾਰ ਖੁੱਲ੍ਹੀ ਗੱਲਬਾਤ ਹੋਈ ਹੈ ਅਤੇ ਅਸੀਂ ਭਾਰਤ ਨਾਲ ਸਰਬਸੰਮਤੀ ਬਣਾਉਣ ਲਈ ਲਗਾਤਾਰ ਵਿਚਾਰ ਵਟਾਂਦਰਾ ਜਾਰੀ ਰੱਖਣ ਲਈ ਤਿਆਰ ਹਾਂ। ਸਾਨੂੰ ਉਮੀਦ ਹੈ ਕਿ ਭਾਰਤ ਹੋਰ ਮੁਲਕਾਂ ਕੋਲ ਵੀ ਸਹਾਇਤਾ ਲਈ ਜਾ ਸਕਦਾ ਹੈ।’’ ਉਨ੍ਹਾਂ ਕਿਹਾ ਕਿ ਐਨਐਸਜੀ ਦੇ ਮੁੱਦੇ ’ਤੇ ਚੀਨ ਨੇ ਅਕਸਰ ਆਖਿਆ ਹੈ ਕਿ ਕੌਮਾਂਤਰੀ ਕਾਨੂੰਨਾਂ ਦਾ ਪਾਲਣ ਕੀਤਾ ਜਾਣਾ ਚਾਹੀਦਾ ਹੈ ਅਤੇ ਭਾਰਤ ਦੇ ਮਾਮਲੇ ’ਚ ਵੀ ਅਜਿਹਾ ਰੁਖ਼ ਅਪਣਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ ਭਾਰਤ ’ਚ ਬ੍ਰਿਕਸ ਸੰਮੇਲਨ 15 ਅਤੇ 16 ਅਕਤੂਬਰ ਨੂੰ ਹੋਏਗਾ ਅਤੇ ਇਸ ’ਚ ਬਰਾਜ਼ੀਲ, ਰੂਸ, ਇੰਡੀਆ, ਚੀਨ ਅਤੇ ਦੱਖਣੀ ਅਫ਼ਰੀਕਾ ਦੇ ਮੁਖੀ ਸ਼ਿਰਕਤ ਕਰਨਗੇ।
ਭਾਰਤ ਨੇ ਚੀਨ ਦਾ ਨਾਮ ਲਏ ਬਿਨਾਂ ਦੋਸ਼ ਲਾਇਆ ਸੀ ਕਿ ਇਕ ਮੁਲਕ ਨੇ ਐਨਐਸਜੀ ’ਚ ਉਸ ਦੀ ਮੈਂਬਰਸ਼ਿਪ ਨੂੰ ਰੋਕਣ ਲਈ ਅੜਿੱਕੇ ਡਾਹੇ ਹਨ। ਉਸ ਤੋਂ ਬਾਅਦ ਦੋਵੇਂ ਮੁਲਕਾਂ ਨੇ ਮੱਤਭੇਦਾਂ ਨੂੰ ਦੂਰ ਕਰਨ ਲਈ ਬੈਠਕ ਕੀਤੀ ਸੀ। ਭਾਰਤ ਨਾਲ ਵਾਰਤਾ ਤੋਂ ਬਾਅਦ ਚੀਨ ਨੇ ਅਜਿਹੀ ਗੱਲਬਾਤ ਪਾਕਿਸਤਾਨ ਨਾਲ ਵੀ ਕੀਤੀ ਸੀ, ਜਿਸ ਨੇ ਅਸਰ ਰਸੂਖ਼ ਵਾਲੇ ਇਸ ਗਰੁੱਪ ਦਾ ਮੈਂਬਰ ਬਣਨ ਦੀ ਅਰਜ਼ੀ ਦਿੱਤੀ ਹੋਈ ਹੈ।
ਚੀਨ ਵੱਲੋਂ ਸੰਯੁਕਤ ਰਾਸ਼ਟਰ ’ਚ ਮਸੂਦ ਅਜ਼ਹਰ ਖ਼ਿਲਾਫ਼ ਪਾਬੰਦੀ ਲਾਉਣ ਦੀ ਭਾਰਤ ਦੀ ਕੋਸ਼ਿਸ਼ ਨੂੰ ਨਾਕਾਮ ਕਰਨ ਬਾਰੇ ਲੀ ਨੇ ਇਸ ਮਾਮਲੇ ਨੂੰ ਤਕਨੀਕੀ ਆਧਾਰ ’ਤੇ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਭਾਰਤ ਦਾ ਨਾਮ ਲਏ ਬਿਨਾਂ ਕਿਹਾ,‘‘ਚੀਨ ਹਰ ਤਰ੍ਹਾਂ ਦੇ ਅਤਿਵਾਦ ਦਾ ਵਿਰੋਧ ਕਰਦਾ ਹੈ। ਅਤਿਵਾਦ ਨਾਲ ਨਜਿੱਠਣ ’ਚ ਦੋਹਰੇ ਮਾਪਦੰਡ ਨਹੀਂ ਹੋਣੇ ਚਾਹੀਦੇ ਅਤੇ ਨਾ ਹੀ ਕਿਸੇ ਨੂੰ ਅਤਿਵਾਦ ਦੇ ਟਾਕਰੇ ਦੇ ਨਾਮ ’ਤੇ ਸਿਆਸੀ ਲਾਹੇ ਲੈਣੇ ਚਾਹੀਦੇ ਹਨ।’’ ਪਠਾਨਕੋਟ ਦਹਿਸ਼ਤੀ ਹਮਲੇ ’ਚ ਮਸੂਦ ਅਜ਼ਹਰ ਦੀ ਭੂਮਿਕਾ ਤੋਂ ਬਾਅਦ ਭਾਰਤ ਵੱਲੋਂ ਸੰਯੁਕਤ ਰਾਸ਼ਟਰ ’ਚ ਦਬਾਅ ਬਣਾਇਆ ਜਾ ਰਿਹਾ ਹੈ ਕਿ ਉਸ ’ਤੇ ਆਲਮੀ ਪੱਧਰ ਉਪਰ ਪਾਬੰਦੀ ਲਾਈ ਜਾਵੇ।

LEAVE A REPLY